Breaking News
Home / ਘਰ ਪਰਿਵਾਰ / ਬਚਪਨ ਦੀ ਸੌਗਾਤ

ਬਚਪਨ ਦੀ ਸੌਗਾਤ

ਜਾਮਣਾਂ
ਬਚਪਨ ਵਿੱਚ ਹਾਣ ਨੂੰ ਹਾਣ ਪਿਆਰਾ ਦੇ ਸਿਧਾਂਤ ਅਨੁਸਾਰ ਤਰ੍ਹਾਂ ਤਰ੍ਹਾਂ ਦੇ ਤੌਰ ਤਰੀਕੇ ਦੋਸਤੀ ਨਿਭਾਉਣ ਲਈ ਨਿਭਾਏ ਜਾਂਦੇ ਹਨ। ਰੁੱਤਾਂ ਬਦਲਣ ਨਾਲ ਬਜ਼ੁਰਗਾਂ ਦੇ ਕੰਮ ਅਤੇ ਬੱਚਿਆਂ ਦੇ ਸ਼ੌਕ ਵੀ ਬਦਲ ਜਾਂਦੇ ਹਨ। ਵਰਖਾ ਰੁੱਤ ਸ਼ੁਰੂ ਹੁੰਦੇ ਕਈ ਤਰ੍ਹਾਂ ਦੇ ਚਾਅ ਮਲਾਰ ਅਤੇ ਖਾਣ ਪਕਵਾਨ ਚੱਲ ਪੈਂਦੇ ਹਨ। ਉਮਰ ਦੇ ਪੜਾਅ ਕਾਰਨ ਬੱਚਿਆਂ ਦੇ ਸੁਭਾਅ ਅਤੇ ਸੁਆਦ ਇੱਕੋ ਜਿਹੇ ਹੁੰਦੇ ਹਨ। ਆਪਣੇ ਅੰਦਰ ਵੀ ਝਾਤੀ ਮਾਰ ਕੇ ਦੇਖੀਏ ਜਾਮਣਾਂ ਤੋੜਨ ਦਾ ਅਤੇ ਖਾਣ ਦਾ ਵੱਖਰਾ ਵੱਖਰਾ ਸੁਆਦ ਸੀ। ਇੱਕ ਤਰ੍ਹਾਂ ਨਾਲ ਜਾਮਣ ਤੋਂ ਬਿਨਾ ਬਰਸਾਤ ਦੀ ਰੁੱਤ ਅਧੂਰੀ ਜਿਹੀ ਲੱਗਦੀ ਸੀ।
ਜਾਮਣ ਕਈ ਤਰ੍ਹਾਂ ਦੇ ਪ੍ਰਭਾਵ ਪਾਉਂਦੀ ਹੋਈ ਜਿਵੇਂ ਹੀ ਹਰੇ ਤੋਂ ਆਪਣੇ ਰੰਗ ਉੱਤੇ ਆਉਂਦੀ ਸੀ, ਬੱਚਿਆਂ ਨੂੰ ਮੇਲੇ ਜਾਣ ਤੋਂ ਵੱਧ ਚਾਅ ਹੋ ਜਾਂਦਾ ਸੀ। ਵੱਖਰਾ ਪਹਿਲੂ ਇਹ ਸੀ ਕਿ ਜਾਮਣਾਂ ਤੋੜਨ ਜਾਣ ਤੋਂ ਘਰਦੇ ਰੋਕਦੇ ਸਨ ਪਰ ਜਾਣਾ ਜ਼ਰੂਰ ਹੁੰਦਾ ਸੀ। ਇਸ ਦੌਰਾਨ ਘਰਦਿਆਂ ਨਾਲ ਲੁਕਣ ਮੀਚੀ ਚੱਲਦੀ ਰਹਿੰਦੀ ਸੀ। ਦੁਪਹਿਰੇ ਅਰਾਮ ਫਰਮਾ ਰਹੇ ਪਰਿਵਾਰ ਦੋਰਾਨ ਜਾਮਣਾਂ ਤੋੜਨ ਲਈ ਜਾਣ ਦਾ ਦਾਅ ਲੱਗ ਜਾਂਦਾ ਸੀ। ਬਿਨਾਂ ਮੋਬਾਇਲ ਫੋਨ ਤੋਂ ਜਾਮਣਾ ਥੱਲੇ ਸਾਰੇ ਸੰਗੀ ਸਾਥੀ ਸਹੀ ਸਮੇਂ ‘ਤੇ ਇਕੱਠੇ ਹੋ ਜਾਂਦੇ ਸੀ। ਇਸ ਤੋਂ ਵੱਡਾ ਏਕਤਾ ਅਤੇ ਪਿਆਰ ਦਾ ਸਬੂਤ ਅੱਜ ਵੀ ਕੋਈ ਨਹੀਂ ਮਿਲਦਾ। ਕਈ ਵਾਰ ਜਾਮਣ ਦੇ ਬੂਟੇ ਉੱਤੋਂ ਡਿੱਗ ਕੇ ਸੱਟਾਂ ਚੋਟਾਂ ਲੱਗ ਜਾਂਦੀਆਂ ਸਨ। ਸੰਗੀ ਸਾਥੀ ਆਪ ਹੀ ਇਲਾਜ ਕਰਵਾ ਲੈਂਦੇ ਸਨ। ਕੱਚਾ ਹੋਣ ਕਰਕੇ ਜਾਮਣ ਦੀਆਂ ਟਾਹਣੀਆਂ ਜਲਦੀ ਟੁੱਟ ਜਾਂਦੀਆਂ ਸਨ। ਜਾਮਣ ਨਾਲ ਵਰਖਾ ਰੁੱਤ ਦਾ ਮੇਲ ਸੁਹਾਵਣਾ ਵੀ ਲੱਗਦਾ ਹੈ। ਅੱਜ ਦੇ ਮੋਬਾਇਲ ਯੁੱਗ ਨਾਲੋਂ ਜਾਮਣਾਂ ਤੋੜਨ ਦਾ ਯੁੱਗ ਬਿਹਤਰ ਸੀ। ਬਚਪਨ ਵੇਲੇ ਮਨ ਵਿੱਚ ਵਸਿਆ ਜਾਮਣਾ ਦਾ ਜਾਮਣੀ ਰੰਗ ਸਾਰੀ ਉਮਰ ਪਹਿਰਾਵੇ ਦਾ ਹਾਣੀ ਵੀ ਬਣਿਆ ਰਹਿੰਦਾ।
ਜਿਵੇਂ ਹੀ ਹਮ ਸਾਥੀਆਂ ਦੀ ਡਾਰ ਗਲੀਆਂ ਗੋਹਰੀਆਂ ਵੱਲ ਨਿਕਲਦੀ ਅੰਦਾਜ਼ਾ ਲੱਗ ਜਾਂਦਾ ਸੀ ਕਿ ਚੱਲੇ ਜਾਮਣਾਂ ਤੋੜਨ। ਜਾਮਣ ਤੋੜਨ ਲਈ ਬੂਟੇ ਉੱਤੇ ਚੜ੍ਹਨਾ, ਥਲਿਓ ਵੱਟੇ ਮਾਰਨਾ, ਡੰਡਿਆਂ ਨਾਲ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤੇ ਜਾਂਦੇ ਸੀ । ਜਿਓਂ ਹੀ ਥੱਲੇ ਜਾਮਣਾਂ ਦੀ ਝੜੀ ਲੱਗਦੀ ਸੀ ਸਾਰੇ ਉਸ ਉੱਤੇ ਟੁੱਟ ਪੈਂਦੇ ਸੀ। ਬੂਟੇ ਉੱਤੇ ਗਿਆ ਸਾਥੀ ਹਲੂਣਾ ਦੇ ਕੇ ਜਾਮਣਾਂ ਝਾੜਦਾ ਹੋਇਆ ਥੱਲੇ ਵਾਲਿਆਂ ਤੋਂ ਆਪਣੇ ਹਿੱਸੇ ਦੀਆਂ ਜਾਮਣਾਂ ਰੱਖਣ ਦਾ ਵਾਅਦਾ ਲੈਂਦਾ ਸੀ। ਉੱਪਰ ਵਾਲੇ ਤੋਂ ਵੀ ਅਜਿਹੇ ਵਾਅਦੇ ਲਏ ਜਾਂਦੇ ਸਨ ।
ਜਾਮਣਾਂ ਝੋਲੀਆਂ, ਲਿਫਾਫਿਆਂ ਅਤੇ ਪੱਲਿਆਂ ਵਿੱਚ ਪਾ ਕੇ ਘਰਾਂ ਨੂੰ ਚਾਲੇ ਪਾਏ ਜਾਂਦੇ ਸਨ। ਰਸਤੇ ਵਿੱਚ ਜਾਮਣਾਂ ਮੰਗਣ ਅਤੇ ਖੋਹਣ ਵਾਲੇ ਵੀ ਮਿਲ ਜਾਂਦੇ ਹਨ। ਬੱਚਿਆਂ ਦੇ ਸੰਸਾਰ ਲਈ ਇਹ ਰੀਤ ਅੱਜ ਵੀ ਕਈ ਜਗਾ ਤਾਜ਼ਾ ਲੱਗਦੀ ਹੈ। ਜਾਮਣਾਂ ਖਾਣ ਨਾਲੋਂ ਤੋੜਨ ਦਾ ਸੁਆਦ ਅੱਜ ਭਾਵੇਂ ਫਿੱਕਾ ਲੱਗਦਾ ਹੈ, ਪਰ ਬਜ਼ਾਰ ਵਿੱਚੋਂ ਮੁੱਲ ਜਾਮਣਾਂ ਲੈਕੇ ਖਾਣ ਦਾ ਸੁਆਦ ਸੁਖਾਲਾ ਹੋ ਗਿਆ ਹੈ । ਕੁੱਲ ਮਿਲਾ ਕੇ ਅੱਜ ਵੀ ਕਿਹਾ ਜਾ ਸਕਦਾ ਹੈ ਕਿ ਜਾਮਣਾਂ ਖਾਣ ਨਾਲੋਂ ਤੋੜਨੀਆਂ ਵੱਧ ਸੁਆਦ ਲੱਗਦੀਆਂ ਹਨ।
ਇਸ ਰੁੱਤੇ ਵਰਖਾ ਸਭ ਕਾਸੇ ਨੂੰ ਸੁਹਾਵਣਾ ਬਣਾ ਦਿੰਦੀ ਸੀ। ਜਾਮਣਾਂ ਬੱਚਿਆਂ ਵਿੱਚ ਜ਼ਜਬਾਤ ਪੈਦਾ ਕਰਦੀ ਸੀ ਪਰ ਇਹ ਨਹੀਂ ਪਤਾ ਹੁੰਦੀ ਸੀ ਕਿ ਜਾਮਣ ਆਯੁਰਵੈਦਿਕ ਦਵਾਈ ਵੀ ਹੈ। ਜਾਮਣਾਂ ਦੇ ਨਾਲ ਕੱਚੀਆਂ ਅੰਬੀਆਂ ਵੀ ਤੋੜ ਕੇ ਖਾਧੀਆਂ ਜਾਂਦੀਆਂ ਸਨ। ਬਚਪਨ ਵਿੱਚ ਜਾਮਣਾ ਤੋੜਨਾ, ਖਾਣਾ ਅਤੇ ਵੰਡਣਾ ਰੂਹ ਦੀ ਖੁਰਾਕ ਹੁੰਦੀ ਸੀ। ਅਜਿਹੇ ਹਾਲਾਤ ਵਿੱਚ ਬਚਪਨ ਬਾਦਸ਼ਾਹ ਵੀ ਲੱਗਦਾ ਸੀ ।
-ਸੁਖਪਾਲ ਸਿੰਘ ਗਿੱਲ
987811445

Check Also

Dayanand Medical College & Hospital Ludhiana,Punjab,India

DMCH Infertility & IVF Unit  IVF with self and donor oocytes  ICSI and …