ਕਿਹਾ ਕੈਨੇਡੀਅਨਾਂ ਲਈ ਚੀਨ ਜਾਣਾ ਸੇਫ ਨਹੀਂ
ਟੋਰਾਂਟੋ/ਬਿਊਰੋ ਨਿਊਜ਼ : ਡਰੱਗ ਮਾਮਲੇ ਵਿੱਚ ਚੀਨ ਵਿੱਚ ਨਜ਼ਰਬੰਦ ਕੈਨੇਡੀਅਨ ਨਾਗਰਿਕ ਦੀ ਮੌਤ ਦੀ ਸਜ਼ਾ ਅਦਾਲਤ ਵੱਲੋਂ ਬਰਕਰਾਰ ਰੱਖਣ ਦੇ ਫੈਸਲੇ ਦੀ ਗੱਲ ਕਰਦਿਆਂ ਫੈਡਰਲ ਕੰਸਰਵੇਟਿਵ ਆਗੂ ਐਰਿਨ ਓਟੂਲ ਵੱਲੋਂ ਬੀਜਿੰਗ ਉੱਤੇ ਮੌਤ ਦੀ ਸਜ਼ਾ ਨੂੰ ਸਿਆਸੀ ਮਕਸਦ ਲਈ ਵਰਤਣ ਦਾ ਦੋਸ਼ ਲਾਇਆ ਗਿਆ ਹੈ। ਓਟੂਲ ਨੇ ਇਸ ਤੋਂ ਵੀ ਅਗਾਂਹ ਜਾਂਦਿਆਂ ਆਖਿਆ ਕਿ ਕੈਨੇਡਾ ਅਗਲੇ ਸਾਲ ਚੀਨ ਵਿੱਚ ਹੋਣ ਵਾਲੇ ਵਿੰਟਰ ਉਲੰਪਿਕਸ ਦਾ ਬਾਈਕਾਟ ਕਰੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਆਖਿਆ ਕਿ ਚੀਨ ਦੀ ਸਰਕਾਰ ਦੀਆਂ ਤਾਜ਼ਾ ਹਰਕਤਾਂ ਤੋਂ ਤਾਂ ਇਹੋ ਲੱਗਦਾ ਹੈ ਕਿ ਕੈਨੇਡੀਅਨ ਉਸ ਦੇਸ਼ ਵਿੱਚ ਸੁਰੱਖਿਅਤ ਨਹੀਂ ਹਨ। ਓਟੂਲ ਵੱਲੋਂ ਇਹ ਗੱਲਾਂ ਓਕਵਿੱਲ, ਓਨਟਾਰੀਓ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਆਖੀਆਂ ਗਈਆਂ।
ਉਨ੍ਹਾਂ ਆਖਿਆ ਕਿ ਉਹ ਜਾਣਦੇ ਹਨ ਕਿ ਬੀਜਿੰਗ ਲਈ ਸਾਡੇ ਅਥਲੀਟ ਕਿੰਨੀ ਮਿਹਨਤ ਕਰ ਰਹੇ ਹਨ ਪਰ ਹੁਣ ਪਾਣੀ ਸਿਰ ਤੋਂ ਉੱਪਰ ਲੰਘ ਚੁੱਕਿਆ ਹੈ ਤੇ ਕੈਨੇਡੀਅਨਜ਼ ਲਈ ਚੀਨ ਜਾਣਾ ਸੇਫ ਨਹੀਂ ਹੋਵੇਗਾ। ਡਰੱਗ ਮਾਮਲੇ ‘ਚ ਚੀਨ ਵਿੱਚ ਸਜ਼ਾ ਕੱਟ ਰਹੇ ਸ਼ੈਲਨਬਰਗ ਵੱਲੋਂ ਉੱਥੋਂ ਦੀ ਅਦਾਲਤ ਕੋਲ ਅਪੀਲ ਕੀਤੀ ਗਈ ਸੀ ਪਰ ਅਦਾਲਤ ਵੱਲੋਂ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ। ਇਸ ਉੱਤੇ ਚੀਨੀ ਅਦਾਲਤ ਦੀ ਨੁਕਤਾਚੀਨੀ ਕਰਦਿਆਂ ਹੋਇਆਂ ਓਟੂਲ ਨੇ ਉਕਤ ਗੱਲਾਂ ਆਖੀਆਂ। ਇਸ ਤੋਂ ਪਹਿਲਾਂ ਓਟੂਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੀਨ ਖਿਲਾਫ ਸਖਤੀ ਵਰਤਣ ਲਈ ਕਈ ਵਾਰੀ ਆਖ ਚੁੱਕੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …