Home / ਜੀ.ਟੀ.ਏ. ਨਿਊਜ਼ / ਬਦਲ ਰਹੇ ਕਲਾਈਮੇਟ ਦੇ ਪ੍ਰਭਾਵਾਂ ਤੋਂ ਬਚਣ ਲਈ ਸਾਡੀ ਕੋਈ ਤਿਆਰੀ ਨਹੀਂ : ਟਰੂਡੋ

ਬਦਲ ਰਹੇ ਕਲਾਈਮੇਟ ਦੇ ਪ੍ਰਭਾਵਾਂ ਤੋਂ ਬਚਣ ਲਈ ਸਾਡੀ ਕੋਈ ਤਿਆਰੀ ਨਹੀਂ : ਟਰੂਡੋ

ਓਟਵਾ/ਬਿਊਰੋ ਨਿਊਜ਼ : ਹਾਊਸ ਆਫ ਕਾਮਨ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਹੜ੍ਹਾਂ ਕਾਰਨ ਖਰਾਬ ਹੋਏ ਹਾਲਾਤ ਲਈ ਐਮਰਜੈਂਸੀ ਮੀਟਿੰਗ ਕੀਤੀ ਗਈ। ਜ਼ਿਆਦਾ ਜ਼ੋਰ ਇਸ ਗੱਲ ਉੱਤੇ ਦਿੱਤਾ ਗਿਆ ਕਿ ਬਦਲ ਰਹੇ ਕਲਾਈਮੇਟ ਦੇ ਪੈਣ ਵਾਲੇ ਪ੍ਰਭਾਵਾਂ ਤੋਂ ਦੇਸ਼ ਕਿਸ ਤਰ੍ਹਾਂ ਅਵੇਸਲਾ ਹੈ ਤੇ ਇਨ੍ਹਾਂ ਤੋਂ ਬਚਣ ਲਈ ਸਾਡੀ ਕੋਈ ਤਿਆਰੀ ਨਹੀਂ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵਾਰੀ ਫਿਰ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਫੈਡਰਲ ਸਰਕਾਰ, ਜਿਸ ਵੱਲੋਂ ਪਹਿਲਾਂ ਹੀ ਕੈਨੇਡੀਅਨ ਆਰਮਡ ਫੋਰਸਿਜ ਦੇ 500 ਮੈਂਬਰਾਂ ਨੂੰ ਮਦਦ ਲਈ ਉੱਥੇ ਤਾਇਨਾਤ ਕੀਤਾ ਗਿਆ ਹੈ, ਹਮੇਸ਼ਾ ਉਨ੍ਹਾਂ ਦੀ ਮਦਦ ਲਈ ਤਿਆਰ ਰਹੇਗੀ ਤੇ ਹੜ੍ਹਾਂ ਦੇ ਨਾਲ ਨਾਲ ਘਾਤਕ ਢੰਗ ਨਾਲ ਜ਼ਮੀਨ ਖਿਸਕਣ ਦੇ ਮਾਮਲਿਆਂ ਤੋਂ ਬੀਸੀ ਵਾਸੀਆਂ ਨੂੰ ਬਚਾਵੇਗੀ।
ਪਰ ਇਸ ਦੇ ਨਾਲ ਹੀ ਟਰੂਡੋ ਨੇ ਕਲਾਈਮੇਟ ਚੇਂਜ ਨਾਲ ਜਲਦ ਤੋਂ ਜਲਦ ਨਜਿੱਠਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਹ ਕੋਈ ਇੱਕਲਾ ਕਾਰਾ ਮਾਮਲਾ ਨਹੀਂ ਹੈ। ਉਨ੍ਹਾਂ ਆਖਿਆ ਕਿ ਬੀਸੀ ਵਿੱਚ ਇਸ ਤੋਂ ਪਹਿਲਾਂ ਤਬਾਹਕੁੰਨ ਜੰਗਲ ਦੀ ਅੱਗ ਲੱਗ ਚੁੱਕੀ ਹੈ ਤੇ ਜਿਸ ਕਾਰਨ ਗਰਮੀਆਂ ਵਿੱਚ ਤਾਪਮਾਨ ਹੱਦੋਂ ਵੱਧ ਗਰਮਾ ਗਿਆ ਸੀ। ਇਸ ਤੋਂ ਇਲਾਵਾ ਟਰੂਡੋ ਨੇ ਆਖਿਆ ਕਿ ਨੋਵਾ ਸਕੋਸੀਆ ਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਵੀ ਭਾਰੀ ਮੀਂਹ ਕਾਰਨ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ।
ਟਰੂਡੋ ਨੇ ਆਖਿਆ ਕਿ ਪਿਛਲੇ ਸਾਲ ਨੇ ਸਾਨੂੰ ਜੋ ਜਲਵਾ ਦਿਖਾਇਆ ਹੈ ਉਹ ਕਲਾਈਮੇਟ ਚੇਂਜ ਦਾ ਅਸਰ ਹੈ। ਇਹ ਸਭ ਕਿਆਸ ਨਾਲੋਂ ਜਲਦ ਹੋ ਰਿਹਾ ਹੈ ਤੇ ਇਹ ਤਬਾਹਕੁੰਨ ਹੈ। ਉਨ੍ਹਾਂ ਆਖਿਆ ਕਿ ਕਲਾਈਮੇਟ ਚੇਂਜ ਦੇ ਪ੍ਰਭਾਵ ਤੋਂ ਬਚਣ ਲਈ ਸਰਕਾਰ ਆਪਣੀ ਪੂਰੀ ਤਾਕਤ ਲਾਵੇਗੀ।

ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਡਿਗਣ ਦਾ ਖ਼ਤਰਾ ਟਲਿਆ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਡਿਗਣ ਦਾ ਖਤਰਾ ਇਸ ਚੱਲ ਰਹੇ ਸਾਲ ਦੌਰਾਨ ਟਲ ਗਿਆ ਹੈ। ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਸੈਨੇਟ ‘ਚ ਗਵਰਨਰ ਜਨਰਲ ਮੈਰੀ ਸਾਈਮਨ ਨੇ ‘ਥਰੋਨ ਸਪੀਚ’ (ਸਿੰਘਾਸਨ ਭਾਸ਼ਣ ਭਾਵ ਰਾਸ਼ਟਰਪਤੀ ਭਾਸ਼ਣ) ਪੜ੍ਹਿਆ ਜਿਸ ਨੂੰ ਹਾਊਸ ਆਫ ਕਾਮਨਜ਼ ਦੇ ਮੈਂਬਰਾਂ ਨੇ ਵੀ ਸੁਣਿਆ। ਇਹ ਭਾਸ਼ਣ ਸੱਤਾਧਾਰੀ ਲਿਬਰਲ ਪਾਰਟੀ ਵਲੋਂ ਆਪਣੇ ਚੋਣ ਏਜੰਡੇ ਮੁਤਾਬਿਕ ਸਰਕਾਰ ਦੀਆਂ ਨੀਤੀਆਂ ਅਨੁਸਾਰ ਤਿਆਰ ਕੀਤਾ ਗਿਆ ਸੀ। ਇਸ ‘ਚ ਮੁੱਖ ਤੌਰ ‘ਤੇ ਕਰੋਨਾ ਵਾਇਰਸ ‘ਤੇ ਕਾਬੂ ਅਤੇ ਆਰਥਿਕਤਾ ਨੂੰ ਲੀਹਾਂ ਉਪਰ ਰੱਖਣ ਅਤੇ ਆਦੀਵਾਸੀ ਭਾਈਚਾਰਿਆਂ ਨਾਲ ਨੇੜਤਾ ਵਧਾਉਣ ਦੇ ਮੁੱਦਿਆਂ ਉਪਰ ਅਧਾਰਿਤ ਹੈ।
ਭਾਸ਼ਨ ਦੀ ਸਮਾਪਤੀ ਤੋਂ ਬਾਅਦ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਦੇ ਆਗੂ ਏਰਿਨ ਓਟੂਲ ਨੇ ਸੰਸਦ ਵਿਚ ਇਸਦੀ ਹਮਾਇਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਹਮਾਇਤ ਕਰਨ ਦਾ ਸਪੱਸ਼ਟ ਐਲਾਨ ਨਹੀਂ ਕੀਤਾ ਪਰ ਬਲਾਕ ਕਿਊਬਕ ਦੇ ਆਗੂ ਇਵੇਸ ਫਰਾਂਸੂਆ ਬਲਾਂਸ਼ੇ ਨੇ ਆਖਿਆ ਕਿ ਭਾਸ਼ਣ ਰਾਹੀਂ ਪੇਸ਼ ਕੀਤੇ ਗਏ ਸਰਕਾਰ ਦੇ ਏਜੰਡੇ ਨੂੰ ਬਰਦਾਸ਼ਤ ਕਰ ਸਕਦੇ ਹਨ। ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਇਸ ਦੇ ਹੱਕ ਵਿਚ ਵੋਟ ਪਾਉਣਗੇ। ਟਰੂਡੋ ਨੂੰ ਸੰਸਦ ਵਿੱਚ ਭਰੋਸਾ ਬਰਕਰਾਰ ਰੱਖਣ ਲਈ ਉਪਰੋਕਤ ਤਿੰਨ ‘ਚੋਂ ਕਿਸੇ ਇਕ ਵਿਰੋਧੀ ਪਾਰਟੀ ਦੀ ਮਦਦ ਚਾਹੀਦੀ ਹੁੰਦੀ ਹੈ। ਹੁਣ 2022 ‘ਚ ਬਜਟ ਤੱਕ ਕੈਨੇਡਾ ਦੀ ਮੌਜੂਦਾ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ।

Check Also

35 ਫੀਸਦੀ ਕੈਨੇਡੀਅਨਜ਼ ਨੂੰ ਹੀ ਲੱਗੀ ਹੈ ਬੂਸਟਰ ਡੋਜ਼ : ਟਰੂਡੋ

ਸਾਰੇ ਕੈਨੇਡੀਅਨਜ਼ ਦੀ ਵੈਕਸੀਨੇਸ਼ਨ ਲਈ ਯਤਨ ਕੀਤੇ ਜਾਣਗੇ ਹੋਰ ਤੇਜ਼ ਓਟਵਾ/ਬਿਊਰੋ ਨਿਊਜ਼ : ਫੈਡਰਲ ਸਿਹਤ …