Breaking News
Home / ਨਜ਼ਰੀਆ / ਆਓ ਜਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਤਿੰਨ ਦਿਨ ਪਹਿਲਾਂ ਮਾਰੇ ਗਏ

ਆਓ ਜਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਤਿੰਨ ਦਿਨ ਪਹਿਲਾਂ ਮਾਰੇ ਗਏ

25 ਸ਼ਹੀਦਾਂ ਨੂੰ ਵੀ ਯਾਦ ਕਰੀਏ
ਡਾ. ਬਲਜਿੰਦਰ ਸਿੰਘ ਸੇਖੋਂ
(905 781 1197)
ਜਲ੍ਹਿਆਂਵਾਲੇ ਬਾਗ ਵਿਚ ਡਾਇਰ ਵਲੋਂ ਨਿਹੱਥੇ, ਪੁਰਅਮਨ ਇਕੱਠ ‘ਤੇ ਗੋਲੀ ਚਲਾ ਕੇ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਮਾਰੇ ਜਾਣ ਦੀ ਘਟਨਾ, ਭਾਰਤ ਦੀ ਅਜ਼ਾਦੀ ਦੀ ਲੜਾਈ ਦੀ ਅਹਿਮ ਘਟਨਾ ਹੈ, ਜਿਸ ਨੇ ਭਾਰਤੀਆਂ, ਖਾਸ ਕਰ ਪੰਜਾਬੀਆਂ ਵਿਚ ਅੰਗਰੇਜ਼ਾਂ ਖਿਲਾਫ਼, ਘ੍ਰਿਣਾ ਤੇ ਰੋਹ ਦੀ ਲਹਿਰ ਪੈਦਾ ਕੀਤੀ, ਜਿਸ ਨੇ ਸ਼ਹੀਦ ਭਗਤ ਸਿੰਘ ਤੇ ਊਧਮ ਸਿੰਘ ਜਿਹੇ ਯੋਧਿਆਂ ਨੂੰ ਪ੍ਰਭਾਵਿਤ ਕੀਤਾ ਅਤੇ ਆਖਿਰ ਅੰਗਰੇਜਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਹੋਣਾ ਪਿਆ। ਜੱਲੇ ਦੇ ਇਸ ਬਾਗ ਵਿਚ 13 ਅਪਰੈਲ ਨੂੰ ਜੋ ਕੁਝ ਹੋਇਆ, ਬਹੁਤ ਲੋਕਾਂ ਨੂੰ ਪਤਾ ਹੈ, ਪਰ ਇਸ ਤੋਂ ਤਿੰਨ ਦਿਨ ਪਹਿਲਾਂ ਸ਼ਹੀਦ ਹੋਏ 25 ਵਿਅੱਕਤੀਆਂ ਨੂੰ ਅਸੀਂ ਆਮ ਹੀ ਵਿਸਰ ਜਂਾਦੇ ਹਾਂ। ਆਓ ਇਨ੍ਹਾਂ ਦੀ ਯਾਦ ਨੂੰ ਵੀ ਤਾਜਾ ਕਰੀਏ ਤੇ ਉਸ ਦਿਨ ਦੀਆਂ ਘਟਨਾਵਾਂ ‘ਤੇ ਝਾਤ ਮਾਰੀਏ। ਅਪਰੈਲ 10, 1919 ਦੇ ਦਿਨ, ਇਹ 25 ਸ਼ਹੀਦ ਉਨ੍ਹਾਂ ਲੋਕਾਂ ਵਿਚ ਸ਼ਾਮਿਲ ਸਨ ਜੋ ਨਿਹੱਥੇ, ਪੁਰਅਮਨ ਬਸ ਅਪਣੇ ਗ੍ਰਿਫਤਾਰ ਕੀਤੇ ਦੋ ਲੀਡਰਾਂ ਕਿਚਲੂ ਅਤੇ ਡਾ. ਸਤਪਾਲ ਦੀ ਰਿਹਾਈ ਦੀ ਮੰਗ ਕਰਨ ਡੀ ਸੀ (ਡਿਪਟੀ ਕਮਿਸ਼ਨਰ) ਕੋਲ ਉਸ ਦੀ ਕੋਠੀ, ਜਾ ਰਹੇ ਸਨ। ਦੋਨੋ ਡਾ. ਸਤਪਾਲ ਅਤੇ ਮੁਸਲਮਾਨ ਵਕੀਲ ਸੈਫਉਦੀਨ ਕਿਚਲੂ ਅੰਮ੍ਰਿਤਸਰ ਵਿਚ ਰੋਲਟ ਐਕਟ ਦੇ ਖਿਲਾਫ਼ ਕੀਤੇ ਜਾ ਰਹੇ ਮੁਜ਼ਾਹਰਿਆਂ ਦੇ ਪ੍ਰਬੰਧਕ ਸਨ। ਇਨ੍ਹਾਂ ਦੋਵਾਂ ਦੇ ਮੇਲ ਨੂੰ ਅੰਗਰੇਜ਼ ਹਿੰਦੂਆਂ ਅਤੇ ਮੁਸਲਮਾਨਾਂ ਦਾ ਮੇਲ ਮੰਨ ਕੇ ਬੜੇ ਘਬਰਾਏ ਹੋਏ ਸਨ ਕਿ ਜੇਕਰ ਦੋਵੇਂ ਫਿਰਕੇ ਇਕੱਠੇ ਹੋ ਗਏ ਫਿਰ ਅਜ਼ਾਦੀ ਦੀ ਲਹਿਰ ਨੂੰ ਰੋਕਣਾ ਅਸੰਭਵ ਹੋ ਜਾਵੇਗਾ। ਸਰਕਾਰ ਨੇ ਭਾਰਤ ਸੁਰੱਖਿਆ ਕਾਨੂੰਨ ਅਧੀਨ, ਡਾ. ਸਤਪਾਲ ਤੇ ਅਤੇ ਫਿਰ ਸੈਫਉਦੀਨ ਕਿਚਲੂ ਦੇ ਭਾਸ਼ਣ ਦੇਣ ਅਤੇ ਅਖਬਾਰਾਂ ਵਿਚ ਲਿਖਣ ‘ਤੇ ਪਾਬੰਦੀ ਲਗਾ ਦਿਤੀ। ਇਸ ਦੇ ਬਾਵਜੂਦ, ਭਾਰਤ ਭਰ ਵਿਚ 6 ਅਪਰੈਲ ਨੂੰ ਹੋਈ ਹੜਤਾਲ ਵਿਚ ਪੰਜਾਬ ਦੇ 45 ਹੋਰ ਸ਼ਹਿਰਾਂ ਦੇ ਨਾਲ ਨਾਲ ਅੰਮ੍ਰਿਤਸਰ ਵਿਚ ਫਿਰ ਭਾਰੀ ਇਕੱਠ ਹੋਇਆ। ਸਰਕਾਰ ਘਬਰਾ ਗਈ ਅਤੇ ਹਾਲਾਤ ਨੂੰ ਹੋਰ ਵਿਗੜਨ ਦੇ ਡਰੋਂ, ਪੰਜਾਬ ਦੇ ਲੈਫਟੀਨੈਂਟ ਗਵਰਨਰ ਓਡਵਾਇਰ ਨੇ 9 ਅਪਰੈਲ ਨੂੰ ਦੋਨਾਂ ਨੂੰ ਪੰਜਾਬ ਤੋਂ ਬਾਹਰ ਭੇਜਣ ਦਾ ਹੁਕਮ ਚਾੜ੍ਹ ਦਿੱਤਾ। ਉਸ ਨੂੰ ਵਿਸ਼ਵਾਸ਼ ਸੀ ਕਿ ਇਨ੍ਹਾਂ ਦੇ ਪੰਜਾਬ ਵਿਚੋਂ ਕੱਢਣ ਨਾਲ ਵਿਗੜ ਰਹੇ ਹਾਲਤ ਠੀਕ ਹੋ ਜਾਣਗੇ। ਉਨ੍ਹਾਂ ਦੋਨਾਂ ਨੂੰ 10 ਅਪਰੈਲ ਨੂੰ ਸਵੇਰੇ ਡੀ ਸੀ ਦੀ ਕੋਠੀ ਬੁਲਾਇਆ ਗਿਆ। ਉਨ੍ਹਾਂ ਨਾਲ ਉਨ੍ਹਾਂ ਦੇ ਦੋ ਨੌਕਰ, ਹੰਸ ਰਾਜ ਅਤੇ ਜੈ ਰਾਮ ਵੀ ਗਏ। ਜਾਂਦਿਆਂ ਹੀ ਉਨ੍ਹਾਂ ਨੂੰ ਵਾਰੰਟ ਫੜਾ ਦਿੱਤੇ ਗਏ ਅਤੇ ਕਿਹਾ ਗਿਆ ਕਿ ਉਨ੍ਹਾਂ ਨੂੰ ਹੁਣੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਦੋਨਾਂ ਦੇ ਵਿਰੋਧ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਦੋ ਸਰਕਾਰੀ ਕਾਰਾਂ ਵਿਚ ਚਾੜ੍ਹ ਕੇ ਪੂਰੀ ਸਪੀਡ ਨਾਲ ਧਰਮਸ਼ਾਲਾ ਨੂੰ ਤੋਰ ਦਿੱਤਾ ਗਿਆ।
ਹੰਸ ਰਾਜ ਅਤੇ ਜੈ ਰਾਮ ਤੋਂ ਲੀਡਰਾਂ ਦੀ ਗ੍ਰਿਫਤਾਰੀ ਦੀ ਚੱਲੀ ਗੱਲ, ਸ਼ਹਿਰ ਵਿਚ ਅੱਗ ਵਾਂਗ ਫੈਲ ਗਈ, ਸ਼ਹਿਰ ਬੰਦ ਹੋ ਗਿਆ ਅਤੇ 11:30 ਵਜੇ ਤੱਕ ਲੋਕ ਹਾਲ ਬਜ਼ਾਰ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਲੀਡਰਾਂ ਦੀ ਰਿਹਾਈ ਦੀ ਮੰਗ ਕਰਨ ਲਈ 400- 500 ਲੋਕ ਇਕੱਠੇ ਹੋ ਜਲੂਸ ਦੀ ਸ਼ਕਲ ਵਿਚ ਡੀ ਸੀ ਦੀ ਕੋਠੀ ਵੱਲ ਨੂੰ ਚੱਲ ਪਏ। ਅੰਗਰੇਜ਼ ਡਰੇ ਹੋਏ ਸਨ ਅਤੇ ਉਨ੍ਹਾਂ ਨੂੰ ਜਲਸੇ ਜਲੂਸਾਂ ਵਿਚ ਵੀ ਗਦਰ ਦਾ ਡਰ ਸਤਾਉਂਦਾ ਸੀ। ਕਿਸੇ ਸੰਭਾਵੀ ਜਲੂਸ ਜਾਂ ਇਕੱਠ ਨੂੰ ਰੋਕਣ ਲਈ ਸਰਕਾਰ ਨੇ ਸ਼ਹਿਰ ਤੇ ਸਿਵਲ ਲਾਈਨ, ਜਿਥੇ ਅੰਗਰੇਜ਼ ਅਫਸਰਾਂ ਦੀਆਂ ਕੋਠੀਆਂ ਸਨ, ਨੂੰ ਜੋੜਨ ਵਾਲੇ ਰੇਲਵੇ ਪੁਲ ਅਤੇ ਰੇਲਵੇ ਲਾਈਨ ਤੋਂ ਲੰਘਦੀ ਸੜਕ ਤੇ ਫੌਜੀਆਂ ਦੀਆਂ ਘੋੜਸਵਾਰ ਟੁਕੜੀਆਂ ਲਾਈਆਂ ਹੋਈਆਂ ਸਨ। ਡੀ ਸੀ ਦੀ ਕੋਠੀ ਵੱਲ ਜਾਂਦੇ ਲੋਕਾਂ ਨੂੰ ਸੂਬੇਦਾਰ ਦੀ ਕਮਾਂਡ ਹੇਠ 4 ਅੰਗਰੇਜ਼ ਅਤੇ ਤਿੰਨ ਭਾਰਤੀ ਘੋੜਸਵਾਰਾਂ ਨੇ ਜੋ ਹਾਲ ਗੇਟ ਵਾਲੇ ਰੇਲਵੇ ਪੁੱਲ ਦੇ ਉਪਰ ਖੜ੍ਹੇ ਸਨ, ਨੇ ਰੋਕ ਲਿਆ। ਘੰਟਾ ਕੁ ਜਲੂਸ ਤੇ ਘੋੜ ਸਵਾਰ ਆਹਮੋ ਸਾਹਮਣੇ ਖੜ੍ਹੇ ਰਹੇ। ਲੋਕਾਂ ਦਾ ਹਜ਼ੂਮ ਪਲੋ ਪਲ ਵੱਧ ਰਿਹਾ ਸੀ। ਪੁਲਿਸ ਦਾ ਸਹਾਇਕ ਕਮਿਸ਼ਨਰ ਬੈਕਟ ਪੁਲ ‘ਤੇ 1 ਵਜੇ ਆਇਆ ਅਤੇ ਲੋਕਾਂ ਦੇ ਇਕੱਠ ਨੂੰ ਵੇਖ ਕੇ ਸਹਿਮ ਗਿਆ। ਉਸ ਮੁਤਾਬਿਕ ਜਿਥੇ ਤੱਕ ਨਿਗਾਹ ਜਾਂਦੀ ਸੀ ਲੋਕ ਹੀ ਲੋਕ ਸਨ ਤੇ ਮੁੱਠੀ ਭਰ ਫੌਜੀ ਉਨ੍ਹਾਂ ਨੂੰ ਰੋਕ ਰਹੇ ਸਨ। ਬੈਕਟ ਨੇ ਰੌਲਾ ਪਾ ਇਕੱਠ ਨੂੰ ਖਿਲਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਸੀ ਦਿੰਦੀ। ਲੋਕ ਫੌਜੀਆਂ ਦੇ ਘੋੜਿਆਂ ਵੱਲ ਵੱਟੇ ਮਾਰਦੇ ਅੱਗੇ ਵੱਲ ਨੂੰ ਵੱਧਣ ਲੱਗੇ ਅਤੇ ਫੌਜੀਆਂ ਦੀ ਟੁਕੜੀ ਹੌਲੀ ਹੌਲੀ ਪੁੱਲ ਦੇ ਹੇਠ ਜਿਥੇ ਮਦਨ ਦੀ ਚਾਹ ਦੀ ਦੁਕਾਨ ਸੀ, ਤੱਕ ਆ ਗਈ। ਲੋਕ ਵੀ ਪੁੱਲ ਦੇ ਹੇਠ ਤੱਕ ਆ ਗਏ ਅਤੇ ਕਿਨਾਰੇ ਪਏ ਰੋੜਿਆਂ ਨੂੰ ਚੁੱਕ ਕੇ ਫੌਜੀਆਂ ਵੱਲ ਮਾਰਨ ਲੱਗੇ।
ਇਸ ਸਮੇਂ ਅੰਮ੍ਰਿਤਸਰ ਦਾ ਡੀ ਸੀ ਮਾਈਲਸ ਇਰਵਿਨ ਵੀ ਆ ਗਿਆ ਅਤੇ ਉਸ ਨੇ ਘੋੜ ਸਵਾਰਾਂ ਨੂੰ 100 ਗਜ਼ ਪਿਛਾਂਹ ਹੋ ਕੇ ਖੜ੍ਹਨ ਦਾ ਹੁਕਮ ਦੇ ਦਿੱਤਾ ਅਤੇ ਬੈਕਟ ਨੂੰ ਹੋਰ ਫੌਜੀ ਲਿਆਉਣ ਲਈ ਕਿਹਾ, ਜੋ ਲੈਫਟੀਨੈਂਟ ਡਿਕੀ ਦੀ ਕਮਾਨ ਹੇਠ 6-7 ਹੋਰ ਘੋੜ ਸਵਾਰ ਲੈ ਆਇਆ। ਪਰ ਲੋਕਾਂ ਦੇ ਵੱਟਿਆਂ ਸਾਹਮਣੇ ਉੇਹ ਵੀ ਨਾ ਟਿਕ ਸਕਿਆ ਅਤੇ ਫੌਜੀ ਹੌਲੀ ਹੌਲੀ, ਪਿਛੇ ਧੱਕੇ ਜਾਣ ਲੱਗੇ। ਡੀ ਸੀ ਹੋਰ ਫੌਜੀ ਲੈਣ ਲਈ ਰਾਮ ਬਾਗ ਵੱਲ ਨੂੰ ਤੁਰ ਗਿਆ। ਉਸ ਵੇਲੇ ਵਾਧੂ ਸਹਾਇਕ ਕਮਿਸ਼ਨਰ ਕੋਨੋਰ ਪਹੁੰਚ ਗਿਆ ਅਤੇ ਉਸ ਨੇ ਵੇਖਿਆ ਕਿ ਫੌਜੀ ਟੁਕੜੀਆਂ ਤਾਂ ਸਿਵਲ ਲਾਈਨ ਤੱਕ ਪਿਛੇ ਹਟ ਗਈਆਂ ਹਨ। ਉਸ ਨੇ ਡਿਕੀ ਨੂੰ ਪਿਛੇ ਹੱਟਣ ਤੋਂ ਰੁਕਣ ਲਈ ਕਿਹਾ ਅਤੇ ਹੁਕਮ ਦਿੱਤਾ ਕਿ ਕਿਸੇ ਵੀ ਹਾਲਤ ਵਿਚ ਭੀੜ ਸਿਵਲ ਲਾਈਨ ਵਿਚ ਨਹੀਂ ਜਾਣੀ ਚਾਹੀਦੀ। ਦੋ ਅੰਗਰੇਜ਼ ਫੌਜੀ ਘੋੜਿਆਂ ਤੋਂ ਉਤਰੇ ਅਤੇ ਉਨ੍ਹਾਂ ਦੋਨਾਂ ਨੇ ਭੀੜ ਵੱਲ ਚਾਰ ਚਾਰ ਫਾਇਰ ਕੀਤੇ। ਇਸ ਫਾਇਰਿੰਗ ਵਿਚ ਤਿੰਨ ਵਿਅਕਤੀ ਸ਼ਹੀਦ ਹੋਏ ਜਿਨ੍ਹਾਂ ਦੀਆਂ ਲਾਸ਼ਾਂ ਸ਼ਾਮ ਤੱਕ ਮਦਨ ਦੀ ਦੁਕਾਨ ਸਾਹਮਣੇ ਪਈਆਂ ਰਹੀਆਂ। ਲੋਕ ਠਠੰਬਰ ਗਏ, ਪਿਛੇ ਹਟੇ ਪਰ ਖਿਲਰੇ ਨਹੀਂ।
ਇਨੇ ਵਿਚ ਡੀ ਐਸ ਪੀ ਪਲੋਮਰ 24 ਪੁਲਸੀਏ ਅਤੇ 7 ਭਾਰਤੀ ਫੌਜੀ ਲੈ ਕੇ ਆ ਗਿਆ। ਕੁਝ ਲੋਕ ਲੱਕੜ ਦੇ ਪੁਲ ਤੋਂ ਤੁਰ ਕੇ ਇਸ ਪਾਸੇ ਆ ਰਹੇ ਸਨ। ਦੋ ਵਕੀਲਾਂ ਨੇ ਪਲੋਮਰ ਨੂੰ ਕਿਹਾ ਕਿ ਉਹ ਲੋਕਾਂ ਨੂੰ ਪਿਛੇ ਜਾਣ ਲਈ ਮਨਾਂ ਲੈਣਗੇ ਅਤੇ ਉਹ ਦੋਨੋ ਲੋਕਾਂ ਨੂੰ ਪੁਲ ਤੋਂ ਹੇਠਾਂ ਤੱਕ ਲੈ ਵੀ ਗਏ। ਇਸੇ ਵੇਲੇ ਲੈਫਟੀਨੈਂਟ ਬਰਾਊਨ ਹੋਰ ਫੌਜੀਆਂ ਨੂੰ ਲੈ ਆਇਆ ਅਤੇ ਫੌਜ ਨੇ ਪੁੱਲ, ਨਾਲ ਲਾਈਨਾਂ ਉਪਰਲਾ ਲਾਂਘਾ ਆਪਣੇ ਕੰਟਰੋਲ ਹੇਠ ਕਰ ਲਏ। ਪਰ ਪੁਰਅਮਨ ਲੋਕ ਜੋ ਸਿਰਫ ਅਪਣੇ ਲੀਡਰਾਂ ਦੀ ਰਿਹਾਈ ਦੀ ਮੰਗ ਕਰਨ ਹੀ ਜਾ ਰਹੇ ਸਨ ਦੇ ਮਾਰੇ ਜਾਣ ਦੀ ਖਬਰ ਨਾਲ ਹੋਰ ਵੱਧ ਲੋਕ, ਹਾਥੀ ਗੇਟ ਅਤੇ ਲੋਹਗੜ੍ਹ ਗੇਟ ਵੱਲੋਂ ਵੀ ਭੀੜ ਵਿਚ ਆ ਸ਼ਾਮਿਲ ਹੋਏ। ਪਲੋਮਰ ਦੇ ਅੰਦਾਜ਼ੇ ਮੁਤਾਬਿਕ ਇਸ ਵੇਲੇ ਤੱਕ ਤਕਰੀਬਨ 30,000 ਲੋਕਾਂ ਦਾ ਇਕੱਠ ਹੋ ਗਿਆ ਸੀ। ਦਿਨ ਦੇ ਦੋ ਕੁ ਵੱਜ ਚੁੱਕੇ ਸਨ, ਡੀ ਸੀ ਵਾਪਿਸ ਆ ਗਿਆ ਅਤੇ ਉਸ ਨੇ ਦੋਨੋ ਰਾਹਾਂ, ਪੁਲ ਉਤਲੇ ਅਤੇ ਹੇਠਾਂ ਲਾਈਨਾਂ ਉਪਰਲੇ ਲਾਂਘੇ ਦਾ ਜਾਇਜ਼ਾ ਲਿਆ, ਅਪਣੇ ਨਾਲ ਘੋੜ ਸਵਾਰ ਲੈ ਕੇ ਲੋਕਾਂ ਦੇ ਸਾਹਮਣੇ ਗੇੜੇ ਕੱਢੇ ਅਤੇ ਉਨ੍ਹਾਂ ਨੂੰ ਪਿਛੇ ਜਾਣ ਲਈ ਕਹਿੰਦਾ ਰਿਹਾ। ਇਸੇ ਸਮੇਂ ਦੋਨੋ ਵਕੀਲ ਲਗਾਤਾਰ ਲੋਕਾਂ ਨੂੰ ਖਿਲਰ ਜਾਣ ਲਈ ਅਪਣਾ ਜ਼ੋਰ ਲਾਉਂਦੇ ਰਹੇ। ਪਰ ਲੋਕ ਹੁਣ ਸਿਵਲ ਲਾਈਨ ਵਿਚ ਜਾਣ ਲਈ ਦ੍ਰਿੜ ਸਨ ਅਤੇ ਉਹ ਵੱਟਿਆਂ ਨਾਲ ਫੌਜੀਆਂ ਦਾ ਮੁਕਾਬਲਾ ਕਰ ਰਹੇ ਸਨ। ਸਵੇਰੇ ਵੇਲੇ ਦੀ ਸ਼ਾਂਤ ਭੀੜ ਹੁਣ ਅਪਣੇ ਨਿਹੱਥੇ ਸਾਥੀਆਂ ਦੀ ਮੌਤ ਵੇਖ ਕੇ ਰੋਹ ਭਰਪੂਰ ਹੋ ਗਈ ਸੀ। ਪਹਿਲੇ ਸ਼ਹੀਦਾਂ ਤੋਂ ਬਾਅਦ ਕੁਝ ਲੋਕ ਵਾਪਿਸ ਜਾ ਕੇ ਸੋਟੀਆਂ ਵਗੈਰਾ ਵੀ ਲੈ ਆਏ ਸਨ। ਪਲੌਮਰ ਨੇ ਟੁਕੜੀ ਦੇ ਸੂਬੇਦਾਰ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ, ਲੋਕਾਂ ਨੂੰ ਸ਼ਾਂਤ ਕਰ ਰਹੇ ਦੋ ਵਕੀਲਾਂ ਦੀ ਸੁਰੱਖਿਆ ਦਾ ਵੀ ਕੋਈ ਖਿਆਲ ਨਾ ਰੱਖਿਆ। ਲੋਕਾਂ ਤੇ ਸਿੱਧਾ ਫਾਇਰ ਕੀਤਾ ਜਾਣ ਲੱਗਾ, ਭੀੜ ਖਿੰਡ ਗਈ। ਇਸ ਥਾਂ ਘੱਟੋ ਘੱਟ 22 ਵਿਅਕਤੀ ਸ਼ਹਾਦਤ ਦਾ ਜਾਮ ਪੀ ਗਏ। ਘਟਨਾਵਾਂ ਤੋਂ ਕਈ ਮਹੀਨੇ ਬਾਅਦ ਤੱਕ ਵੀ ਕਿਸੇ ਨੇ ਸ਼ਹੀਦ ਹੋਏ ਲੋਕਾਂ ਦੀ ਸਹੀ ਗਿਣਤੀ ਪਤਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਭੜਕੇ ਲੋਕਾਂ ਦੀ ਭੀੜ ਸ਼ਹਿਰ ਵਿਚ ਖਿੰਡ ਗਈ। ਉਨ੍ਹਾਂ ਦੇ ਸਾਹਮਣੇ, ਲੀਡਰਾਂ ਦੀ ਰਿਹਾਈ ਦੀ ਮੰਗ ਕਰਨ ਗਏ ਲੋਕਾਂ ਨੂੰ ਗੋਲੀਆਂ ਨਾਲ ਭੁਨਿੰਆਂ ਜਾ ਚੁੱਕਾ ਸੀ। ਹੁਣ ਉਹ ਹਰ ਦਿਸਦੇ ਅੰਗਰੇਜ਼ ਤੋਂ ਬਦਲਾ ਲੈਣ ਦੀ ਕੋਸ਼ਿਸ਼ ਵਿਚ ਸਨ। ਸਰਕਾਰ ਅਜਿਹੇ ਖਤਰੇ ਤੋਂ ਪਹਿਲਾਂ ਹੀ ਸੁਚੇਤ ਸੀ ਅਤੇ ਜ਼ਿਅਦਾਤਰ ਅੰਗਰੇਜ਼ਾਂ ਨੂੰ ਸਿਵਲ ਲਾਈਨ ਵਿਚ ਲਿਆਂਦਾ ਜਾ ਚੁੱਕਾ ਸੀ ਪਰ ਅਜੇ ਵੀ ਕੁਝ ਅੰਗਰੇਜ਼ ਸ਼ਹਿਰ ਵਿਚ ਰਹਿ ਗਏ ਸਨ, ਜਿਨ੍ਹਾਂ ਵਿਚੋਂ ਕੁਝ ਇਨ੍ਹਾਂ ਲੋਕਾਂ ਦੀ ਮਾਰ ਹੇਠ ਆਏ। ਨੈਸ਼ਨਲ ਬੈਂਕ ਦੇ ਮੈਨੇਜਰ ਸਟੀਵਾਰਟ ਅਤੇ ਸਹਾਇਕ ਮੈਨੇਜਰ ਸਕਾਟ ਨੂੰ ਲੋਕਾਂ ਕੁੱਟ ਕੁੱਟ ਕੇ ਮਾਰ ਦਿੱਤਾ ਅਤੇ ਬੈਂਕ ਨੂੰ ਲੁੱਟ ਕੇ ਅੱਗ ਲਾ ਦਿੱਤੀ। ਅਲਾਇੰਸ ਬੈਂਕ ਦੇ ਮੈਨੇਜਰ ਥੌਮਸਨ ਨੇ ਅਪਣੇ ਪਸਤੌਲ ਨਾਲ ਲੋਕਾਂ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਵੀ ਲੋਕਾਂ ਮਾਰ ਦਿੱਤਾ, ਲਾਸ਼ ਗਲੀ ਵਿਚ ਸੁੱਟ ਕੇ ਅੱਗ ਲਾ ਦਿੱਤੀ। ਚਾਰਟਰ ਬੈਂਕ ਦੇ ਮੈਨੇਜਰ ਥੋਮਸਨ ਅਤੇ ਉਸ ਦੇ ਸਹਾਇਕ ਰੌਸ ਨੇ ਵੀ ਸੜ ਕੇ ਮਰ ਜਾਣਾ ਸੀ, ਜੇਕਰ ਪਤਾ ਲੱਗਣ ਤੇ ਥਾਣੇਦਾਰ ਅਹਿਮਦ ਜਾਨ ਨਾ ਆਉਂਦਾ ਜਿਸ ਨੇ ਆ ਕੇ ਤਰਕੀਬਨ 2000 ਲੋਕਾਂ ਨੂੰ ਖਿਲਾਰ ਦਿੱਤਾ ਅਤੇ ਦੋਨਾਂ ਨੂੰ ਬੈਂਕ ਦੀ ਉਪਰਲੀ ਮੰਜ਼ਿਲ ਵਿਚੋਂ ਸੁਰੱਖਿਅਤ ਕੱਢ ਲਿਆ। ਰੇਲਵੇ ਸਟੇਸ਼ਨ ਤੇ ਰੋਬਿੰਨਸਨ ਅਤੇ ਸਾਰਜੈਂਟ ਰੋਲੈਂਡ ਮਾਰੇ ਗਏ। ਇੱਕ ਅੰਗਰੇਜ਼ ਔਰਤ ਮਾਰਸੀਆ ਸ਼ੇਰਵੁੱਡ ਜੋ ਸਕੂਲ ਸੁਪਰਡੈਂਟ ਸੀ ਸਾਇਕਲ ਤੇ ਸਕੂਲ ਬੰਦ ਕਰਵਾਉਣ ਜਾ ਰਹੀ ਸੀ। ਉਸ ਨੂੰ ਇੱਕ ਗਰੁੱਪ ਨੇ ਘੇਰ ਲਿਆ, ਇੱਕ ਵਾਰ ਤਾਂ ਉਹ ਬੱਚ ਕੇ ਨਿਕਲ ਗਈ, ਪਰ ਗੁਆਚੀ ਫਿਰਦੀ ਗਲੀ ਕੂਚਾ ਕੁੜੀਛਾਂ ਵਿਚ ਉਸੇ ਭੀੜ ਦੇ ਸਾਹਮਣੇ ਆ ਗਈ, ਜਿਨ੍ਹਾਂ ਉਸ ਨੂੰ ਕੁੱਟ ਕੇ ਮਰਿਆ ਸਮਝ ਛੱਡ ਦਿੱਤਾ ਪਰ ਉਨ੍ਹਾਂ ਦੇ ਚਲੇ ਜਾਣ ਤੇ, ਇੱਕ ਪਰਿਵਾਰ ਨੇ ਉਸ ਨੂੰ ਸਾਂਭ ਕੇ ਬਚਾ ਲਿਆ। ਟਾਊਨ ਹਾਲ ਤੇ ਸਬ ਪੋਸਟ ਆਫਿਸ ਨੂੰ ਅੱਗ ਲਗਾ ਦਿੱਤੀ ਗਈ। ਤਾਰ ਘਰ ਤਹਿਸ ਨਹਿਸ ਕਰ ਦਿੱਤਾ ਗਿਆ, ਰੇਲਵੇ ਸਟੇਸ਼ਨ ‘ਤੇ ਪਿਆ ਮਾਲ ਲੁੱਟ ਲਿਆ ਗਿਆ।
ਉਸ ਤੋਂ ਅਗਲੇ ਦਿਨ ਬਰਗੇਡੀਅਰ ਜਨਰਲ ਹੈਰੀ ਡਾਇਰ ਜੋ ਜਲੰਧਰ ਬਰਗੇਡ ਦਾ ਕਮਾਂਡਰ ਸੀ ਅੰਮ੍ਰਿਤਸਰ ਆ ਗਿਆ ਅਤੇ ਬਿਨਾਂ ਕਿਸੇ ਮਾਰਸ਼ਲ ਲਾਅ ਦਾ ਐਲਾਨ ਕੀਤੇ ਜਾਣ ਤੋਂ ਆਪ ਹੀ ਸ਼ਹਿਰ ਦੇ ਅਮਨ ਕਾਨੂੰਨ ਨਾਲ ਸਬੰਧਿਤ ਫੈਸਲੇ ਲੈਣ ਲੱਗਾ। ਉਸ ਨੇ ਭਾਰਤੀਆਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਸੀ, ਜਿਸ ਦਾ ਨਤੀਜਾ 13 ਅਪਰੈਲ ਨੂੰ ਸ਼ਾਂਤੀ ਨਾਲ ਜਲਸਾ ਕਰ ਰਹੇ ਲੋਕਾਂ ਤੇ ਅੰਨ੍ਹੇ ਵਾਹ ਗੋਲੀਆਂ ਚਲਾ ਕੇ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕਰਨ ਵਿਚ ਨਿਕਲਿਆ। ਇਸ ਤੋਂ ਬਾਅਦ ਅਮ੍ਰਿਤਸਰ ਵਿਚ ਲੋਕਾਂ ਨੂੰ ਜਲੀਲ ਕਰਨ ਲਈ ਉਸ ਨੇ ਕਈ ਦਿਨ ਹਾਸੋਹੀਣੇ ਨੀਚ ਹੁਕਮ ਲਾਗੂ ਕੀਤੇ, ਜਿਨ੍ਹਾਂ ਵਿਚ ਕੁਝ ਕੁ ਇਸ ਤਰ੍ਹਾਂ ਸਨ।
ਗਲੀ ਕੂਚਾ ਕੁੜੀਛਾਂ ਜਿਥੇ ਸ਼ੇਰਵੁੱਡ ਕੁੱਟੀ ਗਈ ਸੀ, ਵਿਚ ਕਿਸੇ ਨੇ ਵੀ ਜਾਣਾ ਤਾਂ ਕੂਹਣੀਆਂ ‘ਤੇ ਰੀਂਘਦਾ ਜਾਵੇ, ਜੇਕਰ ਕੁਝ ਵੀ ਕੁਤਾਹੀ ਹੋਈ ਜਾਂ ਸਰੀਰ ਉਪਰ ਚੁੱਕਿਆ ਤਾਂ 30 ਕੋੜੇ ਮਾਰਨ ਦੀ ਸਜ਼ਾ ਦਿੱਤੀ ਜਾਵੇ। ਜੇਕਰ ਕੋੜੇ ਖਾਂਦਿਆਂ ਕੋਈ ਬੇਹੋਸ਼ ਹੋ ਜਾਂਦਾ ਤਾਂ ਹੋਸ਼ ਆਉਣ ਤੇ ਬਾਕੀ ਦੇ ਕੋੜੇ ਮਾਰੇ ਜਾਂਦੇ।
ਹਰ ਲੰਘ ਰਹੇ ਅੰਗਰੇਜ਼ ਨੂੰ ਸਲੂਟ ਮਾਰਨਾ ਲਾਜ਼ਮੀ ਸੀ, ਕਈਆਂ ਨੂੰ ਬੱਸ ਐਵੇਂ ਕਿ ਤੂੰ ਸਹੀ ਸਲੂਟ ਨਹੀਂ ਮਾਰਿਆ, ਕਹਿ ਕੇ ਕੋੜੇ ਮਾਰਨ ਦੀ ਸਜ਼ਾ ਸੁਣਾ ਦਿੱਤੀ ਜਾਂਦੀ, ਲੋਕਾਂ ਨੂੰ ਸੋਟੀ ਰੱਖਣ ਤੇ ਵੀ ਪਾਬੰਦੀ ਲਾ ਦਿੱਤੀ। ਸ਼ਹਿਰ ਵਿਚੋਂ ਪੁਲਿਸ ਨੇ ਸੋਟੀਆਂ ਥਾਣੇ ਸੁਟਵਾ ਲਈਆਂ।
ਕੋਈ ਵੀ ਵਿਅੱਕਤੀ ਜੇਕਰ ਇੱਕ ਡਾਂਗ ਦੀ ਲੰਬਾਈ ਤੋਂ ਘੱਟ ਦੂਰੀ ‘ਤੇ ਕਿਸੇ ਅੰਗਰੇਜ਼ ਅਫਸਰ ਕੋਲ ਆ ਜਾਂਦਾ ਤਾਂ ਵੀ ਕੋੜੇ ਮਾਰੇ ਜਾਂਦੇ।
ਭਾਰਤੀਆਂ ਨੂੰ ਅਪਣੇ ਸਾਇਕਲ ਫੌਜੀ ਛਾਉਣੀ ਵਿਚ ਜਮਾਂ ਕਰਵਾਉਣ ਦਾ ਹੁਕਮ ਚਾੜ੍ਹ ਦਿੱਤਾ।
ਭਾਰਤੀ ਵਕੀਲਾਂ ਨੂੰ ਇਹ ਕਹਿ ਕਿ ਐਮਰਜੈਂਸੀ ਹਾਲਤ ਹੋਣ ਕਾਰਨ ਤੁਹਾਡੀਆਂ ਸੇਵਾਵਾਂ ਦੀ ਸਰਕਾਰ ਨੂੰ ਲੋੜ ਹੈ ਸਭ ਨੂੰ ਅਰਦਲੀ ਦੀਆਂ ਡਿਊਟੀਆਂ ਨਿਭਾਉਣ ਲਈ ਕਿਹਾ, ਜਿਸ ਵਿਚ ਕਈ ਦਿਨ ਉਨ੍ਹਾਂ ਤੋਂ ਆਮ ਨੌਕਰਾਂ ਵਾਂਗ ਕੰਮ ਲਿਆ ਗਿਆ।
ਜਲਿਆਂਵਾਲੇ ਬਾਗ ਦੇ ਖੂਨੀ ਕਾਰੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਪੰਜਾਬ ਵਿਚ ਉਸ ਵੇਲੇ ਦੇ ਲੈਫਟੀਨੈਂਟ ਗਵਰਨਰ ਮਾਇਕਲ ਓਡਵਾਇਰ ਨੂੰ ਇੰਗਲੈਂਡ ਵਿਚ ਮਾਰ ਕੇ ਲਿਆ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …