ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ 2014 ਤੋਂ 3 ਬੱਚਿਆਂ ਦੀ ਮਾਂ ਜਗਤਾਰ ਗਿੱਲ ਦਾ ਬੇਰਿਹਮੀ ਨਾਲ਼ ਕੀਤੇ ਗਏ ਕਤਲ ਦਾ ਕੇਸ ਚਰਚਿਤ ਹੈ ਜਿਸ ‘ਚ ਮ੍ਰਿਤਕਾ ਦੇ ਪਤੀ ਭੁਪਿੰਦਰਪਾਲ ਗਿੱਲ ਅਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੂੰ 2016 ‘ਚ ਉਮਰ ਕੈਦ (25 ਸਾਲ) ਦੀ ਸਜ਼ਾ ਹੋ ਚੁੱਕੀ ਹੈ। ਦੋਸ਼ੀਆਂ ਦੀ ਅਪੀਲ ਤੋਂ ਬਾਅਦ ਉਸ ਕੇਸ ਦੀ ਨਵੇਂ ਸਿਰੇ ਤੋਂ ਸੁਣਵਾਈ ਅਦਾਲਤ ‘ਚ ਹੋਈ ਸੀ, ਜਿੱਥੇ ਪਿਛਲੇ ਦਿਨੀਂ ਗੁਰਪ੍ਰੀਤ ਤੇ ਭੁਪਿੰਦਰਪਾਲ ਨੂੰ ਮੁੜ ਦੋਸ਼ੀ ਐਲਾਨਿਆ ਗਿਆ।
ਸਰਕਾਰੀ ਵਕੀਲ ਨੇ ਆਖਿਆ ਕਿ ਦੋਸ਼ੀਆਂ ਦੀ ਸਾਜਿਸ਼ ਤਹਿਤ (ਮੰਜੇ ‘ਤੇ ਬਿਮਾਰ ਪਈ) ਜਗਤਾਰ ਦਾ ਉਸ ਦੇ ਘਰ ‘ਚ ਹੀ ਚਾਕੂ ਨਾਲ ਕਤਲ ਕੀਤਾ ਗਿਆ ਸੀ। ਕਤਲ ਤੋਂ ਇਕ ਦਿਨ ਪਹਿਲਾਂ ਉਸ ਦਾ ਹਰਨੀਆਂ ਦਾ ਅਪ੍ਰੇਸ਼ਨ ਹੋਇਆ ਸੀ। ਇਹ ਵੀ ਕਿ ਪ੍ਰੇਮਿਕਾ ਗੁਰਪ੍ਰੀਤ ਨੇ ਇਹ ਕਤਲ ਕੀਤਾ ਸੀ ਅਤੇ ਭੁਪਿੰਦਰਪਾਲ ਸਕੀਮ ਅਨੁਸਾਰ ਬੱਚਿਆਂ ਨੂੰ ਲੈ ਕੇ ਘਰੋਂ ਬਾਹਰ ਚਲਾ ਗਿਆ ਸੀ ਤੇ ਜਾਣਬੁੱਝ ਕੇ ਦਰਵਾਜ਼ਾ ਖੁੱਲ੍ਹਾ ਛੱਡ ਕੇ ਗਿਆ ਤਾਂ ਕਿ ਗੁਰਪ੍ਰੀਤ ਅੰਦਰ ਵੜ ਸਕੇ।
ਵਾਰਦਾਤ ਦਾ ਦਿਨ 29 ਜਨਵਰੀ 2014 ਸੀ ਜੋ ਕਿ ਮ੍ਰਿਤਕਾ ਜਗਤਾਰ ਤੇ ਭੁਪਿੰਦਰਪਾਲ ਦੇ ਵਿਆਹ ਦੀ 17ਵੀਂ ਵਰ੍ਹੇਗੰਢ ਦਾ ਦਿਨ ਵੀ ਸੀ। ਇਹ ਵੀ ਕਿ ਸਾਜਿਸ਼ ਮੁਤਾਬਿਕ ਭੁਪਿੰਦਰਪਾਲ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਕੇਕ ਲੈਣ ਵਾਸਤੇ ਘਰੋਂ ਬੱਚੇ ਲੈ ਕੇ ਨਿਕਲਿਆ ਸੀ। ਜੱਜ ਨੇ ਆਪਣੇ ਫੈਸਲੇ ‘ਚ ਲਿਖਿਆ ਹੈ ਕਿ ਗੁਰਪ੍ਰੀਤ ਨੇ ਦਸਤਾਨੇ ਪਾ ਕੇ, ਚਾਕੂ ਦੇ 25 ਤੋਂ ਵੱਧ ਵਾਰ ਕਰਕੇ ਅਤੇ (ਸਰੀਰ ‘ਤੇ ਨੀਲ ਪਾਉਣ ਵਾਲਿਆਂ) 20 ਸੱਟਾਂ ਮਾਰ ਕੇ ਜਗਤਾਰ ਨੂੰ ਕਤਲ ਕੀਤਾ ਸੀ। ਜੱਜ ਨੇ ਹੈਰਾਨੀ ਪ੍ਰਗਟ ਕਰਿਦਆਂ ਕਿਹਾ ਕਿ ਜੇਕਰ ਪ੍ਰੇਮੀ ਜੋੜਾ ਇਕੱਠੇ ਰਹਿਣਾ ਚਾਹੁੰਦਾ ਸੀ ਤਾਂ ਸਮਝ ਤੋਂ ਬਾਹਰ ਹੈ ਕਿ ਜਗਤਾਰ ਨੂੰ ਕਤਲ ਕਰਨ ਦੀ ਬਜਾਏ ਉਸ ਨਾਲ ਤਲਾਕ ਦਾ ਰਾਹ ਕਿਉਂ ਦਰੁਸਤ ਨਹੀਂ ਸਮਝਿਆ ਗਿਆ। ਦੋਵੇਂ ਦੋਸ਼ੀਆਂ ਨੇ ਦੋਵੇਂ ਮੁਕੱਦਮਿਆਂ ਦੀ ਕਾਰਵਾਈ ਦੌਰਾਨ ਆਪਣੇ ਆਪ ਨੂੰ ਨਿਰਦੋਸ਼ ਦੱਸਿਆ।