6.3 C
Toronto
Friday, October 31, 2025
spot_img
Homeਸੰਪਾਦਕੀਅਮਰੀਕਾ ਅਤੇ ਚੀਨ ਵਿਚਾਲੇ ਸਮਝੌਤਾ

ਅਮਰੀਕਾ ਅਤੇ ਚੀਨ ਵਿਚਾਲੇ ਸਮਝੌਤਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਹੋਈ ਮੀਟਿੰਗ ਨੂੰ ਸਫ਼ਲ ਦੱਸਦਿਆਂ ਕਿਹਾ ਕਿ ਉਹ ਚੀਨ ‘ਤੇ ਲਗਾਏ ਗਏ ਟੈਕਸ ‘ਚ ਦਸ ਫ਼ੀਸਦ ਕਟੌਤੀ ਕਰਨਗੇ। ਰਾਸ਼ਟਰਪਤੀ ਟਰੰਪ ਨੇ ਏਅਰ ਫੋਰਸ ਵਨ ਜਹਾਜ਼ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਇਸ ਸਾਲ ਦੇ ਸ਼ੁਰੂ ‘ਚ ਚੀਨ ‘ਤੇ ਜੁਰਮਾਨੇ ਤਹਿਤ ਲਾਏ ਗਏ 20 ਫ਼ੀਸਦ ਟੈਕਸ ‘ਚ ਕਟੌਤੀ ਕਰਕੇ ਇਸ ਨੂੰ 10 ਫ਼ੀਸਦ ਕਰ ਦੇਵੇਗਾ। ਇਹ ਟੈਰਿਫ ਫੈਂਟਾਨਿਲ ਬਣਾਉਣ ‘ਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਵਿਕਰੀ ਨੂੰ ਲੈ ਕੇ ਲਾਏ ਗਏ ਸਨ। ਇਸ ਕਟੌਤੀ ਨਾਲ ਚੀਨ ‘ਤੇ ਕੁੱਲ ਟੈਕਸ 57 ਤੋਂ ਘੱਟ ਕੇ 47 ਫ਼ੀਸਦ ਰਹਿ ਜਾਵੇਗਾ।
ਇਸੇ ਦੌਰਾਨ ਡੋਨਾਲਡ ਟਰੰਪ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਏਅਰ ਬੇਸ ‘ਤੇ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨੂੰ ਮਿਲੇ। ਇਕ ਘੰਟਾ ਤੇ 40 ਮਿੰਟ ਦੇ ਕਰੀਬ ਚੱਲੀ ਇਸ ਬੈਠਕ ਮਗਰੋਂ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਟੈਰਿਫਾਂ ਵਿਚ ਕਟੌਤੀ ਲਈ ਚੀਨ ਨਾਲ ਇੱਕ ਸਮਝੌਤਾ ਕੀਤਾ ਹੈ। ਅਮਰੀਕੀ ਸਦਰ ਨੇ ਕਿਹਾ ਕਿ ਇਸ ਦੇ ਬਦਲੇ ਵਿੱਚ ਪੇਈਚਿੰਗ ਅਮਰੀਕੀ ਸੋਇਆਬੀਨ ਦੀ ਖਰੀਦਦਾਰੀ ਮੁੜ ਸ਼ੁਰੂ ਕਰੇਗਾ, ਦੁਰਲੱਭ ਧਰਤੀ ਖਣਿਜਾਂ ਦੀ ਬਰਾਮਦ ਨੂੰ ਜਾਰੀ ਰੱਖੇਗਾ ਅਤੇ ਫੈਂਟਾਨਿਲ ਦੇ ਗੈਰਕਾਨੂੰਨੀ ਵਪਾਰ ਖਿਲਾਫ਼ ਕਾਰਵਾਈ ਕਰੇਗਾ।
ਸੂਤਰਾਂ ਮੁਤਾਬਕ ਸਮਝੌਤੇ ਤਹਿਤ ਚੀਨੀ ਦਰਾਮਦਾਂ ‘ਤੇ ਲੱਗਦੇ 57 ਫੀਸਦ ਟੈਰਿਫ ਵਿਚ ਦਸ ਫੀਸਦ ਦੀ ਕਟੌਤੀ ਕੀਤੀ ਜਾਵੇਗੀ। ਦੋਵਾਂ ਆਗੂਆਂ ਦਰਮਿਆਨ ਨੇ ਬੈਠਕ ਦੌਰਾਨ ਟੈਰਿਫ਼, ਕੰਪਿਊਟਰ ਚਿੱਪ, ਦੁਰਲੱਭ ਧਰਤੀ ਖਣਿਜਾਂ ਤੇ ਟਕਰਾਅ ਵਾਲੇ ਹੋਰਨਾਂ ਮੁੱਦਿਆਂ ‘ਤੇ ਚਰਚਾ ਕੀਤੀ। ਸ਼ੀ ਨਾਲ ਮੁਲਕਾਤ ਮਗਰੋਂ ਟਰੰਪ ਵਾਸ਼ਿੰਗਟਨ ਲਈ ਰਵਾਨਾ ਹੋ ਗਏ।
ਸਾਲ 2019 ਮਗਰੋਂ ਟਰੰਪ ਤੇ ਸ਼ੀ ਦੀ ਇਹ ਪਹਿਲੀ ਆਹਮੋ ਸਾਹਮਣੀ ਮੀਟਿੰਗ ਹੈ। ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਸੰਮੇਲਨ ਤੋਂ ਇਕਪਾਸੇ ਹੋਈ ਇਹ ਮੀਟਿੰਗ ਦੋ ਘੰਟੇ (ਇਕ ਘੰਟਾ ਤੇ 40 ਮਿੰਟ) ਦੇ ਕਰੀਬ ਚੱਲੀ। ਟਰੰਪ ਨੇ ਹੱਥ ਮਿਲਾਇਆ ਅਤੇ ਸ਼ੀ ਨੂੰ ਆਪਣੀ ਕਾਰ ਤੱਕ ਲੈ ਗਏ। ਅਮਰੀਕੀ ਰਾਸ਼ਟਰਪਤੀ ਨੂੰ ਹਵਾਈ ਅੱਡੇ ‘ਤੇ ਰੈੱਡ ਕਾਰਪੈਟ ਵਿਛਾ ਕੇ ਵਿਦਾਇਗੀ ਦਿੱਤੀ ਗਈ।
ਦੱਖਣੀ ਬੰਦਰਗਾਹੀ ਸ਼ਹਿਰ ਬੁਸਾਨ ਵਿੱਚ ਹੋਈ ਇਹ ਮੁਲਾਕਾਤ ਟਰੰਪ ਦੇ ਇਸ ਸਾਲ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਆਗੂਆਂ ਦਰਮਿਆਨ ਪਹਿਲੀ ਮਿਲਣੀ ਸੀ। ਬੈਠਕ ਤੋਂ ਪਹਿਲਾਂ ਟਰੰਪ ਨੇ ਸ਼ੀ ਨਾਲ ਹੱਥ ਮਿਲਾਉਂਦੇ ਹੋਏ ਕਿਹਾ, ”ਸਾਡੀ ਇਹ ਮੁਲਾਕਾਤ ਬਹੁਤ ਸਫ਼ਲ ਹੋਣ ਜਾ ਰਹੀ ਹੈ, ਤੇ ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੈ। ਪਰ ਉਹ (ਸ਼ੀ) ਇੱਕ ਬਹੁਤ ਹੀ ਸਖ਼ਤ ਵਾਰਤਾਕਾਰ ਹਨ।”
ਦੋਵੇਂ ਆਗੂ ਜਦੋਂ ਗੱਲਬਾਤ ਸ਼ੁਰੂ ਕਰਨ ਲਈ ਆਪਣੇ ਵਫ਼ਦਾਂ ਨਾਲ ਬੈਠੇ, ਤਾਂ ਸ਼ੀ ਨੇ ਇੱਕ ਅਨੁਵਾਦਕ ਰਾਹੀਂ ਟਰੰਪ ਨੂੰ ਦੱਸਿਆ ਕਿ ਦੁਨੀਆ ਦੇ ਦੋ ਪ੍ਰਮੁੱਖ ਅਰਥਚਾਰਿਆਂ ਵਿੱਚ ਕਦੇ-ਕਦੇ ਟਕਰਾਅ ਹੋਣਾ ਸੁਭਾਵਕ ਤੇ ਆਮ ਗੱਲ ਹੈ। ਚੀਨੀ ਸਦਰ ਨੇ ਕਿਹਾ, ”ਕੁਝ ਦਿਨ ਪਹਿਲਾਂ… ਸਾਡੀਆਂ ਦੋ ਆਰਥਿਕ ਅਤੇ ਵਪਾਰਕ ਟੀਮਾਂ ਆਪਣੀਆਂ ਮੁੱਖ ਚਿੰਤਾਵਾਂ ਨੂੰ ਹੱਲ ਕਰਨ ਬਾਰੇ ਬੁਨਿਆਦੀ ਸਹਿਮਤੀ ‘ਤੇ ਪਹੁੰਚੀਆਂ। ਇਹ ਮੀਟਿੰਗ ਉਤਸ਼ਾਹਜਨਕ ਰਹੀ… ਮੈਂ ਚੀਨ-ਅਮਰੀਕਾ ਸਬੰਧਾਂ ਲਈ ਇੱਕ ਠੋਸ ਨੀਂਹ ਤਿਆਰ ਕਰਨ ਵਾਸਤੇ ਤੁਹਾਡੇ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਤਿਆਰ ਹਾਂ।” ਬੁੱਧਵਾਰ ਨੂੰ ਦੱਖਣੀ ਕੋਰੀਆ ਨਾਲ ਵਪਾਰਕ ਗੱਲਬਾਤ ਵਿੱਚ ਮਿਲੀ ਸਫਲਤਾ ਤੋਂ ਉਤਸ਼ਾਹਿਤ ਟਰੰਪ ਨੇ ਸ਼ੀ ਨਾਲ ਵਪਾਰ ਸਮਝੌਤਾ ਸਿਰੇ ਚੜ੍ਹਨ ਦੀ ਆਸ ਜਤਾਈ ਸੀ।
ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ‘ਸਭ ਤੋਂ ਵਧੀਆ ਦਿੱਖ ਵਾਲਾ ਵਿਅਕਤੀ’ ਦੱਸਿਆ। ਟਰੰਪ ਨੇ ਮੋਦੀ ਨੂੰ ਜਿੱਥੇ ‘ਪਿਤਾ’ ਦੱਸਿਆ, ਉਥੇ ਨਾਲ ਹੀ ਉਨ੍ਹਾਂ ਨੂੰ ‘ਕੀਲਣ ਵਾਲਾ’ ਅਤੇ ‘ਸਖ਼ਤ’ ਆਗੂ ਵੀ ਕਿਹਾ। ਅਮਰੀਕੀ ਸਦਰ ਨੇ ਦੋਵਾਂ ਮੁਲਕਾਂ ਦਰਮਿਆਨ ਜਲਦੀ ਹੀ ਇਕ ਵਪਾਰਕ ਸਮਝੌਤਾ ਸਿਰੇ ਚੜ੍ਹਨ ਦਾ ਸੰਕੇਤ ਦਿੱਤਾ। ਇਸ ਦੌਰਾਨ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਇਸ ਸਾਲ ਮਈ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਟਾਲਣ ਲਈ ਖੁਦ ਨਿੱਜੀ ਤੌਰ ‘ਤੇ ਦਖ਼ਲ ਦਿੱਤਾ ਤੇ ਦੋਵਾਂ ਮੁਲਕਾਂ ਨੂੰ ਵਪਾਰ ਸਮਝੌਤੇ ਦੀ ਘੁਰਕੀ ਦਿੱਤੀ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਨਿੱਜੀ ਦਖਲ ਨੇ ਦੋ ਪ੍ਰਮਾਣੂ ਹਥਿਆਰਬੰਦ ਮੁਲਕਾਂ ਦਰਮਿਆਨ ਤਣਾਅ ਘਟਾਉਣ ਵਿੱਚ ਮਦਦ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਟਕਰਾਅ ਦੌਰਾਨ ਸੱਤ ਜਹਾਜ਼ਾਂ ਨੂੰ ਡੇਗਿਆ ਗਿਆ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਸ ਟਕਰਾਅ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਦੋਵਾਂ ਨਾਲ ਨਿੱਜੀ ਤੌਰ ‘ਤੇ ਸੰਪਰਕ ਕੀਤਾ ਤੇ ਇਸ ਮਤੇ ਨੂੰ ਵਪਾਰਕ ਗੱਲਬਾਤ ਨਾਲ ਜੋੜਿਆ। ਟਰੰਪ ਨੇ ਕਿਹਾ ਕਿ ਮੈਂ ਭਾਰਤ ਨਾਲ ਇੱਕ ਵਪਾਰਕ ਸਮਝੌਤਾ ਕਰ ਰਿਹਾ ਹਾਂ, ਅਤੇ ਮੈਨੂੰ ਪ੍ਰਧਾਨ ਮੰਤਰੀ ਮੋਦੀ ਲਈ ਬਹੁਤ ਸਤਿਕਾਰ ਅਤੇ ਪਿਆਰ ਹੈ। ਸਾਡੇ ਵਿੱਚ ਇੱਕ ਵਧੀਆ ਰਿਸ਼ਤਾ ਹੈ। ਇਸੇ ਤਰ੍ਹਾਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇੱਕ ਵਧੀਆ ਵਿਅਕਤੀ ਹਨ। ਉਨ੍ਹਾਂ ਕੋਲ ਇੱਕ ਫੀਲਡ ਮਾਰਸ਼ਲ ਹੈ। ਤੁਸੀਂ ਜਾਣਦੇ ਹੋ ਕਿ ਉਹ ਇੱਕ ਫੀਲਡ ਮਾਰਸ਼ਲ ਕਿਉਂ ਹੈ? ਉਹ ਇੱਕ ਮਹਾਨ ਲੜਾਕੂ ਹੈ। ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਜਾਣਦਾ ਹਾਂ। ਦੋਵਾਂ ਮੁਲਕਾਂ ਵਿਚਾਲੇ ਟਕਰਾਅ ਦੌਰਾਨ ਸੱਤ ਜਹਾਜ਼ਾਂ ਨੂੰ ਡੇਗ ਦਿੱਤਾ ਗਿਆ ਸੀ। ਇਹ ਦੋ ਪ੍ਰਮਾਣੂ ਦੇਸ਼ ਹਨ। ਅਤੇ ਉਹ ਸੱਚਮੁੱਚ ਇਸ ‘ਤੇ ਕੰਮ ਕਰ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਵਪਾਰਕ ਸੌਦਾ ਨਹੀਂ ਕਰ ਸਕਦੇ। ਮੈਂ ਕਿਹਾ, ‘ਤੁਸੀਂ ਪਾਕਿਸਤਾਨ ਨਾਲ ਜੰਗ ਸ਼ੁਰੂ ਕਰ ਰਹੇ ਹੋ। ਅਸੀਂ ਇਹ ਨਹੀਂ ਕਰਨ ਜਾ ਰਹੇ।’ ਅਤੇ ਫਿਰ ਮੈਂ ਪਾਕਿਸਤਾਨ ਨੂੰ ਫ਼ੋਨ ਕੀਤਾ ਅਤੇ ਕਿਹਾ, ‘ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਾਂਗੇ ਕਿਉਂਕਿ ਤੁਸੀਂ ਭਾਰਤ ਨਾਲ ਲੜ ਰਹੇ ਹੋ।’ ਅਮਰੀਕੀ ਰਾਸ਼ਟਰਪਤੀ ਨੇ ਸਥਿਤੀ ਨਾਲ ਨਜਿੱਠਣ ਦੇ ਆਪਣੇ ਢੰਗ ਤਰੀਕੇ ਦੀ ਤੁਲਨਾ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵੀ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਕਿ ਕੀ ਬਾਇਡਨ ਵੀ ਇਸੇ ਤਰ੍ਹਾਂ ਦੇ ਨਤੀਜੇ ਪ੍ਰਾਪਤ ਕਰ ਸਕਦੇ ਸਨ।

RELATED ARTICLES
POPULAR POSTS