13.7 C
Toronto
Sunday, September 21, 2025
spot_img
Homeਜੀ.ਟੀ.ਏ. ਨਿਊਜ਼ਵੁਈ ਚੈਰਿਟੀ ਡੀਲ ਨਾਲ ਲਿਬਰਲਾਂ ਦਾ ਕੋਈ ਸਬੰਧ ਨਹੀਂ : ਕ੍ਰੇਗ

ਵੁਈ ਚੈਰਿਟੀ ਡੀਲ ਨਾਲ ਲਿਬਰਲਾਂ ਦਾ ਕੋਈ ਸਬੰਧ ਨਹੀਂ : ਕ੍ਰੇਗ

ਕੰਸਰਵੇਟਿਵ ਤੇ ਐਨਡੀਪੀ ਸਿਆਸਤਦਾਨਾਂ ਨਾਲ ਵੀ ਕੰਮ ਕਰ ਚੁੱਕੀ ਹੈ ਚੈਰਿਟੀ
ਓਟਵਾ/ਬਿਊਰੋ ਨਿਊਜ਼ : ਵੁਈ ਚੈਰਿਟੀ ਦੇ ਸਹਿ ਬਾਨੀ ਕ੍ਰੇਗ ਤੇ ਮਾਰਕ ਕੀਲਬਰਗਰ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਲਿਬਰਲ ਸਿਆਸਤਦਾਨਾਂ ਨਾਲ ਨੇੜਲੇ ਸਬੰਧਾਂ ਕਾਰਨ ਹੀ ਉਨ੍ਹਾਂ ਨੂੰ 912 ਮਿਲੀਅਨ ਡਾਲਰ ਵਾਲਾ ਸਟੂਡੈਂਟ ਵਾਲੰਟੀਅਰ ਗ੍ਰਾਂਟ ਪ੍ਰੋਗਰਾਮ ਹਾਸਲ ਹੋਇਆ। ਇਸ ਪ੍ਰੋਗਰਾਮ ਉੱਤੇ ਹਾਲ ਦੀ ਘੜੀ ਰੋਕ ਲਾ ਦਿੱਤੀ ਗਈ ਹੈ। ਇਹ ਦੋਵੇਂ ਸ਼ਖਸ ਹਾਊਸ ਆਫ ਕਾਮਨਜ਼ ਦੀ ਫਾਇਨਾਂਸ ਕਮੇਟੀ ਸਾਹਮਣੇ ਪੇਸ਼ ਹੋਏ। ਫੈਡਰਲ ਸਰਕਾਰ ਨਾਲ ਜੁੜੇ ਇਸ ਵਿਵਾਦ ਦੇ ਸਬੰਧ ਵਿੱਚ ਕਈ ਘੰਟਿਆਂ ਤੱਕ ਉਨ੍ਹਾਂ ਤੋਂ ਪੁੱਛਗਿੱਛ ਹੁੰਦੀ ਰਹੀ। ਪਰ ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਲੋਕਾਂ ਦੀ ਸੇਵਾ ਕਰਨ ਲਈ ਇਹ ਪ੍ਰੋਗਰਾਮ ਸਵੀਕਾਰ ਕੀਤਾ ਗਿਆ ਸੀ ਨਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਮਦਦ ਲਈ ਇਹ ਪ੍ਰੋਗਰਾਮ ਉਨ੍ਹਾਂ ਨੂੰ ਦਿੱਤਾ ਗਿਆ ਸੀ।ਕ੍ਰੇਗ ਕੀਲਬਰਗਰ ਨੇ ਕਮੇਟੀ ਨੂੰ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਬਹੁਤ ਪਹਿਲਾਂ ਹੀ ਸ਼ੁਰੂ ਕਰਨ ਦੀਆਂ ਤਿਆਰੀਆਂ ਇਸ ਲਈ ਕੀਤੀਆਂ ਗਈਆਂ ਸਨ ਕਿਉਂਕਿ ਉਹ ਇਸ ਪ੍ਰੋਗਰਾਮ ਨੂੰ ਲੈ ਕੇ ਕਾਫੀ ਉਤਾਵਲੇ ਸਨ। ਅਜਿਹਾ ਇਸ ਲਈ ਨਹੀਂ ਸੀ ਕੀਤਾ ਗਿਆ ਕਿ ਉਨ੍ਹਾਂ ਨੂੰ ਫੈਡਰਲ ਸਰਕਾਰ ਵੱਲੋਂ ਐਡਵਾਂਸ ਵਿੱਚ ਕੋਈ ਜਾਣਕਾਰੀ ਦਿੱਤੀ ਗਈ ਸੀ। ਦੋਵਾਂ ਨੇ ਆਖਿਆ ਕਿ ਚੈਰਿਟੀ ਕੰਜ਼ਰਵੇਟਿਵ ਤੇ ਐਨਡੀਪੀ ਸਿਆਸਤਦਾਨਾਂ ਨਾਲ ਵੀ ਅਤੀਤ ਵਿੱਚ ਕੰਮ ਕਰ ਚੁੱਕੀ ਹੈ। ਪਿਛਲੇ ਮਹੀਨੇ ਵੁਈ ਚੈਰਿਟੀ ਉਸ ਸਮੇਂ ਚਰਚਾ ਵਿੱਚ ਆਈ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਦੀ ਆਰਗੇਨਾਈਜੇਥਸ਼ਨ ਨੂੰ ਸਟੂਡੈਂਟ ਵਾਲੰਟੀਅਰ ਗ੍ਰਾਂਟ ਪ੍ਰੋਗਰਾਮ ਚਲਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਪ੍ਰਧਾਨ ਮੰਤਰੀ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਦੇ ਇਸ ਚੈਰਿਟੀ ਨਾਲ ਨਜ਼ਦੀਕੀ ਸਬੰਧ ਸਾਹਮਣੇ ਆਉਣ ਤੋਂ ਬਾਅਦ ਵੁਈ ਚੈਰਿਟੀ ਨੂੰ ਇਸ ਪ੍ਰੋਗਰਾਮ ਨਾਲੋਂ ਵੱਖ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਫੈਡਰਲ ਸਰਕਾਰ ਦੇ ਪਲੈਨ ਬੀ ਦੀ ਹਜ਼ਾਰਾਂ ਵਿਦਿਆਰਥੀ ਉਡੀਕ ਕਰ ਰਹੇ ਹਨ ਪਰ ਇਸ ਬਾਰੇ ਸਰਕਾਰ ਫਿਲਹਾਲ ਚੁੱਪ ਹੈ। ਟਰੂਡੋ ਤੇ ਉਨ੍ਹਾਂ ਦੇ ਚੀਫ ਆਫ ਸਟਾਫ ਕੇਟੀ ਟੈਲਫੋਰਡ ਵੀਰਵਾਰ ਨੂੰ ਕਮੇਟੀ ਸਾਹਮਣੇ ਪੇਸ਼ ਹੋ ਕੇ ਇਸੇ ਮੁੱਦੇ ਉਤੇ ਆਪੋ ਆਪਣਾ ਪੱਖ ਰੱਖਣਗੇ। ਕਿਸੇ ਵੀ ਮੌਜੂਦਾ ਪ੍ਰਧਾਨ ਮੰਤਰੀ ਦਾ ਪਾਰਲੀਆਮੈਂਟਰੀ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਬਹੁਤ ਹੀ ਅਲੋਕਾਰੀ ਗੱਲ ਹੈ। ਆਖਰੀ ਵਾਰੀ ਅਜਿਹਾ ਚੌਦਾਂ ਸਾਲ ਪਹਿਲਾਂ 2006 ਵਿੱਚ ਉਦੋਂ ਹੋਇਆ ਸੀ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸੈਨੇਟ ਕਮੇਟੀ ਸਾਹਮਣੇ ਪੇਸ਼ ਹੋ ਕੇ ਸੈਨੇਟ ਸੁਧਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ।

RELATED ARTICLES
POPULAR POSTS