ਵਿਦੇਸ਼ ਮੰਤਰੀ ਅਨੀਤਾ ਅਨੰਦ ਨੇ ਇਜ਼ਰਾਈਲੀ ਅਧਿਕਾਰੀਆਂ ਦੀ ਇਸ ਕਾਰਵਾਈ ਨਾਲ ਅਸਹਿਮਤੀ ਪ੍ਰਗਟਾਈ
ਟੋਰਾਂਟੋ : ਕੈਨੇਡੀਅਨ ਵਫਦ ਨੂੰ ਇਜ਼ਰਾਈਲ ਦੇ ਅਧਿਕਾਰੀਆਂ ਨੇ ਗਾਜਾ ਪੱਟੀ ‘ਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ। ਦੱਸਣਯੋਗ ਹੈ ਕਿ ਗਾਜਾ ਪੱਟੀ ਦੇ ਹਾਲਾਤ ਜਾਣਨ ਲਈ 6 ਕੈਨੇਡੀਅਨ ਐੱਮ ਪੀਜ਼ ਦਾ ਇਕ ਵਫਦ ਗਿਆ ਸੀ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਨੇ ਜਨਤਕ ਤੌਰ ‘ਤੇ ਇਜ਼ਰਾਈਲੀ ਅਧਿਕਾਰੀਆਂ ਦੀ ਇਸ ਕਾਰਵਾਈ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ। ਐੱਨਡੀਪੀ ਅਤੇ ਲਿਬਰਲ ਸੰਸਦ ਮੈਂਬਰ, ਜੋ ਕਿ ਤੱਥ-ਖੋਜ ਦੌਰੇ ‘ਤੇ ਕਰੀਬ 30 ਕੈਨੇਡੀਅਨਾਂ ਦੇ ਵਫ਼ਦ ਦਾ ਹਿੱਸਾ ਸਨ, ਨੂੰ ਜਾਰਡਨ ਨਾਲ ਇਜ਼ਰਾਈਲੀ ਸਰਹੱਦੀ ਕਰਾਸਿੰਗ ‘ਤੇ ਵੈਸਟ ਬੈਂਕ ‘ਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ। ਇਸ ਯਾਤਰਾ ‘ਚ ਵਫਦ ਦੇ 6 ਐੱਮ ਪੀਜ਼ ‘ਚ ਲਿਬਰਲ ਐੱਮਪੀ ਫਾਰੇਸ ਅਲ ਸੂਦ, ਇਕਰਾ ਖਾਲਿਦ, ਅਸਲਮ ਰਾਣਾ, ਗੁਰਬਖ਼ਸ਼ ਸੈਣੀ, ਸਮੀਰ ਜ਼ੁਬੇਰੀ ਅਤੇ ਐੱਨਡੀਪੀ ਐੱਮਪੀ ਜੈਨੀ ਕਵਾਨ ਸ਼ਾਮਲ ਹਨ।
ਕੈਨੇਡਾ ਵਲੋਂ ਇਜ਼ਰਾਈਲੀ ਅਧਿਕਾਰੀਆਂ ਨੂੰ ਦੌਰੇ ਦੀ ਪਹਿਲਾਂ ਤੋਂ ਸੂਚਨਾ ਦਿੱਤੀ ਗਈ ਸੀ ਅਤੇ ਸੰਸਦ ਮੈਂਬਰਾਂ ਦੇ ਇਲੈੱਕਟ੍ਰਾਨਿਕ ਯਾਤਰਾ ਅਧਿਕਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਓਟਵਾ ਵਿੱਚ ਇਜ਼ਰਾਈਲ ਦੇ ਦੂਤਾਵਾਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਫਦ ਨੂੰ ਦਾਖਲ ਹੋਣ ਤੋਂ ਇਸ ਲਈ ਰੋਕ ਦਿੱਤਾ ਗਿਆ ਕਿਉਂਕਿ ਜਿਸ ਸਮੂਹ ਨੇ ਇਸ ਦੌਰੇ ਦਾ ਆਯੋਜਨ ਕੀਤਾ ਸੀ, ਉਸ ਨੂੰ ਇਕ ਗੈਰ-ਮੁਨਾਫਾ ਕੈਨੇਡੀਅਨ ਮੁਸਲਿਮ ਸੰਸਥਾ ਵੱਲੋਂ ‘ਫੰਡਿੰਗ ਦਾ ਵੱਡਾ ਹਿੱਸਾ’ ਪ੍ਰਾਪਤ ਹੋਇਆ ਸੀ। ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਦੇ ਬੁਲਾਰੇ ਮੁਤਾਬਕ, ਹਰ ਮੈਂਬਰ ਨੂੰ ਇੱਕ ਫਾਰਮ ‘ਤੇ ਦਸਤਖ਼ਤ ਕਰਨ ਲਈ ਕਿਹਾ ਗਿਆ ਸੀ, ਜਿਸ ਵਿੱਚ ਇਹ ਲਿਖਿਆ ਹੋਇਆ ਸੀ ਕਿ ਉਹ ਮੰਨਦੇ ਹਨ ਕਿ ਉਹ ਜਨਤਕ ਸੁਰੱਖਿਆ ਲਈ ਖ਼ਤਰਾ ਨਹੀਂ ਹਨ।
ਵਫਦ ਦੇ ਸਾਰੇ ਮੈਂਬਰਾਂ ਨੇ ਇਸ ਫਾਰਮ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤਿੰਨ ਰੋਜ਼ਾ ਇਸ ਯਾਤਰਾ ਦਾ ਮਕਸਦ ਬੇਘਰ ਕੀਤੇ ਗਏ ਫ਼ਲਸਤੀਨੀਆਂ ਨਾਲ ਮੁਲਾਕਾਤ ਕਰਨਾ ਸੀ। ਯਾਤਰਾ ਦੌਰਾਨ ਵਫਦ ਨੇ ਵੈਸਟ ਬੈਂਕ ਅਤੇ ਇਜ਼ਰਾਈਲ ਵੀ ਜਾਣਾ ਸੀ। ਇਜ਼ਰਾਈਲੀ ਸਰਕਾਰ ਨੇ 2014 ‘ਚ ਇਲਜ਼ਾਮ ਲਗਾਇਆ ਸੀ ਕਿ ਇਸਲਾਮਿਕ ਰਿਲੀਫ ਵਰਲਡ ਵਾਈਡ ਨੇ ਹਮਾਸ ਨੂੰ ਪੈਸੇ ਭੇਜੇ ਸਨ। ਉਧਰ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਇਜ਼ਰਾਈਲ ਵੱਲੋਂ ਐੱਮ ਪੀਜ਼ ਨੂੰ ਵੈਸਟ ਬੈਂਕ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦੀ ਨਿੰਦਾ ਕਰ ਰਹੀ ਹੈ। ਸੰਸਥਾ ਦਾ ਕਹਿਣਾ ਹੈ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਰੋਕਣਾ ਉਨ੍ਹਾਂ ਦੀ ਤੱਥ-ਖੋਜ ਮਿਸ਼ਨਾਂ ਨੂੰ ਪੂਰਾ ਕਰਨ ਦੀ ਯੋਗਤਾ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ।

