ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਸਰਕਾਰ ਦੇ ਫੈਸਲੇ ਮੁਤਾਬਿਕ ਅਮਰੀਕੀ ਨਾਗਰਿਕਾਂ ਅਤੇ ਗਰੀਨ ਕਾਰਡ ਧਾਰਕਾਂ ਵਾਸਤੇ 17 ਮਹੀਨਿਆਂ ਬਾਅਦ ਦੇਸ਼ ਦੀਆਂ ਸਰਹੱਦਾਂ ਨੂੰ ਖੋਲ੍ਹ ਦਿੱਤਾ ਗਿਆ। ਦੋਵਾਂ ਦੇਸ਼ਾਂ ‘ਚ ਜਿਨ੍ਹਾਂ ਵਿਅਕਤੀਆਂ ਨੇ ਵੈਕਸੀਨ ਦੇ ਟੀਕੇ ਅਜੇ ਨਹੀਂ ਲਗਵਾਏ, ਉਨ੍ਹਾਂ ਦੇ ਕਰੋਨਾ ਵਾਇਰਸ ਕੇਸ ਭਾਵੇਂ ਵਧ ਰਹੇ ਹਨ ਪਰ ਅਮਰੀਕਾ ਤੋਂ ਉਹੀ ਲੋਕ ਕੈਨੇਡਾ ‘ਚ ਦਾਖਲ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਵੈਕਸੀਨ ਦੇ ਦੋਵੇਂ ਟੀਕੇ (ਕੈਨੇਡਾ ਜਾਣ ਤੋਂ 14 ਦਿਨ ਪਹਿਲਾਂ) ਲੱਗੇ ਹਨ। ਇਸਦੇ ਨਾਲ ਹੀ ਕੈਨੇਡਾ ਜਾਣ ਤੋਂ ਪਹਿਲਾਂ ਕਰੋਨਾ ਦਾ ਟੈਸਟ ਕਰਵਾਉਣਾ ਵੀ ਜ਼ਰੂਰੀ ਹੈ, ਜੋ ਤਿੰਨ ਦਿਨਾਂ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਇਹ ਵੀ ਕਿ ਅਮਰੀਕੀ ਨਾਗਰਿਕ ਜਾਂ ਗਰੀਨ ਕਾਰਡ ਧਾਰਕ ਹੋਣਾ ਕਾਫੀ ਨਹੀਂ ਹੈ, ਵਿਅਕਤੀ ਦਾ ਅਮਰੀਕਾ ਦਾ ਵਾਸੀ ਹੋਣਾ ਵੀ ਜ਼ਰੂਰੀ ਹੈ।