Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ‘ਚ ਸਸਤੀ ਹੋਈ ਬਿਜਲੀ

ਪੰਜਾਬ ‘ਚ ਸਸਤੀ ਹੋਈ ਬਿਜਲੀ

ਚੰਨੀ ਨੇ ਸਰਕਾਰੀ ਮੁਲਾਜ਼ਮਾਂ ਦੇ ਡੀਏ ਵਿਚ ਵੀ 11 ਫੀਸਦੀ ਦਾ ਕੀਤਾ ਵਾਧਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਸੋਮਵਾਰ ਨੂੰ ਚੰਡੀਗੜ੍ਹ ‘ਚ ਕੈਬਨਿਟ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਪੰਜਾਬ ਵਾਸੀਆਂ ਦੀ ਸਹੂਲਤ ਲਈ ਐਲਾਨ ਵੀ ਕੀਤੇ। ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਹਰ ਵਰਗ ਲਈ ਬਿਜਲੀ ਬਿੱਲਾਂ ‘ਚ ਰਾਹਤ ਦੇਣ ਦਾ ਐਲਾਨ ਕੀਤਾ ਹੈ। ਚੰਨੀ ਨੇ ਸਰਕਾਰੀ ਮੁਲਾਜ਼ਮਾਂ ਦੇ ਡੀਏ ਵਿਚ 11 ਫੀਸਦੀ ਵਾਧਾ ਕਰਨ ਦਾ ਐਲਾਨ ਵੀ ਕੀਤਾ। ਇਸ ਤਹਿਤ ਸਰਕਾਰ ਹਰ ਮਹੀਨੇ ਸਰਕਾਰੀ ਮੁਲਾਜ਼ਮਾਂ ਨੂੰ 440 ਕਰੋੜ ਰੁਪਏ ਡੀ.ਏ. ਵਜੋਂ ਭੁਗਤਾਨ ਕਰੇਗੀ। ਪੰਜਾਬ ਮੰਤਰੀ ਮੰਡਲ ਨੇ ‘ਪੰਜਾਬ ਦਿਵਸ’ ਮੌਕੇ ਸੂਬਾ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਘਰੇਲੂ ਬਿਜਲੀ ਤਿੰਨ ਰੁਪਏ ਪ੍ਰਤੀ ਯੂਨਿਟ ਸਸਤੀ ਕਰਨ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 18 ਨੁਕਾਤੀ ਏਜੰਡੇ ਦੀ ਪੂਰਤੀ ਹਿੱਤ ਕੈਬਨਿਟ ਦੇ ਇਨ੍ਹਾਂ ਫ਼ੈਸਲਿਆਂ ਤੋਂ ਜਾਣੂ ਕਰਾਉਂਦਿਆਂ ਇਸ ਨੂੰ ਪੰਜਾਬੀਆਂ ਲਈ ਵੱਡਾ ਤੋਹਫ਼ਾ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਘਰੇਲੂ ਖਪਤਕਾਰਾਂ ਨੂੰ ਰਾਹਤ ਮਿਲੇਗੀ।
ਇਹ ਫ਼ੈਸਲਾ ਇਕ ਨਵੰਬਰ ਤੋਂ ਹੀ ਲਾਗੂ ਹੋ ਗਿਆ ਹੈ। ਉਂਜ ਸਰਕਾਰੀ ਖ਼ਜ਼ਾਨੇ ‘ਤੇ 3316 ਕਰੋੜ ਰੁਪਏ ਦਾ ਸਾਲਾਨਾ ਬੋਝ ਵੀ ਪਵੇਗਾ ਜਦਕਿ ਪੰਜਾਬ ਪਹਿਲਾਂ ਹੀ ਪੌਣੇ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ ਹੇਠ ਹੈ। ਚੇਤੇ ਰਹੇ ਕਿ ਕਾਂਗਰਸ ਸਰਕਾਰ ਨੇ ਕਰੀਬ ਸਾਢੇ ਚਾਰ ਵਰ੍ਹਿਆਂ ਮਗਰੋਂ ਸਸਤੀ ਬਿਜਲੀ ਦੇਣ ਦੇ ਵਾਅਦੇ ਨੂੰ ਪੁਗਾਇਆ ਹੈ। ਮੰਤਰੀ ਮੰਡਲ ਨੇ 7 ਕਿੱਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਹੈ। ਪੰਜਾਬ ਵਿਚ ਇਸ ਵੇਲੇ ਕੁੱਲ 71.75 ਲੱਖ ਘਰੇਲੂ ਖਪਤਕਾਰਾਂ ‘ਚੋਂ 69 ਲੱਖ ਨੂੰ ਇਸ ਦਾ ਲਾਭ ਮਿਲੇਗਾ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇੱਕ ਕਿੱਲੋਵਾਟ ਤੱਕ ਦੇ ਲੋਡ ਵਾਲੇ 21 ਲੱਖ ਖਪਤਕਾਰਾਂ (ਐੱਸਸੀ/ਬੀਸੀ) ਨੂੰ 200 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਇਹ ਸਹੂਲਤ ਜਾਰੀ ਰਹੇਗੀ। ਕੈਬਨਿਟ ਫ਼ੈਸਲੇ ਅਨੁਸਾਰ ਹੁਣ ਦੋ ਕਿੱਲੋਵਾਟ ਤੱਕ ਵਾਲੇ ਖਪਤਕਾਰਾਂ ਨੂੰ ਜ਼ੀਰੋ ਤੋਂ 100 ਯੂਨਿਟ ਤੱਕ 1.19 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ। ਪਹਿਲਾਂ ਇਹ 4.19 ਰੁਪਏ ਪ੍ਰਤੀ ਯੂਨਿਟ ਸੀ। ਇਸੇ ਤਰ੍ਹਾਂ 101 ਤੋਂ 300 ਯੂਨਿਟ ਤੱਕ ਬਿਜਲੀ ਦਰਾਂ 7.01 ਰੁਪਏ ਤੋਂ ਘਟਾ ਕੇ 4.01 ਰੁਪਏ ਪ੍ਰਤੀ ਯੂਨਿਟ ਕਰ ਦਿੱਤੀਆਂ ਗਈਆਂ ਹਨ। 300 ਯੂਨਿਟਾਂ ਤੋਂ ਵੱਧ ‘ਤੇ ਰੇਟ 5.76 ਰੁਪਏ ਪ੍ਰਤੀ ਯੂਨਿਟ ਰਹੇਗਾ ਜੋ ਪਹਿਲਾਂ 8.76 ਰੁਪਏ ਪ੍ਰਤੀ ਯੂਨਿਟ ਸੀ।
ਮੁੱਖ ਮੰਤਰੀ ਨੇ ਦੱਸਿਆ ਕਿ ਦਰਮਿਆਨੇ ਪੱਧਰ ਦੇ ਉਦਯੋਗਾਂ ਨੂੰ ਬਿਜਲੀ ਦੀਆਂ ਨਿਰਧਾਰਿਤ ਦਰਾਂ ਵਿਚ ਪਹਿਲਾਂ ਹੀ 50 ਫ਼ੀਸਦੀ ਕਟੌਤੀ ਕਰ ਦਿੱਤੀ ਗਈ ਹੈ ਜਿਸ ਦਾ 35 ਹਜ਼ਾਰ ਸਨਅਤੀ ਯੂਨਿਟਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਸਤੀ ਬਿਜਲੀ ਦੇਣ ਤੋਂ ਪਹਿਲਾਂ ਸਰਕਾਰ ਨੇ ਇੱਕ ਸਰਵੇ ਕਰਾ ਕੇ ਫੀਡ ਬੈਕ ਲਈ ਸੀ ਜਿਸ ਵਿਚ ਲੋਕਾਂ ਨੇ ਮੁਫ਼ਤ ਬਿਜਲੀ ਯੂਨਿਟਾਂ ਦੀ ਥਾਂ ਸਸਤੀ ਬਿਜਲੀ ਦੇਣ ਦੀ ਮੰਗ ਕੀਤੀ ਸੀ। ਚੰਨੀ ਨੇ ਦਲੀਲ ਦਿੱਤੀ ਕਿ ਪੰਜਾਬ ਸਰਕਾਰ ਹੁਣ ਸਸਤੀਆਂ ਦਰਾਂ ‘ਤੇ ਬਿਜਲੀ ਖ਼ਰੀਦੇਗੀ।
ਪੰਜਾਬ ਨੂੰ ਯੋਗ ਸੁਆਮੀ ਦੀ ਜ਼ਰੂਰਤ: ਸਿੱਧੂ : ਚੰਡੀਗੜ੍ਹ : ਨਵਜੋਤ ਸਿੱਧੂ ਦੀ ਨਰਾਜ਼ਗੀ ਅਜੇ ਉਸੇ ਤਰ੍ਹਾਂ ਹੀ ਹੈ, ਉਨ੍ਹਾਂ ਕਿਹਾ ਕਿ ਪੰਜਾਬ ਨੂੰ ਯੋਗ ਸੁਆਮੀ ਦੀ ਜ਼ਰੂਰਤ ਹੈ। ਚੰਡੀਗੜ੍ਹ ਵਿਚ ਹਿੰਦੂ ਭਾਈਚਾਰੇ ਦੇ ਸਮਾਗਮ ‘ਚ ਪਹੁੰਚੇ ਸਿੱਧੂ ਨੇ ਜਿੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਭੜਾਸ ਕੱਢੀ, ਉੱਥੇ ਮੌਜੂਦਾ ਮੁੱਖ ਮੰਤਰੀ ਨੂੰ ਵੀ ਨਿਸ਼ਾਨੇ ‘ਤੇ ਲਿਆ। ਧਿਆਨ ਰਹੇ ਕਿ ਸਿੱਧੂ ਨੇ ਬਿਨਾਂ ਕਿਸੇ ਦਾ ਨਾਮ ਲਏ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਸੂਬੇ ਦੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਅਗਲੀਆਂ ਚੋਣਾਂ ਵਿਚ ਚੋਣ ਕਰਨੀ ਹੋਵੇਗੀ। ਸਿੱਧੂ ਨੇ ਕਿਹਾ ਕਿ ਜੋ ਲੋਕ ਖ਼ਜ਼ਾਨੇ ਭਰੇ ਹੋਣ ਦੀ ਗੱਲ ਆਖ ਰਹੇ ਹਨ, ਉਹ ਫਿਰ ਪੈਨਸ਼ਨਾਂ ਦੇ ਬਕਾਏ ਕਿਉਂ ਨਹੀਂ ਦੇ ਰਹੇ, ਮੁਲਾਜ਼ਮਾਂ ਨੂੰ ਪੱਕਾ ਕਿਉਂ ਨਹੀਂ ਕੀਤਾ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੂੰ ਹੁਣ ਯੋਗ ਸੁਆਮੀ ਦੀ ਜ਼ਰੂਰਤ ਹੈ ਅਤੇ ਸੂਬਾ ਹੁਣ ਆਪਣਾ ਵਾਰਿਸ ਖ਼ੁਦ ਚੁਣੇਗਾ। ਚੋਣਾਂ ਮੌਕੇ ਹੁੰਦੇ ਐਲਾਨਾਂ ਦੀ ਗੱਲ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਫਿਰ ਦਲਦਲ ਵਿਚੋਂ ਕੌਣ ਕੱਢੇਗਾ ਅਤੇ ਇਸ ਬਾਰੇ ਐਲਾਨ ਕਰਨ ਵਾਲੇ ਲੋਕਾਂ ਕੋਲ ਰੋਡਮੈਪ ਕੀ ਹੈ? ਉਨ੍ਹਾਂ ਆਗੂਆਂ ਵੱਲੋਂ ਲਈਆਂ ਜਾ ਰਹੀਆਂ ਪੈਨਸ਼ਨਾਂ ਉੱਤੇ ਵੀ ਸਵਾਲ ਉਠਾਏ।
ਸਰਕਾਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 11 ਫੀਸਦੀ ਵਧਾਇਆ : ਪੰਜਾਬ ਕੈਬਨਿਟ ਨੇ ਮੁਲਾਜ਼ਮਾਂ ਨੂੰ ਵੀ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਮਹਿੰਗਾਈ ਭੱਤੇ ਵਿਚ 11 ਫ਼ੀਸਦੀ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਮਹਿੰਗਾਈ ਭੱਤਾ 17 ਤੋਂ ਵਧ ਕੇ 28 ਫ਼ੀਸਦੀ ਹੋ ਗਿਆ ਹੈ ਅਤੇ ਇਹ 1 ਜੁਲਾਈ, 2021 ਤੋਂ ਲਾਗੂ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਵਧੇ ਹੋਏ ਮਹਿੰਗਾਈ ਭੱਤੇ ਨਾਲ ਸੂਬਾ ਸਰਕਾਰ ‘ਤੇ 440 ਕਰੋੜ ਰੁਪਏ ਮਾਸਿਕ ਵਾਧੂ ਬੋਝ ਪਵੇਗਾ।

 

 

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …