Breaking News
Home / ਨਜ਼ਰੀਆ / ਹਾਰ ਜਾਣੀਆਂ ਕਬਰਾਂ

ਹਾਰ ਜਾਣੀਆਂ ਕਬਰਾਂ

ਡਾ. ਗੁਰਬਖ਼ਸ਼ ਸਿੰਘ ਭੰਡਾਲ
216-556-2080
ਹਾਰ ਜਾਣੀਆਂ ਕਬਰਾਂ, ਕਤਲਗਾਹਾਂ, ਸਿੱਵੇ, ਸ਼ਮਸ਼ਾਨਘਾਟ, ਸਮਾਧਾਂ ਅਤੇ ਮਕਬਰੇ। ਜਿੱਤ ਜਾਣੇ ਘਰ, ਕਮਰੇ, ਵਿਹੜੇ, ਚੌਂਕੇ, ਹਵੇਲੀਆਂ ਅਤੇ ਖੇਤ ਜਿਹਨਾਂ ਨੂੰ ਰੱਸਣ-ਵੱਸਣ ਤੇ ਜਿਊਣ ਦਾ ਵਰਦਾਨ ਮਿਲਣਾ।
ਹਾਰ ਜਾਣੇ ਹੰਝੂ, ਹਾਵੇ, ਹੌਕੇ ਅਤੇ ਸਿੱਸਕੀਆਂ ਜਿਹਨਾਂ ਨੇ ਮਾਸੂਮ ਅਤੇ ਹਾਰੇ ਹੋਏ ਲੋਕਾਂ ਦੇ ਮੁੱਖੜੇ ‘ਤੇ ਚਿਪਕਣਾ। ਜਿੱਤ ਜਾਣੇ ਹਾਸੇ, ਹਿੰਮਤ ਅਤੇ ਹੌਂਸਲੇ ਜਿਹਨਾਂ ਨੇ ਪੁਲਾਂਘਾਂ ਨੂੰ ਨਵੀਆਂ ਦਿਸ਼ਾਵਾਂ ਦੇਣੀਆਂ।
ਹਾਰ ਜਾਣੇ ਬੰਬ, ਬੰਦੂਕਾਂ, ਮਿਜ਼ਾਇਲਾਂ ਅਤੇ ਪ੍ਰਮਾਣੂ ਹਥਿਆਰ ਜਿਹਨਾਂ ਨੇ ਸੱਥਰ ਵਿਛਾਉਣੇ ਅਤੇ ਘਰਾਂ ਦੇ ਵਿਰਾਗ ਬੁਝਾਉਣੇ। ਜਿੱਤ ਜਾਣੀਆਂ ਮਿੱਤਰ-ਮਿਲਣੀਆਂ ਜਿਹਨਾਂ ਨੇ ਜ਼ਿੰਦਗੀ-ਜਸ਼ਨ ਲਈ ਸੰਦਲੀ ਸਮਿਆਂ ਦੀ ਇਬਾਰਤ ਬਣਨਾ।
ਹਾਰ ਜਾਣਾ ਸ਼ੈਤਾਨ, ਸ਼ਾਤਰ ਅਤੇ ਹੈਵਾਨੀਅਤ। ਜਿੱਤ ਜਾਣਾ ਇਮਾਨ, ਇਨਸਾਨ ਤੇ ਇਨਸਾਨੀਅਤ ਜਿਸਨੇ ਸਦਾ ਜਿਊਂਦੀ ਰਹਿਣਾ ਅਤੇ ਜਿਸ ਸਦਕਾ ਮਨੁੱਖ ਨੂੰ ਮਨੁੱਖ ਹੋਣ ਦਾ ਸ਼ਰਫ਼ ਹਾਸਲ।
ਹਾਰ ਜਾਣੇ ਮੌਤ ਦੇ ਵਪਾਰੀ ਤੇ ਅਸਲੇ ਬਣਾਉਣ ਵਾਲੇ ਕਾਰਪੋਰੇਟ ਅਦਾਰੇ ਜਿਹਨਾਂ ਨੇ ਗਰੀਬ ਦੀ ਬੁੱਰਕੀ ‘ਚ ਬਾਰੂਦ ਭਰਨਾ ਅਤੇ ਆਦਮੀ ਦੇ ਤੂੰਬੇ ਉਡਾਕੇ ਆਪਣੇ ਖਜ਼ਾਨੇ ਨੂੰ ਭਰਨਾ। ਜਿੱਤ ਜਾਣੇ ਸੁੱਖਨ ਦੀਆਂ ਬਾਤਾਂ ਪਾਉਣ ਵਾਲੇ ਦਾਨਸ਼ਵਰ ਅਤੇ ਸ਼ਾਂਤੀ, ਆਪਸੀ ਪਿਆਰ ਤੇ ਸਦਭਾਵਨਾ ਦਾ ਜਾਗ ਲਾਉਣ ਵਾਲੇ ਧਰਮੀ ਲੋਕ ਜਿਹਨਾਂ ਦੀ ਇਬਾਦਤ ਵਿਚੋਂ ਅਨਾਇਤ ਤੇ ਸਦਾਕਤ ਦੀ ਮਹਿਕ ਆਉਂਣੀ।
ਹਾਰ ਜਾਣੀਆਂ ਗਿਰਝਾਂ ਅਤੇ ਕਾਂ ਜਿਹਨਾਂ ਨੇ ਕਾਂਵਾਂ-ਰੌਲੀ ਪਾ ਕੇ ਲਾਸ਼ਾਂ ਨੂੰ ਚਰੂੰਡਣਾ। ਜਿੱਤ ਜਾਣੇ ਗੋਲੇ ਕਬੂਤਰ ਅਤੇ ਘੁੱਗੀਆਂ ਜਿਹਨਾਂ ਨੇ ਅਮਨ-ਅੰਬਰ ਵਿਚ ਉਚੇਰੀ ਉਡਾਣ ਭਰ, ਚੌਗਿਰਦੇ ਵਿਚ ਮੋਹ ਦੀਆਂ ਬਾਤਾਂ ਪਾਉਂਦਿਆਂ, ਆਪਣੀ ਉਡਾਣ ਨੂੰ ਨਵੀਆਂ ਤਰਜ਼ੀਹਾਂ ਅਤੇ ਤਦਬੀਰਾਂ ਨਾਲ ਵਿਉਂਤਣਾ।
ਹਾਰ ਜਾਣੇ ਅਖ਼ਬਾਰਾਂ ਦੇ ਕਾਲੇ ਪੰਨੇ, ਕਲੂਟੇ ਹਰਫ਼ ਅਤੇ ਸੋਗ ਦੇ ਪੰਨੇ ਜਿਹਨਾਂ ਵਿਚਲੀਆਂ ਸੋਗੀਆਂ ਸੂਰਤਾਂ ਨੇ ਮਨੁੱਖ ਨੂੰ ਅ-ਮਨੁੱਖ ਹੋਣ ਦਾ ਮਿਹਣਾ ਦੇਣਾ। ਜਿੱਤ ਜਾਣੀਆਂ ਕਿਤਾਬਾਂ ‘ਚ ਰੱਖੀਆਂ ਗੁਲਾਬ-ਪੱਤੀਆਂ, ਹਰਫ਼ਾਂ ‘ਚ ਖਿੜੀਆਂ ਕਲੀਆਂ, ਵਾਕਾਂ ਦੀਆਂ ਡੋਡੀਆਂ ਅਤੇ ਪੁਸਤਕੀ ਸੰਵੇਦਨਾ ਵਿਚ ਸੁਹਜ ਤੇ ਸੁੰਦਰਤਾ ਦੀਆਂ ਪੰਕਤੀਆਂ ਜਿਹਨਾਂ ਨੇ ਹਰਫ਼ਾਂ ਨੂੰ ਧਰਮ-ਗ੍ਰੰਥ ਦਾ ਰੁੱਤਬਾ ਦੇਣਾ।
ਹਾਰ ਜਾਣੀਆਂ ਚੁੜੈਲਾਂ ਤੇ ਚੌਧਰੀ ਜਿਹਨਾਂ ਦੇ ਮੂੰਹ ਨੂੰ ਲਹੂ ਲੱਗਾ ਅਤੇ ਉਹਨਾਂ ਨੇ ਮਨੁੱਖੀ ਖ਼ੂਨ ਨਾਲ ਆਪਣੀ ਪਿਆਸ ਮਿਟਾਉਣੀ। ਜਿੱਤ ਜਾਣੇ ਦੇਵ-ਪੁਰਸ਼ ਜਿਹਨਾਂ ਦੇ ਮਨਾਂ ਵਿਚ ਇਨਸਾਨੀਅਤ ਦਾ ਦੀਵਾ ਅਤੇ ਜਿਹਨਾਂ ਦੀ ਸੋਚ ਵਿਚ ਸੁੱਚਮ ਤੇ ਸਾਦਗੀ ਦੀ ਸੁੱਚੀ ਜੋਤ ਦਾ ਨਿੱਘ ਤੇ ਚਾਨਣ।
ਹਾਰ ਜਾਣੀਆਂ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਨ ਵਾਲੀਆਂ ਸੋਚਾਂ, ਚਾਲਾਂ ਅਤੇ ਕੋਹਝੀਆਂ ਹਰਕਤਾਂ। ਜਿੱਤ ਜਾਣੀਆਂ ਦੋਸਤੀਆਂ, ਗਲਵਕੜੀਆਂ ਤੇ ਮੁਹਬੱਤੀ ਤਰਾਨੇ ਜਿਹਨਾਂ ਵਿਚ ਮਿਠਾਸ ਅਤੇ ਹਮਜੋਲਤਾ ਦਾ ਸੁੱਗ਼ਮ ਸੰਦੇਸ਼।
ਹਾਰ ਜਾਣੀਆਂ ਟਾਹਰਾਂ ਦੀਆਂ ਧਾੜਾਂ ਅਤੇ ਧਾਵੇ। ਜਿੱਤ ਜਾਣੀ ਸੰਤੁਲਤ ਤੇ ਸਾਵੀਂ ਸੋਚ ਦੀ ਬੋਲਬਾਣੀ ਅਤੇ ਭਾਈਚਾਰਕ ਸਾਂਝ ਦਾ ਹੋਕਾ।
ਹਾਰ ਜਾਣਾ ਸਮਾਜਿਕ ਤਾਣੇ-ਬਾਣੇ ਨੁੰ ਲੀਰਾਂ ਕਰਨ ਵਾਲਾ ਸੇਹ ਦਾ ਤਕਲਾ। ਜਿੱਤ ਜਾਣਾ ਬੋਧ-ਬਿਰਖ ਜੋ ਇਕ ਘਰ ਦੀ ਛਾਂ ਬਣਨ ਤੋਂ ਬਾਅਦ ਦੂਸਰੇ ਘਰ ਦੀਆਂ ਕੰਧਾਂ ਤੋਂ ਵੀ ਛਾਂ ਬਣਨ ਲਈ ਅਹੁਲਦਾ।
ਹਾਰ ਜਾਣੀ ਘਿੱਗੀ, ਹਿੱਚਕੀ ਅਤੇ ਭੁੱਬ। ਜਿੱਤ ਜਾਣੀ ਜ਼ਿੰਦਗੀ, ਜ਼ਿੰਦਾਦਿਲੀ ਅਤੇ ਜਾਂ-ਬਾਜ਼ੀ ਜੋ ਹੈ ਸਮਿਆਂ ਦਾ ਸੱਚ।
ਹਾਰ ਜਾਣੀਆਂ ਨਫ਼ਰਤ, ਘ੍ਰਿਣਾ ਅਤੇ ਵਿਰੋਧ ਦੀਆਂ ਲਿਖਤਾਂ। ਜਿੱਤ ਜਾਣੀਆਂ ਵਾਰਿਸ਼ ਸ਼ਾਹ, ਸ਼ਿਵ ਕੁਮਾਰ ਬਟਾਲਵੀ, ਬਾਬਾ ਨਜ਼ਮੀ, ਪਾਤਰ ਅਤੇ ਅੰਮ੍ਰਿਤਾ ਪ੍ਰੀਤਮ ਦੀਆਂ ਕਿਰਤਾਂ ਵਿਚਲਾ ਕਿਰਨ-ਕਾਫ਼ਲਾ ਜਿਹਨਾਂ ਨੇ ਹਨੇਰੇ ਰਾਹਾਂ ਵਿਚ ਹਮੇਸ਼ਾ ਰੌਸ਼ਨੀ ਫੈਲਾਣੀ।
ਹਾਰ ਜਾਣੇ ਮੰਦਰ, ਮਸਜਿੱਦ, ਗੁਰਦੁਆਰੇ ਅਤੇ ਚਰਚਾਂ ‘ਤੇ ਕਾਬਜ਼ ਅਧਰਮੀ ਲੋਕ। ਜਿੱਤ ਜਾਣੀਆਂ ਭਲਿਆਈ, ਚੰਗਿਆਈ ਤੇ ਬੰਦਿਆਈ ਦੀਆਂ ਬਰਕਤਾਂ ਜਿਹਨਾਂ ਵਿਚੋਂ ਜ਼ਿੰਦਗੀ ਨੂੰ ਨਵੀਂ ਸੇਧ, ਸੁਪਨਾ ਅਤੇ ਸਮਰਪਿੱਤਾ ਦਾ ਅਹਿਸਾਸ। ਆਦਮੀਅਤ ਦਾ ਜਿੱਤਣਾ ਹੀ ਸਭ ਤੋਂ ਵੱਡਾ ਜਸ਼ਨ।
ਹਾਰ ਜਾਣੀਆਂ ਵਲਗਣਾਂ, ਕੰਧਾਂ ਅਤੇ ਓਹਲੇ। ਜਿੱਤ ਜਾਣੇ ਖੁੱਲੇ ਵਿਹੜੇ, ਦੂਰ ਤੀਕ ਫੈਲਦੇ ਖੇਤ, ਵਿਸ਼ਾਲ ਅੰਬਰ, ਹਵਾ, ਧਰਤੀ, ਪਾਣੀ ਅਤੇ ਪਰਿੰਦਿਆਂ ਦੀ ਉਡਾਣ।
ਹਾਰ ਜਾਣੀ ਸੰਕੀਰਨਤਾ, ਸਾਜਸ਼ ਅਤੇ ਸੂਲੀ। ਜਿੱਤ ਜਾਣੀ ਵਿਚਾਰਕ-ਸਾਂਝ, ਇਕ ਦੂਜੇ ਦੇ ਦਰਦਾਂ ਦੀ ਹਾਥ, ਕਿਸੇ ਦੀ ਪੀੜ ਵਿਚ ਬਣਿਆ ਹੰਝ੍ਹ, ਦੂਸਰੇ ਦੀ ਖੁਸ਼ੀ ਵਿਚ ਪਾਏ ਭੰਗੜੇ ਅਤੇ ਦੂਸਰੇ ਦੀ ਆਮਦ ਵਿਚ ਡਾਹਿਆ ਦਿਲ ਦਾ ਪੀਹੜਾ।
ਹਾਰ ਜਾਣੇ ਤੁਅੱਸਬੀ ਲੋਕ। ਜਿੱਤ ਜਾਣਾ ਬਾਬਾ ਨਾਨਕ, ਰਾਮ, ਸ਼ੇਖ ਫਰੀਦ, ਸਾਈਂ ਮੀਆਂ ਮੀਰ, ਬਾਬਾ ਬੁੱਲੇ ਸ਼ਾਹ, ਸ਼ਾਹ ਹੂਸੈਨ, ਸੁਲਤਾਨ ਬਾਹੂ, ਭਗਤ ਅਤੇ ਪੀਰ।
ਹਾਰ ਜਾਣੀ ਨਿੱਕੇ ਜਹੇ ਦਾਇਰੇ ਵਿਚ ਸਿਮਟੀ ਮਾਨਸਿਕਤਾ ਵਿਚਲੀ ਕਮੀਨਗੀ। ਜਿੱਤ ਜਾਣਾ ਨਨਕਾਣਾ ਸਾਹਿਬ, ਅਜਮੇਰ, ਦਿੱਲੀ, ਲਾਹੌਰ, ਕਟਾਸ ਰਾਜ਼ ਅਤੇ ਅੰਮ੍ਰਿਤਸਰ।
ਹਾਰ ਜਾਣੀਆਂ ਬਖ਼ਤਰਬੰਦ ਗੱਡੀਆਂ, ਟੈਂਕ, ਤੋਪਾਂ, ਤਲਵਾਰਾਂ, ਬਰਛੇ, ਨੇਜ਼ੇ ਅਤੇ ਤੀਰ। ਜਿੱਤ ਜਾਣਾ ਕਲਮਾਂ, ਦਵਾਤਾਂ, ਪਹਾੜੇ ਅਤੇ ਮੁਹਾਰਨੀ ਦਾ ਮੰਗਲਾਚਾਰ।
ਹਾਰ ਜਾਣੀਆਂ ਉਜਾੜਾਂ, ਥੇਹ, ਮਾਰੂਥਲ ਅਤੇ ਬਰੇਤੇ। ਜਿੱਤ ਜਾਣੇ ਪਿੰਡ, ਸ਼ਹਿਰ, ਦਰਿਆ ਅਤੇ ਬੰਦੇ ਜੰਮਣ ਵਾਲੀਆਂ ਜ਼ਮੀਨਾਂ।
ਹਾਰ ਜਾਣੀਆਂ ਚਾਲਾਂ, ਚਾਣਕੀਆ ਅਤੇ ਚਲਾਕੀਆਂ। ਜਿੱਤ ਜਾਣੀਆਂ ਸੁੰਦਰ ਸੁਪਨੇ ਦੀਆਂ ਤਰਕੀਬਾਂ ਅਤੇ ਸੁਖਨ-ਸੋਚ ਵਿਚਲਾ ਜੀਵਨ ਦਾ ਸ਼ੁਭ-ਆਗਮਨ।
ਹਾਰ ਜਾਣੀਆਂ ਕਰਤੂਤਾਂ, ਕੋਹਝਤਾ ਅਤੇ ਕਰੂਰਤਾ ਜਿਹਨਾਂ ਨੇ ਮੁਹਾਂਦਰਿਆਂ ਨੂੰ ਧੁਆਂਖ਼ਣਾ। ਜਿੱਤ ਜਾਣੇ ਕਰਨੀਆਂ, ਕੀਰਤੀਆਂ ਅਤੇ ਕਰਮਯੋਗਤਾ ਵਿਚਲੇ ਕੀਰਤੀਮਾਨ।
ਹਾਰ ਜਾਣੀ ਸਿਉਂਕੀ ਸੋਚ, ਸਰਾਪ ਅਤੇ ਸੰਗ-ਦਿਲੀ। ਜਿੱਤ ਜਾਣਾ ਵਰ, ਵਰਦਾਨ, ਵਜ਼ੂਦ ਅਤੇ ਵੰਝਲੀਆਂ ਜੋ ਨੇ ਮਨੁੱਖ-ਭਾਵੀ ਹੋਣ ਦਾ ਫਰਜ਼।
ਹਾਰ ਜਾਣਾ ਹਫ਼ਣਾ, ਹਾਰਨਾ, ਹੰਭਣਾ, ਹੌਂਕਣਾ ਅਤੇ ਹਿਝੌਕੇ। ਜਿੱਤ ਜਾਣੀਆਂ ਜ਼ਿੰਦਗਾਨੀਆਂ, ਜਵਾਨੀਆਂ ਅਤੇ ਜਿੱਤਾਂ।
ਹਾਰ ਜਾਣੀ ਰੁੰਡ-ਮਰੁੰਡਤਾ, ਹੀਣਤਾ ਅਤੇ ਹਰਖ਼। ਜਿੱਤ ਜਾਣੀਆਂ ਕੋਮਲ ਪੱਤੀਆਂ, ਕੂਲੀਆਂ ਲੱਗਰਾਂ, ਬਹਾਰਾਂ ਦੀ ਰੁੱਤ, ਫੁੱਲਾਂ ਦੇ ਰੰਗ, ਮਹਿਕਾਂ ਦਾ ਵਣਜ, ਤਿੱਤਲੀਆਂ ਦੀ ਰੰਗ-ਬਿਰੰਗਤਾ ਅਤੇ ਇਹਨਾਂ ਦੇ ਪਰਾਂ ਵਿਚ ਨਿੱਕੀ-ਨਿੱਕੀ ਪ੍ਰਵਾਜ਼ ਦਾ ਹੁਲਾਰ।
ਹਾਰ ਜਾਣੀ ਮੱਸਿਆ, ਝੱਖੜ, ਹਨੇਰੀ ਅਤੇ ਅਲਾਮਤਾਂ ਦਾ ਸ਼ੋਰ। ਜਿੱਤ ਜਾਣੀ ਪੁੰਨਿਆਂ, ਬਨੇਰੇ ‘ਤੇ ਜਗਦੀ ਮੋਮਬੱਤੀਆਂ ਦੀ ਡਾਰ, ਰੁੱਮਕਦੀ ਪੌਣ ਅਤੇ ਨਿਆਮਤਾਂ ਦੀ ਨਿਰਮਲ-ਧਾਰਾ।
ਹਾਰ ਜਾਣਾ ਬੋਲਾਂ ਵਿਚਲਾ ਜ਼ਹਿਰ, ਕਹਿਰੀ-ਕਹਿਰ ਅਤੇ ਖੰਡਰ ਸ਼ਹਿਰ। ਜਿੱਤ ਜਾਣੀ ਅੰਮ੍ਰਿਤਧਾਰਾ, ਬਰਸਦੀ ਮਿਹਰ ਅਤੇ ਘੁੱਗ ਵੱਸਦਾ ਮਿੱਤਰਾਂ ਦਾ ਸ਼ਹਿਰ ਜਿਸਦੀ ਹਰ ਨੁੱਕਰ ਵਿਚੋਂ ਉਗਮਣੀ ਸਵੇਰ ਅਤੇ ਹਰ ਗਲੀ ‘ਚ ਗੂੰਜਦੀ ਫੱਕਰਾਂ ਦੀ ਅਲਹਾਮੀ ਹੂਕ।
ਹਾਰ ਜਾਣੀ ਸੁੰਨ-ਮਸਾਨ, ਮੂਕ-ਚੁੱਪ, ਅੰਤਮ-ਅਰਦਾਸ ਅਤੇ ਮਰਸੀਆ। ਜਿੱਤ ਜਾਣੀ ਹਰਦਿਲ-ਅਜ਼ੀਜੀ, ਮੰਨਤਾਂ ਤੇ ਮੁਰਾਦਾਂ ਦੀ ਮਰਿਆਦਾ ਅਤੇ ਜਿਉਂਦੇ ਰਹਿਣ ਦੀ ਦੁਆ।
ਹਾਰ ਜਾਣੀ ਨਮੋਸ਼ੀ, ਨਕਾਰਤਮਿਕਤਾ ਅਤੇ ਨਲਾਇਕੀ। ਜਿੱਤ ਜਾਣੀ ਸਕਾਰਤਮਿਕਤਾ, ਸੁਪਨਾ ਅਤੇ ਸਰਗੋਸ਼ੀ ਜਿਸਨੇ ਜਿੰਦਗੀ ਨੂੰ ਜਿਊਣ ਦਾ ਵੱਲ ਸਿਖਾਉਣਾ ਅਤੇ ਸੂਝ-ਸਿਆਣਪ ਨੂੰ ਜੀਵਨ-ਪਗਡੰਡੀ ‘ਚ ਉਪਜਾਣਾ।
ਹਾਰ ਜਾਣੀਆਂ ਭੂਤਰੀਆਂ ਹਵਾਂਵਾਂ, ਔਂਤਰੀਆਂ ਫਿਜ਼ਾਵਾਂ ਅਤੇ ਸਾੜ-ਸੱਤੀ ਵਰਤਾਉਣ ਵਾਲੀਆਂ ਬਲਾਵਾਂ। ਜਿੱਤ ਜਾਣੀ ‘ਵਾਵਾਂ ਦੀ ਸੰਗੀਤਕਤਾ, ਪੌਣਾਂ ਦੀ ਪਾਕੀਜ਼ਗੀ ਅਤੇ ਦਰਦਮੰਦਾਂ ਲਈ ਦੁਆਵਾਂ ਜਿਹਨਾਂ ਨੇ ਬਣਨਾ ਔੜ-ਪਿੰਡੇ ਦੀਆਂ ਕਾਲੀਆਂ ਘਟਾਵਾਂ ਅਤੇ ਭੁੱਖਮਰੀ ਦੀ ਜ਼ਹਾਲਤ ਲਈ ਅਦਲੀ-ਅਦਾਵਾਂ।
ਹਾਰ ਜਾਣਾ ਝੂਠ, ਝਮੇਲੇ, ਝਗੜੇ ਅਤੇ ਝਰੀਟਾਂ। ਜਿੱਤ ਜਾਣਾ ਸੱਚ, ਸੁਲਾਹ, ਸਮਝੌਤਾ ਅਤੇ ਸਿਹਤਮੰਦੀ ਜਿਸ ਨੇ ਜਗਾਉਣਾ ਹਰ ਵਿਹੜੇ ਵਿਚ ਚਿਰਾਗ, ਹਰ ਚੁੱਲੇ ਦੀ ਅੱਗ ਨੇ ਕਰਨੀਆਂ ਚੁੱਗਲੀਆਂ ਅਤੇ ਚੌਂਕੇ ਵਿਚ ਲੱਗਣੀ ਪਰਿਵਾਰਕ-ਮਹਿਫ਼ਲ। ਕੰਧਾਂ ਦੀਆਂ ਵਲਗਣਾਂ ਨੇ ਬਣਨਾ ਘਰ ਅਤੇ ਕਮਰਿਆਂ ਨੇ ਕਰਨੀ, ਕਰਮੀਆਂ ਲਈ ਕਾਮਨਾ।
ਹਾਰ ਜਾਣਾ ਹਾਕਮ, ਹੰਕਾਰ ਅਤੇ ਹੈਂਕੜ। ਜਿੱਤ ਜਾਣੀ ਨਿਰਮਾਣਤਾ, ਨੀਝ, ਨਿਰਮਲਤਾ ਅਤੇ ਨਿਮਰਤਾ।
ਹਾਰ ਜਾਣਾ ਤੂਫ਼ਾਨਾਂ ਦਾ ਕਹਿਰ, ਹਵਾਂਵਾਂ ਦੀ ਤਬਾਹੀ ਅਤੇ ਛੰਨਾਂ ਤੇ ਢਾਰਿਆਂ ‘ਚੋਂ ਪੈਦਾ ਹੋਣ ਵਾਲਾ ਰੁੱਦਨ ਤੇ ਵਰਲਾਪ। ਜਿੱਤ ਜਾਣੀ ਜੀਵਨ ਬਖ਼ਲਣ ਵਾਲੀ ਕੁਦਰਤੀ ਨਿਆਮਤਾਂ ਦੀ ਦੇਣ।
ਹਾਰ ਜਾਣੀਆਂ ਚੀਖ਼ਾਂ, ਘਬਰਾਹਟ, ਚਿੱੜਚਿੜਾਪਣ ਅਤੇ ਚੀਖ਼-ਚਿਹਾੜਾ। ਜਿੱਤ ਜਾਣੀਆਂ ਬੱਚਿਆਂ ਦੀਆਂ ਲੋਰੀਆਂ, ਪੂਰਨੇ, ਪਹਾੜੇ, ਕਲਮਾਂ, ਫੱਟੀਆਂ ਅਤੇ ਕਿਤਾਬਾਂ ਵਿਚ ਰੱਖੇ ਮੋਰ-ਪੰਖ।
ਹਾਰ ਜਾਣੇ ਚਮਗਿੱਦੜ, ਹਵਾਂਕਦੇ ਗਿੱਦੜ ਅਤੇ ਰੋਂਦੀ ਕਤੀੜ। ਜਿੱਤ ਜਾਣੇ ਚੌਂਕੇ ‘ਤੇ ਪਾਏ ਘੁੱਗੀਆਂ ਤੇ ਮੋਰ, ਦਰੀਆਂ ‘ਤੇ ਟਹਿਕਦੇ ਫੁੱਲ ਅਤੇ ਕੰਧਾਂ ‘ਤੇ ਉਕਰੀਆਂ ਵੇਲ-ਬੂਟੀਆਂ ਜੋ ਨੇ ਜ਼ਿੰਦਗੀ ਦਾ ਦਾਨ।
ਹਾਰ ਜਾਣਾ ਸੇਜਾਂ, ਸਾਥ, ਸਾਂਝਾਂ, ਸੱਜਣਤਾਈ ਅਤੇ ਸੱਥਾਂ ‘ਤੇ ਪੈਣ ਵਾਲਾ ਪ੍ਰਭਾਵੀ ਸਰਾਪ। ਜਿੱਤ ਜਾਣਾ ਕਮਰਿਆਂ ਵਿਚ ਪਸਰਿਆ ਚੁੱਲਬੁੱਲਾਪਣ, ਰਾਂਗਲਾ ਪਲੰਘ, ਹਾਸਿਆਂ-ਠੱਠਿਆਂ ਦੀ ਮੰਡਲੀ, ਮਿੱਤਰ-ਮੋਢਿਆਂ ਦਾ ਮਾਣ ਅਤੇ ਸਾਵੀਂ ਸੋਚ ਵਿਚਲੀ ਸਥਿਰਤਾ ਤੇ ਸਦੀਵਤਾ।
ਹਾਰ ਜਾਣੇ ਨਿੱਜੀ ਮੁਫਾਦ, ਸੌੜੀ ਸੋਚ ਅਤੇ ਸੋਗੀ ਵਾਤਾਵਰਣ। ਜਿੱਤ ਜਾਣਾ ਸਰਬੱਤ ਦਾ ਭਲਾ, ਸ਼ੁਭ-ਕਰਮਨ ਅਤੇ ਵਿਸ਼ਵ-ਦਾਇਰਿਆਂ ਵਿਚ ਵਿਸ਼ਾਲਤਾ ਦਾ ਪ੍ਰਵਾਹ।
ਹਾਰ ਜਾਣੇ ਤਜ਼ੌਰੀਆਂ ਅਤੇ ਤਹਿਖਾਨਿਆਂ ਵਿਚ ਤਹਿ-ਦਰ-ਤਹਿ ਲੱਗਣ ਵਾਲੇ ਧਨ-ਅੰਬਾਰਾਂ ਦੇ ਅੰਕੜੇ। ਜਿੱਤ ਜਾਣੀ ਗਰੀਬੀ, ਗੁਰਬਤ, ਗੁੰਮਨਾਮੀ ਅਤੇ ਗਨੀਮਤਾ ਨੂੰ ਗਲੇ ਲਾ ਕੇ, ਨਵੇਂ ਸਮਾਜ ਤੇ ਸਰੋਕਾਰਾਂ ਦੀ ਸਿਰਜਣ-ਸੋਝੀ।
ਹਾਰ ਜਾਣੀ ਹਾਬੜੇ ਹਾਵ-ਭਾਂਵਾਂ ਦੀ ਹਰਕਤ ਅਤੇ ਹਲਕਿਆ ਹਰਕਾਰਾ। ਜਿੱਤ ਜਾਣਾ ਸਹਿਜ, ਸੰਤੋਖ, ਸੂਖ਼ਮਤਾ ਅਤੇ ਸੰਪੂਰਨਤਾ ਵਿਚੋਂ ਜੀਵਨ ਦਾ ਸੁੱਚਮ ਲੋਚਣ ਵਾਲੀ ਸੋਚ-ਧਾਰਾ।
ਹਾਰ ਜਾਣੇ ਮਹਿਲ ਮੁਨਾਰੇ, ਬਹੁ-ਮੰਜਲ਼ੇ ਚੁਬਾਰੇ ਅਤੇ ਉਚ-ਦੁਮੇਲੜੇ ਦੁਆਰੇ। ਜਿੱਤ ਜਾਣੀਆਂ ਕੁੱਲੀਆਂ, ਢਾਰੇ, ਛੰਨਾਂ ਅਤੇ ਚਾਰ ਕੁ ਖਾਨਿਆਂ ਵਾਲੇ ਬਿਨ-ਬੂਹੇ ਘਰ ਦੇ ਖੁੱਲ੍ਹੇ ਭਿੱਤ।
ਹਾਰ ਜਾਣੇ ਬਗਲ ‘ਚ ਛੁਪਾਏ ਹਥਿਆਰ, ਮਨ ਦੇ ਮਾਰੂ ਵਿਚਾਰ ਅਤੇ ਕੱਛ ਵਿਚ ਲਕੋਈ ਕਟਾਰ। ਜਿੱਤ ਜਾਣੀ ਸ਼ਬਦਾਂ ਦੀ ਫੁਹਾਰ, ਬੋਲਾਂ ਦੀਆਂ ਫੁੱਲਪੱਤੀਆਂ ਅਤੇ ਨੈਣਾਂ ਵਿਚ ਲੋਕਾਈ ਦੀ ਲੋਰ।
ਹਾਰ ਜਾਣਾ ਪਾਪ, ਪੱਤਝੱੜੀ-ਅੰਦਾਜ਼ ਅਤੇ ਪਾਖੰਡ। ਜਿੱਤ ਜਾਣਾ ਪੁੰਨ, ਕੂਲੇ ਪੱਤਿਆਂ ਦੀ ਰੁੱਤ ਅਤੇ ਅਸਲੀਅਤ ਦੀ ਅਲੰਮਬਰਤਾ।
ਹਾਰ ਜਾਣਾ ਕਤਲ, ਕੁਹਰਾਮ, ਕਠੋਰਤਾ ਅਤੇ ਕਰੂਪਤਾ। ਜਿੱਤ ਜਾਣਾ ਜੀਵਣ, ਮਹਿਫ਼ਲ, ਕੋਮਲਤਾ ਅਤੇ ਭਾਈ ਘਨਈਆ।
ਹਾਰ ਜਾਣੀ ਹਾਸਿਆਂ ਦੀ ਹਵਾਲਾਤ ਅਤੇ ਕਹਿਕਹਿਆਂ ਦੀ ਕਾਲ-ਕੋਠੜੀ। ਜਿੱਤ ਜਾਣੀ ਚਾਵਾਂ ਦੀ ਚੰਗੇਰ ਅਤੇ ਸੂਰਜ਼-ਸੰਧਾਰਾ।
ਹਾਰ ਜਾਣਾ ਦੈਂਤ, ਰਾਖ਼ਸ਼ਸ਼ ਅਤੇ ਰੋਣ। ਜਿੱਤ ਜਾਣਾ ਦੇਵਤਾ, ਦਾਨੀ ਅਤੇ ਹਾਸਾ।
ਹਾਰ ਜਾਣੇ ਧੌਣਾਂ ‘ਚ ਗੱਡੇ ਕਿੱਲੇ, ਹੰਕਾਰ, ਹੱਠਧਰਮੀ ਅਤੇ ਹਿੰਡ। ਜਿੱਤ ਜਾਣੀ ਹਲੀਮੀ, ਹਰਮਨ-ਪਿਆਰਤਾ ਅਤੇ ਹਾਂ-ਮੁੱਖੀ ਹੁੰਗਾਰਾ।
ਹਾਰ ਜਾਣੀ ਤੋਤਲੇ ਬੋਲੀ ‘ਤੇ ਹੋਣ ਵਾਲੀ ਗੜ੍ਹੇਮਾਰੀ, ਮਿੱਟੀ ਦੇ ਖਿਡੌਣਿਆਂ ਨੂੰ ਖੋਹਣ ਅਤੇ ਫੇਹਣ ਦੀ ਬਿਰਤੀ। ਜਿੱਤ ਜਾਣਾ ਮਾਪਿਆਂ ਦਾ ਬੱਚਿਆਂ ਲਈ ਲਾਡ-ਪਿਆਰ, ਦੁਲਾਰ, ਗੋਦ ਦਾ ਨਿੱਘ, ਬੁੱਕਲ ਦੀ ਓਟ ਅਤੇ ਸਿਰ ਦੀ ਛਾਂ।
ਹਾਰ ਜਾਣੀਆਂ ਰਾਹ ਦੀਆਂ ਖਾਈਆਂ, ਪੈਂਡਿਆਂ ਵਿਚਲੇ ਕੰਡੇ, ਤੇਜ਼ ਤੱਤੀਆਂ ਲੂਆਂ ਅਤੇ ਚੌਮਾਸੇ। ਜਿੱਤ ਜਾਣੇ ਬਾਲਾਂ ਦੇ ਗਡੀਰੇ, ਬਜ਼ੁਰਗਾਂ ਦੀਆਂ ਡੰਗੋਰੀਆਂ, ਮਾਂ ਲਈ ਜਵਾਨ ਮੋਢੇ ਅਤੇ ਮੋਹ-ਭਿੱਜੀ ਮਮਤਾ।
ਹਾਰ ਜਾਣੀ ਸਿਰ ‘ਤੇ ਲਈ ਜਾਣ ਵਾਲੀ ਚਿੱਟੀ ਚੁੰਨੀ, ਦੀਦਿਆਂ ਵਿਚ ਸੁਪਨਿਆਂ ਦਾ ਮਾਤਮ ਅਤੇ ਹੋਠਾਂ ‘ਤੇ ਚੁੱਪ ਦੀ ਪੇਪੜੀ। ਜਿੱਤ ਜਾਣੀ ਸਿਰ ‘ਤੇ ਸੱਜੀ ਸੂਹੀ ਫੁੱਲਕਾਰੀ, ਸੰਧੂਰੀ ਸੁਪਨਿਆਂ ਦਾ ਸੱਚ ਅਤੇ ਬੁੱਲਾਂ ‘ਤੇ ਨਿੱਕੀਆਂ-ਨਿੱਕੀਆਂ ਬਾਤਾਂ ਤੇ ਹੁੰਗਾਰੇ।
ਹਾਰ ਜਾਣੇ ਮਜ਼ਮੇ, ਮਸਖ਼ਰੇ ਅਤੇ ਮਖੌਟੇ। ਜਿੱਤ ਜਾਣਾ ਭਰਾਤਰੀ ਭਾਵ, ਪਾਕ-ਵਿਚਾਰ ਅਤੇ ਅਸਲੀਅਤ ਦਾ ਦੀਦਾਰ।
ਹਾਰ ਜਾਣੀ ਬੁਰਿਆਈ, ਬਦਬੂ, ਬਦ-ਇਖ਼ਲਾਕੀ ਅਤੇ ਬਦ-ਅਮਨੀ। ਜਿੱਤ ਜਾਣੀ ਚੰਗਿਆਈ, ਖੁਸ਼ਬੋਈ, ਇਖ਼ਲਾਕ ਅਤੇ ਚਿੱਟੇ ਕਬੂਤਰਾਂ ਦੀ ਲਾਮਡੋਰੀ।
ਹਾਰ ਜਾਣੀ ਜੰਗ, ਜ਼ੁਲਮ, ਜਨੂੰਨ ਅਤੇ ਜ਼ਾਹਲਪੁਣਾ। ਜਿੱਤ ਜਾਣਾ ਜ਼ਜਬਾ, ਜ਼ਜ਼ਬਾਤ, ਜ਼ਿੰਦਗੀ ਅਤੇ ਜ਼ਿੰਦਗੀਨਾਮਾ।
ਹਰ ਜੀਵਨ-ਰਾਹ ‘ਤੇ ਜ਼ਿੰਦਗੀ ਨੂੰ ਜ਼ਿੰਦਾਬਾਦ ਕਹਿਣਾ ਤਾਂ ਬਣਦਾ ਹੀ ਹੈ।
: : :

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …