ਸਭ ਤੋਂ ਜ਼ਿਆਦਾ ਹਥਿਆਰਾਂ ਦੇ ਲਾਇਸੈਂਸ ਪਟਿਆਲਾ ਵਿਚ, ਬਠਿੰਡਾ ਦੂਜੇ ਨੰਬਰ ‘ਤੇ
ਮੋਹਾਲੀ : ਸ਼ਾਹੀ ਸ਼ਹਿਰ ਪਟਿਆਲਾ ਦੇ ਲੋਕ ਹੁਣ ਰਫਲਾਂ (ਬੰਦੂਕਾਂ) ਰੱਖਣ ਦੇ ਸ਼ੌਕੀਨ ਹੋ ਗਏ ਹਨ। ਇਸ ਤੋਂ ਪਹਿਲਾਂ ਬਾਦਲਾਂ ਦਾ ਇਲਾਕਾ ਬਠਿੰਡਾ ਇਸ ਵਿਚ ਅੱਗੇ ਸੀ, ਪਰ ਹੁਣ ਇਹ ਤਾਜ ਪਟਿਆਲਾ ਦੇ ਸਿਰ ਸਜਿਆ ਹੈ। ਵੀਆਈਪੀ ਸ਼ਹਿਰ ਮੋਹਾਲੀ ਅਤੇ ਹੋਰ ਜ਼ਿਲ੍ਹੇ ਇਸ ਮਾਮਲੇ ਵਿਚ ਕਾਫੀ ਪਿੱਛੇ ਹਨ। ਲੋਕ ਸਭਾ ਚੋਣਾਂ ਦੇ ਚੱਲਦਿਆਂ ਚੋਣ ਕਮਿਸ਼ਨ ਵੀ ਸਖਤ ਹੋ ਗਿਆ ਹੈ। ਪੁਲਿਸ ਨੇ ਹਥਿਆਰਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿਚ ਜਦ ਤੱਕ ਚੋਣਾਂ ਨਹੀਂ ਹੁੰਦੀਆਂ, ਤਦ ਤੱਕ ਇਹ ਹਥਿਆਰ ਥਾਣਿਆਂ ਵਿਚ ਜਮ੍ਹਾਂ ਹੋਣਗੇ।
ਪੰਜਾਬ ਸਰਕਾਰ ਦੇ ਰਿਕਾਰਡ ਮੁਤਾਬਕ ਇਸ ਸਮੇਂ ਸੂਬੇ ਵਿਚ ਕਰੀਬ 3.61 ਲੱਖ ਅਸਲਾ ਲਾਇਸੈਂਸ ਹਨ। ਬਠਿੰਡਾ ਜ਼ਿਲ੍ਹੇ ਵਿਚ ਕਿਸੇ ਸਮੇਂ ਇਸਦੇ ਸਭ ਤੋਂ ਜ਼ਿਆਦਾ ਲਾਇਸੈਂਸ ਹੁੰਦੇ ਸਨ। ਬਠਿੰਡਾ ਛਾਉਣੀ ਦੇ ਜਵਾਨਾਂ ਅਤੇ ਅਫਸਰਾਂ ਨੇ ਲਾਇਸੈਂਸ ਬਣਾਏ ਹੋਏ ਹਨ, ਪਰ ਹੁਣ ਉਹ ਸ਼ਿਫਟ ਹੋ ਚੁੱਕੇ ਹਨ। ਅਜਿਹੇ ਵਿਚ ਇਹ ਗਿਰਾਵਟ ਆਈ ਹੈ। ਪਟਿਆਲਾ ਜ਼ਿਲ੍ਹੇ ਵਿਚ 20867 ਅਤੇ ਬਠਿੰਡਾ ਵਿਚ 20325 ਅਸਲਾ ਲਾਇਸੈਂਸ ਹਨ। ਇਸ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹੇ ਦੀ ਵਾਰੀ ਆਉਂਦੀ ਹੈ। ਉਥੇ 20132 ਅਸਲਾ ਲਾਇਸੈਂਸ ਹਨ। ਸਰਹੱਦੀ ਜ਼ਿਲ੍ਹਾ ਤਰਨਤਾਰਨ ਹਥਿਆਰਾਂ ਦੇ ਲਾਇਸੈਂਸ ਦੇ ਮਾਮਲੇ ਵਿਚ ਚੌਥੇ ਨੰਬਰ ‘ਤੇ ਹੈ। ਉਥੇ 18743 ਵਿਅਕਤੀਆਂ ਨੇ ਆਪਣੇ ਅਸਲਾ ਲਾਇਸੈਂਸ ਬਣਾਏ ਹੋਏ ਹਨ। ਉਥੇ, ਮੁਕਤਸਰ ਵਿਚ 18518 ਅਤੇ ਮੋਗਾ ਵਿਚ 17990 ਅਸਲਾ ਲਾਇਸੈਂਸ ਹਨ। ਇਸ ਤੋਂ ਇਲਾਵਾ ਮਾਨਸਾ ਵਿਚ 9404, ਬਰਨਾਲਾ ਵਿਚ 8092, ਅੰਮ੍ਰਿਤਸਰ ਵਿਚ 11940, ਫਰੀਦਕੋਟ ਵਿਚ 12538, ਲੁਧਿਆਣਾ ਵਿਚ 8422, ਜਲੰਧਰ ਵਿਚ 5770, ਮੋਹਾਲੀ ਵਿਚ 5943 ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ 5705 ਅਸਲਾ ਲਾਇਸੈਂਸ ਹਨ।
ਮੋਹਾਲੀ ਸਾਖਰਤਾ ਦਰ ਵਿਚ ਸਿਖਰ ‘ਤੇ : ਵਰਲਡ ਕਲਾਸ ਸਿਟੀ ਮੋਹਾਲੀ ਵਿਚ ਪੰਜਾਬ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਵਿਅਕਤੀ ਰਹਿੰਦੇ ਹਨ। ਮੋਹਾਲੀ ਦੀ ਸਾਖਰਤਾ ਦਰ 91.86 ਫੀਸਦੀ ਹੈ। ਇਲਾਕੇ ਦੇ ਜ਼ਿਆਦਾਤਰ ਲੋਕ ਨੌਕਰੀ ਪੇਸ਼ਾ ਹਨ। ਇਸ ਤੋਂ ਇਲਾਵਾ ਆਈ.ਟੀ. ਸਿਟੀ, ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਅਤੇ ਹਾਕੀ ਸਟੇਡੀਅਮ ਦੇ ਚੱਲਦਿਆਂ ਮੋਹਾਲੀ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ। ਦਿੱਲੀ ਦੀ ਕੁਤਬ ਮੀਨਾਰ ਤੋਂ ਉੱਚੀ ਫਤਹਿ ਮੀਨਾਰ ਵੀ ਮੋਹਾਲੀ ਵਿਚ ਹੈ।
ਇਮੀਗ੍ਰੇਸ਼ਨ ਫਰਾਡ ਵੀ ਸਭ ਤੋਂ ਜ਼ਿਆਦਾ ਮੋਹਾਲੀ ਵਿਚ : ਕੁਝ ਸਾਲਾਂ ਤੋਂ ਮੁਹਾਲੀ ਇਮੀਗ੍ਰੇਸ਼ਨ ਫਰਾਡ ਦੇ ਮਾਮਲੇ ਵਿਚ ਜ਼ਿਲ੍ਹੇ ਵਿਚ ਸਿਖਰ ‘ਤੇ ਹੈ। ਪੂਰੇ ਪੰਜਾਬ ਵਿਚ ਸਭ ਤੋਂ ਜ਼ਿਆਦਾ ਕੇਸ ਇੱਥੇ ਹੀ ਦਰਜ ਹੋਏ ਹਨ। ਮੋਹਾਲੀ ਵਿਚ ਕਈ ਇਮੀਗ੍ਰੇਸ਼ਨ ਕੰਪਨੀਆਂ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਹਨ। ਕੁਝ ਕੰਪਨੀਆਂ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਫਰਾਰ ਹੋ ਚੁੱਕੀਆਂ ਹਨ। ਇਸ ਸਬੰਧੀ ਪ੍ਰਸ਼ਾਸਨ ਵੀ ਲੋਕਾਂ ਨੂੰ ਹਦਾਇਤ ਕਰ ਚੁੱਕਾ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …