Breaking News
Home / ਸੰਪਾਦਕੀ / ਨਸ਼ੇ ਖ਼ਤਮ ਕਰਨ ‘ਚ ਨਾਕਾਮ ਰਹੀ ਹੈ ਪੰਜਾਬ ਸਰਕਾਰ

ਨਸ਼ੇ ਖ਼ਤਮ ਕਰਨ ‘ਚ ਨਾਕਾਮ ਰਹੀ ਹੈ ਪੰਜਾਬ ਸਰਕਾਰ

ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼ ਹੋਣ ਦੀ ਵੱਡੀ ਘਟਨਾ ਜਿਥੇ ਨਸ਼ੇ ਦੀ ਦਲਦਲ ਵਿਚ ਸੂਬੇ ਦੇ ਪੈਰ ਡੂੰਘਾਈ ਵਿਚ ਫਸਦੇ ਜਾਣ ਦਾ ਸੰਕੇਤ ਦਿੰਦੀ ਹੈ, ਉਥੇ ਇਸ ਨਾਲ ਸਰਕਾਰਾਂ ਦੇ ਇਨ੍ਹਾਂ ਦਾਅਵਿਆਂ ਦਾ ਵੀ ਖੰਡਨ ਹੁੰਦਾ ਹੈ ਕਿ ਪੰਜਾਬ ਵਿਚ ਨਸ਼ੇ ਦੇ ਪ੍ਰਸਾਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਰੋਕ ਲੱਗੀ ਹੈ। ਪੰਜਾਬ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇਕ ਵੱਡਾ ਮੁੱਦਾ ਸੀ ਅਤੇ ਮੌਜੂਦਾ ਸਰਕਾਰ ਦੇ ਗਠਨ ਲਈ ਇਹੀ ਮੁੱਦਾ ਵੱਡਾ ਦਾਅਵੇਦਾਰ ਬਣਿਆ ਸੀ। ਸੱਤਾਧਾਰੀ ਕਾਂਗਰਸ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਵੀ ਕੀਤਾ ਗਿਆ ਸੀ ਕਿ ਸੂਬੇ ਨੂੰ ਇਕ ਸਾਲ ਦੇ ਅੰਦਰ-ਅੰਦਰ ਨਸ਼ੀਲੇ ਪਦਾਰਥਾਂ ਦੀ ਖ਼ਤਰਨਾਕ ਬਿਮਾਰੀ ਤੋਂ ਮੁਕਤੀ ਦਿਵਾਈ ਜਾਵੇਗੀ ਅਤੇ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕੀਤਾ ਜਾਵੇਗਾ। ਪਰ ਹੁਣ ਸਥਿਤੀ ਇਹ ਹੈ ਕਿ ਨਾ ਸਿਰਫ਼ ਇਹ ਸਾਰੇ ਦਾਅਵੇ ਅਤੇ ਵਾਅਦੇ ਗ਼ਲਤ ਸਾਬਤ ਹੋਏ ਹਨ ਸਗੋਂ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਮੁਸਤੈਦੀ ਨਾਲ ਹੋਣ ਲੱਗਾ ਹੈ। ਇਸ ਗ਼ੈਰ-ਕਾਨੂੰਨੀ ਕਾਰੋਬਾਰ ਵਿਚ ਬਿਨਾ ਸ਼ੱਕ ਸੱਤਾ ਵਿਵਸਥਾ, ਰਾਜਨੀਤੀ ਅਤੇ ਪ੍ਰਸ਼ਾਸਨ, ਖ਼ਾਸ ਤੌਰ ‘ਤੇ ਪੁਲਿਸ ਪ੍ਰਸ਼ਾਸਨ ਬਰਾਬਰ ਦਾ ਸ਼ਰੀਕ ਹੈ, ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਇਸ ਤੱਥ ਦਾ ਪ੍ਰਮਾਣ ਪਿਛਲੇ ਕੁਝ ਸਮੇਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਪੁਲਿਸ ਅਤੇ ਸੈਨਿਕ ਬਲਾਂ ਦੇ ਕੁਝ ਲੋਕਾਂ ਦੀ ਗ੍ਰਿਫ਼ਤਾਰੀ ਨਾਲ ਮਿਲ ਜਾਂਦਾ ਹੈ। ਇਸ ਸੰਪੂਰਨ ਘਨਟਾਕ੍ਰਮ ਦਾ ਇਕ ਤ੍ਰਾਸਦੀ ਭਰਿਆ ਪੱਖ ਇਹ ਹੈ ਕਿ ਪਿਛਲੇ ਕੁਝ ਸਮੇਂ ਵਿਚ ਅਜਿਹੇ ਤਸਕਰਾਂ ਤੋਂ ਹਥਿਆਰਾਂ ਦੀ ਬਰਾਮਦਗੀ ਹੋਣਾ ਵੀ ਚਿੰਤਾਜਨਕ ਬਣਿਆ ਹੈ। ਨੀਮ ਫ਼ੌਜੀ ਬਲਾਂ ਤੱਕ ਇਸ ਤਸਕਰੀ ਦੀ ਸੂਹ ਨਾ ਪੁੱਜਣਾ ਇਸ ਲਈ ਵੀ ਚਿੰਤਤ ਕਰਨ ਵਾਲਾ ਹੈ ਕਿ ਅਜਿਹੀ ਘਟਨਾ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਦਾ ਕਾਰਨ ਵੀ ਬਣਦੀ ਹੈ।
ਮੌਜੂਦਾ ਤਸਕਰ ਗਰੋਹ ਦਾ ਨੈੱਟਵਰਕ ਪੰਜਾਬ, ਹਿਮਾਚਲ, ਹਰਿਆਣਾ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਸਣੇ 11 ਰਾਜਾਂ ਤੱਕ ਫੈਲਿਆ ਹੈ। ਇਸ ਗਰੋਹ ਦਾ ਮੁੱਖ ਕਾਰੋਬਾਰ ਨਸ਼ੀਲੇ ਮੈਡੀਕਲ ਪਦਾਰਥਾਂ ਅਤੇ ਖ਼ਾਸ ਤੌਰ ‘ਤੇ ਨਸ਼ਿਆਂ ਦੀਆਂ ਗੋਲੀਆਂ ਨਾਲ ਜੁੜਿਆ ਹੈ। ਇਸ ਗਰੋਹ ਦੇ ਗ੍ਰਿਫ਼ਤਾਰ ਹੋਏ 20 ਮੈਂਬਰਾਂ ਤੋਂ ਲੱਖਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਦੇ ਨਾਲ 70 ਲੱਖ ਰੁਪਏ ਨਕਦੀ ਬਰਾਮਦ ਕੀਤਾ ਜਾਣਾ ਇਸ ਮਾਮਲੇ ਦੀ ਗੰਭੀਰਤਾ ਨੂੰ ਵੀ ਦਰਸਾਉਂਦਾ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਗੰਭੀਰਤਾ ਨੂੰ ਇਸ ਗੱਲ ਨਾਲ ਵੀ ਸਮਝਿਆ ਜਾ ਸਕਦਾ ਹੈ ਕਿ ਦੋ ਹੀ ਦਿਨ ਪਹਿਲਾਂ ਅਟਾਰੀ ਸਰਹੱਦ ਪਾਰ ਤੋਂ ਸਰਗਰਮ ਇਕ ਤਸਕਰ ਦੀ ਕਰੋੜਾਂ ਰੁਪਏ ਦੀ ਜ਼ਮੀਨ-ਜਾਇਦਾਦ ਨੂੰ ਪ੍ਰਸ਼ਾਸਨ ਨੇ ਜ਼ਬਤ ਕਰ ਲਿਆ ਹੈ। ਦੇਸ਼ ਵਿਚ ਹੁਣ ਤੱਕ 6 ਹਜ਼ਾਰ ਕਰੋੜ ਰੁਪਏ ਦੀ ਸਭ ਤੋਂ ਵੱਡੀ ਹੈਰੋਇਨ ਤਸਕਰੀ ਦਾ ਸੌਦਾਗਰ ਪੰਜਾਬ ਪੁਲਿਸ ਵਿਚ ਡੀ. ਐਸ. ਪੀ. ਸੀ ਅਤੇ ਉਹ ਅੱਜ ਵੀ ਜੇਲ੍ਹ ਵਿਚ ਬੰਦ ਹੋਣ ਦੇ ਬਾਵਜੂਦ ਆਪਣੇ ਕਾਰੋਬਾਰ ਨੂੰ ਚਲਾ ਰਿਹਾ ਹੈ। ਬਿਨਾ ਸ਼ੱਕ ਇਸ ਪਿੱਛੇ ਰਾਜਨੀਤੀ, ਸੱਤਾ ਵਿਵਸਥਾ ਅਤੇ ਪ੍ਰਸ਼ਾਸਨਿਕ ਤੰਤਰ ਦੀ ਤਿਕੜੀ ਜ਼ਿੰਮੇਵਾਰ ਹੈ। ਬਠਿੰਡਾ ਵਿਚ ਇਕ ਸਹਾਇਕ ਪੁਲਿਸ ਥਾਣੇਦਾਰ ਦਾ ਪਰਿਵਾਰ ਸਣੇ ਹੈਰੋਇਨ ਦਾ ਤਸਕਰੀ ਵਿਚ ਪਾਇਆ ਜਾਣਾ ਇਸ ਚਿੰਤਾ ਨੂੰ ਵਧਾਉਂਦਾ ਹੈ। ਪਿਛਲੇ ਦਿਨੀਂ ਗੁਰਦਾਸਪੁਰ ਤੋਂ ਸਰਹੱਦ ਪਾਰ ਨਸ਼ਾ ਤਸਕਰੀ ਦੇ ਇਕ ਵੱਡੇ ਗਰੋਹ ਦੇ ਗ੍ਰਿਫ਼ਤਾਰ ਮੈਂਬਰਾਂ ਵਿਚੋਂ ਇਕ ਬੀ. ਐਸ. ਐਫ. ਦਾ ਇਕ ਜਵਾਨ ਹੈ ਅਤੇ ਇਕ ਫ਼ੌਜੀ ਜਵਾਨ ਵੀ ਸ਼ਾਮਿਲ ਪਾਇਆ ਗਿਆ ਹੈ। ਇਨ੍ਹਾਂ ‘ਤੇ ਜਾਸੂਸੀ ਦਾ ਵੀ ਸ਼ੱਕ ਹੈ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੇਸ਼ ਦੀ ਸੁਰੱਖਿਆ ਵੀ ਖ਼ਤਰਾ ਬਣ ਸਕਦੀ ਹੈ। ਇਸ ਤੋਂ ਇਕ ਦਿਨ ਪਹਿਲਾਂ ਹੀ ਰਾਵੀ ਨਦੀ ਦੇ ਵਹਾਅ ਰਾਹੀਂ ਲਿਆਂਦੀ ਜਾ ਰਹੀ ਸਵਾ ਤਿੰਨ ਅਰਬ ਰੁਪਏ ਦੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਸੀ।
ਜਿਥੋਂ ਤੱਕ ਪੰਜਾਬ ਵਿਚ ਨਸ਼ੇ ਦੇ ਪ੍ਰਸਾਰ ਦਾ ਸਬੰਧ ਹੈ ਕਈ ਪਿੰਡਾਂ ਦੇ ਪੂਰੇ ਦੇ ਪੂਰੇ ਪਰਿਵਾਰ ਇਸ ਨਾਲ ਗ੍ਰਸਤ ਪਾਏ ਗਏ ਹਨ। ਇਸੇ ਸਾਲ 28 ਜੂਨ ਨੂੰ ਪੰਜਾਬ ਦਾ ਇਕ ਗਾਇਕ ਨਸ਼ੇ ਦਾ ਟੀਕਾ ਲਗਾਉਣ ਦੌਰਾਨ ਆਪਣੇ ਘਰ ਦੇ ਵਿਹੜੇ ਵਿਚ ਡਿਗ ਕੇ ਮਰ ਗਿਆ ਸੀ। ਇਸੇ ਦੌਰਾਨ ਤਰਨ ਤਾਰਨ ਦੇ ਕੈਰੋਂ ਵਿਚ ਪਿਛਲੇ ਮਹੀਨੇ ਇਕ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਸ਼ੇ ਦੀ ਭੇਟ ਚੜ੍ਹ ਜਾਣ ਦੀ ਖ਼ਬਰ ਵੀ ਬਹੁਤ ਦੁਖਦਾਈ ਹੈ। ਇਸ ਪਰਿਵਾਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਬਹੁਤ ਪੈਸਾ ਕਮਾਇਆ। ਪਰ ਇਹੀ ਪੈਸਾ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣਿਆ। ਘਰ ਦੇ ਇਕ ਮੈਂਬਰ ਨੇ ਨਸ਼ੇ ਦੀ ਲੋਰ ਵਿਚ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਕਰ ਦਿੱਤੀ। ਇਸ ਪਰਿਵਾਰ ਦੀ ਮਾਂ ਅਤੇ ਭੈਣਾਂ ਜੇਲ੍ਹ ਵਿਚ ਸਜ਼ਾ ਭੁਗਤਣ ਦੌਰਾਨ ਮਰ ਚੁੱਕੀਆਂ ਹਨ ਅਤੇ ਹਤਿਆਰੇ ਦੀ ਭੈਣ ਅਤੇ ਦੋ ਹੋਰ ਭਰਾ ਜੇਲ੍ਹ ਵਿਚ ਬੰਦ ਹਨ। ਇਸੇ ਕਾਰਨ ਉਹ ਸਮੂਹਿਕ ਹੱਤਿਆ ਕਾਂਡ ਤੋਂ ਬਚ ਵੀ ਗਏ। ਲੁਧਿਆਣਾ ਵਿਚ ਵੀ ਹਾਲ ਹੀ ਵਿਚ ਇਕ ਨੌਜਵਾਨ ਨਸ਼ੇ ਦੀ ਭਾਰੀ ਡੋਜ਼ ਕਾਰਨ ਮਾਰਿਆ ਗਿਆ।
ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਇਹ ਇਕ ਬੜੀ ਗੰਭੀਰ ਸਥਿਤੀ ਬਣ ਗਈ ਹੈ। ਰਾਜਨੀਤਕ ਦਲਾਂ ਨੂੰ ਸੱਤਾ ਦੇ ਮੋਹ ਨੇ ਗ੍ਰਸਤ ਕਰ ਰੱਖਿਆ ਹੈ। ਸਰਕਾਰ ਕੋਲ ਇਸ ਤਰ੍ਹਾਂ ਦੇ ਮਹੱਤਵਪੂਰਨ ਕੰਮਾਂ ਨੂੰ ਪੂਰਾ ਕਰਨ ਲਈ ਸਮਾਂ ਹੀ ਨਹੀਂ ਬਚਦਾ ਜਾਪਦਾ। ਸਮਾਜ ਅਤੇ ਨਸ਼ੇ ਦੀ ਦਲਦਲ ਵਿਚ ਫ਼ਸੇ ਨੌਜਵਾਨਾਂ ਦੇ ਮਾਂ-ਪਿਓ ਆਪਣੀ ਮਜਬੂਰੀ ਜ਼ਾਹਰ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਕਰ ਸਕਦੇ। ਬਿਨਾ ਸ਼ੱਕ ਇਹ ਸਥਿਤੀ ਇਕ ਤ੍ਰਾਸਦੀ ਬਣਦੀ ਜਾ ਰਹੀ ਹੈ ਜਿਸ ਦਾ ਖਮਿਆਜ਼ਾ ਸੂਬੇ ਅਤੇ ਸਮਾਜ ਦੇ ਨੌਜਵਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਸਰਕਾਰਾਂ ਵਾਰੋ-ਵਾਰੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਨਸ਼ੇ ਦੇ ਇਸ ਪ੍ਰਸਾਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਵਚਨਬੱਧਤਾ ਨਾਲ ਚੱਲਣ ਦੀ ਕਿਸੇ ਕੋਲ ਫ਼ੁਰਸਤ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਜੇਕਰ ਸਰਕਾਰ ਰਾਜਸੀ ਆਗੂਆਂ, ਪ੍ਰਸ਼ਾਸਨ ਅਤੇ ਸਮਾਜ ਨੂੰ ਇਸ ਨੂੰ ਰੋਕਣ ਲਈ ਤੁਰੰਤ ਕਦਮ ਨਾ ਚੁੱਕੇ ਤਾਂ ਇਹ ਏਨਾ ਵਿਕਰਾਲ ਰੂਪ ਧਾਰਨ ਕਰ ਸਕਦੀ ਹੈ ਕਿ ਜਿਸ ਵਿਚੋਂ ਬਾਹਰ ਨਿਕਲਣਾ ਜੇਕਰ ਅਸੰਭਵ ਨਹੀਂ ਤਾਂ ਬੇਹੱਦ ਔਖਾ ਜ਼ਰੂਰ ਹੋ ਜਾਵੇਗਾ।
ਜਿੱਥੋਂ ਤੱਕ ਪੰਜਾਬ ਦੀ ਜਵਾਨੀ ਨੂੰ ਨਸ਼ਾ-ਮੁਕਤ ਕਰਨ ਦਾ ਸਵਾਲ ਹੈ, ਜੇਕਰ ਕਾਨੂੰਨੀ ਪੱਧਰ ਦੇ ਨਾਲ-ਨਾਲ ਸਮਾਜਿਕ ਤੇ ਮਨੋਵਿਗਿਆਨਕ ਪੱਧਰ ‘ਤੇ ਵੀ ਇੱਛਾ-ਸ਼ਕਤੀ ਨਾਲ ਸਿੱਟਾਮੁਖੀ ਯੋਜਨਾਵਾਂ ਅਮਲ ‘ਚ ਲਿਆਂਦੀਆਂ ਜਾਣ ਤਾਂ ਨਸ਼ਾ-ਮੁਕਤ ਪੰਜਾਬ ਸਿਰਜਿਆ ਜਾ ਸਕਦਾ ਹੈ। ਨੌਜਵਾਨ ਪੀੜ੍ਹੀ ਦੇ ਨਸ਼ਿਆਂ ਵਿਚ ਗਲਤਾਨ ਹੋਣ ਦਾ ਇਕ ਵੱਡਾ ਕਾਰਨ ਸਮਾਜਿਕ ਸਰੋਕਾਰਾਂ ਨਾਲੋਂ ਟੁੱਟਣਾ ਹੈ। ਸਾਡੀ ਸਿੱਖਿਆ ਪ੍ਰਣਾਲੀ ਨੌਜਵਾਨਾਂ ਨੂੰ ਸਵੈਮੁਖੀ ਬਣਾ ਰਹੀ ਹੈ। ਨੌਜਵਾਨਾਂ ਨੂੰ ਵਿੱਦਿਅਕ ਡਿਗਰੀਆਂ ਲੈਣ ਤੋਂ ਬਾਅਦ ਕੇਵਲ ਨੌਕਰੀ ਦੀ ਭਾਲ ਰਹਿੰਦੀ ਹੈ ਅਤੇ ਢੁੱਕਵੀਂ ਨੌਕਰੀ ਨਾ ਮਿਲਣ ਕਾਰਨ ਘੋਰ ਨਿਰਾਸ਼ਾ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵੱਲ ਧੱਕ ਰਹੀ ਹੈ। ਇਸ ਲਈ ਸਿੱਖਿਆ ਦੇ ਵਪਾਰੀਕਰਨ ਅਤੇ ਨਿੱਜੀਕਰਨ ਨੂੰ ਰੋਕ ਕੇ ਸਿੱਖਿਆ ਪ੍ਰਬੰਧ ਨੂੰ ਸੁਧਾਰਨਾ ਪਵੇਗਾ, ਤਾਂ ਜੋ ਸਿੱਖਿਆਹਾਸਲ ਕਰਨ ਦਾ ਉਦੇਸ਼ ਕੇਵਲ ਨੌਕਰੀ ਹਾਸਲ ਕਰਨ ਦੀ ਥਾਂ, ਸਮਾਜ ‘ਚ ਗਿਆਨ ਦਾ ਪ੍ਰਕਾਸ਼ ਫ਼ੈਲਾਉਣਾ, ਸ਼ਖ਼ਸੀਅਤ ਉਸਾਰੀ ਤੇ ਹੱਥੀਂ ਕਿਰਤ ਕਰਨ ਦਾ ਸੱਭਿਆਚਾਰ ਪੈਦਾ ਕਰਨ ਵੱਲ ਸੇਧਿਤ ਹੋਵੇ। ਰੁਜ਼ਗਾਰ ਦੇ ਖੇਤਰ ‘ਚ ਵੀ ਸਰਕਾਰ ਨੂੰ ਹਰ ਵਿਅਕਤੀ ਨੂੰ ਯੋਗਤਾ ਮੁਤਾਬਕ ਢੁੱਕਵਾਂ ਰਿਜ਼ਕ ਦੇਣ ਦੇ ਵਸੀਲੇ ਪੈਦਾ ਕਰਨੇ ਪੈਣਗੇ। ਸਰਕਾਰੀ ਨੌਕਰੀਆਂ ਤੋਂ ਇਲਾਵਾ ਨਿੱਜੀ ਉਦਯੋਗਾਂ, ਅਦਾਰਿਆਂ ਤੇ ਹੋਰ ਲਘੂ ਇਕਾਈਆਂ ਵਿਚ ਹਰੇਕ ਕਰਮਚਾਰੀ ਦੀ ਯੋਗਤਾ, ਵੇਤਨ, ਤਰੱਕੀ ਅਤੇ ਹੋਰ ਲਾਭ ਸਰਕਾਰ ਵਲੋਂ ਤੈਅ ਹੋਣੇ ਚਾਹੀਦੇ ਹਨ।

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …