Breaking News
Home / ਰੈਗੂਲਰ ਕਾਲਮ / ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

ਅੱਜ ਨਿੱਜੀ ਮੁਫਾਦ ਨੂੰ ਲਾਂਭੇ ਕਰਨ ਦੀ ਲੋੜ : ਡਾ. ਨਾਜ਼
(ਕਿਸ਼ਤ 7)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਡਾ. ਸਿੰਘ : ਪਾਠਕਾਂ ਦਾ ਰੁਝਾਣ ਕਿਤਾਬਾਂ ਨਾਲੋਂ ਘੱਟ ਕੇ ਸ਼ੋਸ਼ਲ ਮੀਡੀਆਂ ਨਾਲ ਵੱਧ ਰਿਹਾ ਹੈ। ਪਾਠਕਾਂ ਨੂੰ ਸਾਹਿਤ ਨਾਲ ਜੋੜਣ ਲਈ ਕੋਈ ਹੱਲ?
ਡਾ. ਨਾਜ਼: ਏਸ ਦਾ ਕੋਈ ਹੱਲ ਨਹੀਂ ਸਿਵਾਏ ਏਸ ਦੇ ਕਿ ਸਾਡੀਆਂ ਕਵਿਤਾਵਾਂ ਅਤੇ ਕਹਾਣੀਆਂ ਸੋਸ਼ਲ ਮੀਡੀਏ ਦਾ ਸ਼ਿੰਗਾਰ ਬਣ ਜਾਣ।
ਡਾ. ਸਿੰਘ: ਡਾ. ਸਾਹਿਬ! ਆਪ ਇੱਕੀਵੀਂ ਸਦੀ ਦੀ ਪੱਤਰਕਾਰਿਤਾ ਦੀ ਪ੍ਰਸੰਗਿਕਤਾ ਵਿਚ ਪੰਜਾਬੀ ਪੱਤਰਕਾਰੀ ਦੀ ਸਥਿਤੀ ਦਾ ਮੁਲਾਂਕਣ ਕਿਵੇਂ ਕਰਨਾ ਚਾਹੋਗੇ?
ਡਾ. ਨਾਜ਼: ਬਹੁਤ ਸੁੰਦਰ ਸਵਾਲ ਹੈ। ਆਪ ਨੇ ਦੁੱਖਦੀ ਰਗ ਉੱਤੇ ਹੱਥ ਰੱਖ ਕਈ ਤਰਬਾਂ ਹਿਲਾਈਆਂ ਹਨ, ਪਰ ਏਸ ਤੋਂ ਪਹਿਲੋਂ ਇਹ ਸਮਝਣ ਦੀ ਲੋੜ ਹੈ ਕਿ ਕੀ ਪੰਜਾਬੀ ਮੀਡੀਆ ਏਸ ਹਾਲਤ ਵਿੱਚ ਹੈ ਕਿ ਏਸ ਦੀ ਤੁਲਨਾ ਮੁਖ ਧਾਰਾ ਦੇ ਮੀਡੀਆ ਨਾਲ ਕੀਤੀ ਜਾ ਸਕੇ? ਦੂਜਾ ਸਵਾਲ ਹੈ ਕਿ ਆਪ ਕੈਨੇਡੀਅਨ ਪੰਜਾਬੀ ਮੀਡੀਏ ਦੀ ਗੱਲ ਕਰਦੇ ਹੋ ਕਿ ਪੰਜਾਬ ਅੰਦਰ ਦੇ ਮੀਡੀਏ ਦੀ, ਜਿਸ ਨੂੰ ਆਮ ਕਰਕੇ ਮੁੰਡੀਰ ਹੀ ਕਹਿ ਸਕਦੇ ਹਾਂ। ਇਹ ਇੱਕ ਅਜੀਬ ਕਿਸਮ ਦੀ ਮਾਫ਼ੀਆ ਪਨੀਰੀ ਹੈ ਜੋ ਹਰ ਸਿਆਸੀ ਪਾਰਟੀ ਦੀ ਰਖੇਲ ਹੈ। ਆਪ ਹੈਰਾਨ ਹੋਵੋਗੇ, ਬੇਸ਼ਕ ਟੋਰਾਂਟੋ, ਪੰਜਾਬੀ ਅਖ਼ਬਾਰਾਂ ਦੇ ਪ੍ਰਕਾਸ਼ਨ, ਹਫ਼ਤਾਵਾਰ ਟੀਵੀ ਸ਼ੋਅ, ਡੇਲੀ ਸ਼ੋਅ ਅਤੇ ਰੋਜ਼ਾਨਾ ਰੇਡੀਓ ਸ਼ੋਅ ਦੇ ਪ੍ਰਸਾਰਨਾਂ ਦਾ ਕੇਂਦਰ ਹੈ, ਪਰ ਸਿਵਾਏ ਡਾ: ਬਲਵਿੰਦਰ ਸਿੰਘ ਦੇ ਕੋਈ ਵੀ ਪੱਤਰਕਾਰੀ ਨਹੀਂ ਪੜ੍ਹਿਆ ਤੇ ਨਾ ਹੀ ਮਾਹਿਰ ਹੈ। ਏਸ ਕਰਕੇ ਪੱਤਰਕਾਰੀ ਕੈਨੇਡਾ ਅੰਦਰ ਬੜੇ ਹੀ ਨੀਵੇਂ ਪੱਧਰ ਤੇ ਹੈ। ਰਹੀ ਦਲੀਲ ਬੇਦਾਗ਼ ਅਤੇ ਬੇਬਾਕ ਪੱਤਰਕਾਰੀ ਦੀ, ਸਾਰੇ ਦੇ ਸਾਰੇ ਅਖ਼ਬਾਰ, ਟੀਵੀ ਅਤੇ ਰੇਡੀਓ ਸ਼ੋਅ ਇਸ਼ਤਿਹਾਰਾਂ ਤੇ ਨਿਰਭਰ ਹਨ। ਏਸ ਕਰਕੇ ਇਨ੍ਹਾਂ ਦੇ ਨਿਰਮਾਤਾ/ਸਪੋਂਸਰਾਂ ਦੀ ਅਧੀਨਗੀ ਅੰਦਰ ਅਖਬਾਰ ਨਵੀਸ ਆਜ਼ਾਦ ਨਹੀਂ ਹੈ। ਜੇ ਕੋਈ ਕੋਝਾ ਸਮਾਜੀ, ਸਿਆਸੀ ਅਤੇ ਧਾਰਮਿਕ ਮਸਲਾ ਪੈਦਾ ਵੀ ਹੋ ਜਾਂਦਾ ਹੈ, ਅਖਬਾਰ ਨਵੀਸ ਜਾਂ ਪੱਤਰਕਾਰ ਆਜ਼ਾਦ ਬਿਆਨਬਾਜ਼ੀ ਤੋਂ ਸੰਕੋਚ ਕਰਦਾ ਹੈ, ਕਿ ਕਿਧਰੇ ਇਸ਼ਤਿਹਾਰ ਬੰਦ ਨਾ ਹੋ ਜਾਵੇ। ਪੰਜਾਬੀ ਮੀਡੀਆ ਵੱਡੇ ਵੇਗ ਦੇ ਇੰਗਲਿਸ਼ ਮੀਡੀਏ ਅੰਦਰ ਕੋਈ ਹੈਸੀਅਤ ਨਹੀਂ ਰੱਖਦਾ, ਸਿਫ਼ਰ ਦੇ ਬਰਾਬਰ ਹੀ ਹੈ।
ਡਾ. ਸਿੰਘ : ਵੀਹਵੀਂ ਸਦੀ ਦੀ ਤੁਲਨਾ ਵਿਚ ਆਪ ਨੇ ਇੱਕੀਵੀਂ ਸਦੀ ਦੇ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਤੇ ਧਾਰਮਿਕ ਮਾਹੌਲ ਵਿਚ ਕਿਹੜੇ ਕਿਹੜੇ ਪਰਿਵਰਤਨ ਨੋਟ ਕੀਤੇ ਹਨ?
ਡਾ. ਨਾਜ਼: ਬਹੁਤ ਇੰਨਕਲਾਬੀ ਤਬਦੀਲੀ ਹੋਈ ਹੈ। ਸੰਨ 1968 ਵਿਚ ਇੰਗਲੈਂਡ ਪੁੱਜਿਆ ਸਾਂ। ਕੇਵਲ ਇੱਕ ਪੰਜਾਬੀ ਅਖਬਾਰ ਹਫ਼ਤਾਵਾਰ ”ਦੇਸ ਪ੍ਰਦੇਸ” ਛੱਪਦਾ ਸੀ। ਤਦ ਅਜੇ ਕੈਨੇਡਾ, ਅਮਰੀਕਾ ਅੰਦਰ ਕੋਈ ਪੰਜਾਬੀ ਅਖ਼ਬਾਰ ਨਹੀਂ ਸੀ। ਵੇਖਦੇ ਵੇਖਦੇ ਅਵਤਾਰ ਜੰਡਿਆਲਵੀ ਨੇ ਦੂਜਾ ਅਖਬਾਰ ”ਸੰਦੇਸ਼” ਸ਼ੁਰੂ ਕੀਤਾ। ਅੱਜ ਦੀ ਹਾਲਤ ਇਹ ਹੈ ਕਿ ਪੱਛਮੀ ਦੇਸ਼ਾਂ ਵਿਚ ਰੋਜ਼ਾਨਾ ਤੇ ਹਫ਼ਤਾਵਾਰ ਅਖਬਾਰ, ਮਾਸਿਕ ਤੇ ਤਿਮਾਹੀ ਮੈਗਜ਼ੀਨ, ਡੇਲੀ ਰੇਡੀਓ ਤੇ ਟੀਵੀ ਸ਼ੋਅ, ਅਤੇ ਇੰਟ੍ਰਨੈਟ ਸ਼ੋਅ ਐਨੇ ਵਧ ਗਏ ਹਨ, ਕਿ ਪੰਜਾਬ ਅੰਦਰ ਵੀ ਐਨੇ ਨਹੀਂ ਹੋਣੇ। ਇਹ ਚੰਗਾ ਰੁਝਾਣ ਹੈ। ਏਸ ਅੰਦਰੋਂ ਇੱਕ ਦਿਨ ਚੰਗੀ ਕੁਆਲਟੀ ਪੁੰਗਰੇਗੀ। ਪੱਛਮੀ ਸਭਿਅਤਾ ਅੰਦਰ ਸਾਡੀ ਦੂਜੀ ਪੀੜ੍ਹੀ ਦੇ ਬੱਚੇ ਅੱਜ ਉੱਚ ਦਰਜੇ ਦੀਆਂ ਪੱਦਵੀਆਂ ਤੇ ਪੁੱਜ ਚੁੱਕੇ ਹਨ। ਕੈਨੇਡਾ ਅੰਦਰ ਅੱਜ ਪੰਜਾਬੀ ਮੂਲ ਦੇ ਐਮ. ਪੀ. ਛਾਏ ਪਏ ਹਨ। ਐਨੇ ਐਮ. ਪੀ. ਪੰਜਾਬ ਅੰਦਰ ਨਹੀਂ ਹੋਣੇ ਜਿੰਨੇ ਕੈਨੇਡਾ ਅੰਦਰ ਹਨ। 19 ਪੰਜਾਬੀ ਐਮ. ਪੀ. ਅੱਜ ਕੈਨੇਡਾ ਦੀ ਸੰਸਦ ਵਿਚ ਮੌਜੂਦ ਹਨ। ਜਗਮੀਤ ਸਿੰਘ, ਕੈਨੇਡਾ ਦੀ ਤੀਸਰੀ ਪਰਮੁੱਖ ਪਾਰਟੀ ਐਨ. ਡੀ. ਪੀ. ਦਾ ਪ੍ਰਧਾਨ ਹੈ। ਇਹ ਸਾਰੀ ਤਬਦੀਲੀ ਪਿਛਲੀ ਸਦੀ ਦੇ ਮਧਕਾਲ ਅੰਦਰ ਹੀ ਹੋਈ ਵੇਖਦੇ ਹਾਂ।
ਡਾ. ਸਿੰਘ: ਆਪ ਆਪਣੇ ਮੁੱਢਲੇ ਜੀਵਨ ਦੌਰਾਨ ਖੱਬੇ ਪੱਖੀ ਵਿਚਾਰਧਾਰਾ ਤੋਂ ਬਹੁਤ ਹੀ ਪ੍ਰਭਾਵਿਤ ਰਹੇ ਹੋ। ਆਪ ਇਸ ਵਿਚਾਰਧਾਰਾ ਦੇ ਪ੍ਰਸਾਰ/ਪ੍ਰਚਾਰ ਸੰਬੰਧਤ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹੋ। ਆਮ ਕਰ ਕੇ ਅਜਿਹਾ ਪ੍ਰਚਲਿਤ ਹੈ ਕਿ ਖੱਬੇ ਪੱਖੀ ਵਿਚਾਰਧਾਰਾ ਦੇ ਅਨੁਯਾਈ ਮੁੱਖ ਤੌਰ ਉੱਤੇ ਨਾਸਤਕ ਹੁੰਦੇ ਹਨ, ਅਤੇ ਧਰਮ ਦੇ ਮੁੱਖ ਥੰਮਾਂ ਜਿਵੇਂ ਕਿ ਰੱਬੀ ਹੌਂਦ, ਆਸਥਾ,ਆਦਿ ਨੂੰ ਮੰਨਣ ਤੋਂ ਮੁਨਕਰ ਹੁੰਦੇ ਹਨ। ਪਰ ਸਮੇਂ ਨਾਲ, ਆਪ ਮਸੀਹੀ ਪਾਦਰੀ ਦੇ ਰੂਪ ਵਿਚ ਧਾਰਮਿਕ ਰਹਿਨੁਮਾ ਦਾ ਕਿਰਦਾਰ ਨਿਭਾਉਣ ਵਲ ਰੁਚਿਤ ਹੋ ਗਏ। ਆਪ ਵਿਚ ਅਜਿਹੇ ਬਦਲਾਵ ਦੇ ਕੀ ਕਾਰਣ ਰਹੇ?
ਡਾ. ਨਾਜ਼: ਏਸ ਤਬਦੀਲੀ ਦਾ ਮੁਖ ਕਾਰਣ ਸੰਨ 1968 ਅੰਦਰ ਇੰਗਲੈਂਡ ਅੰਦਰ ਪ੍ਰਵਾਸ ਹੀ ਹੋ ਸਕਦਾ ਹੈ। ਇੰਗਲੈਂਡ ਅੰਦਰ ਸੱਤਰਵੇਂ ਦਹਾਕੇ ਦੇ ਪਹਿਲੇ ਭਾਗ ਅੰਦਰ ਸਾਰੇ ਯੂਰਪ, ਮਿਡਲ ਈਸਟ ਅਤੇ ਰੂਸ ਅੰਦਰ ਅੰਗ੍ਰੇਜ਼ੀ ਅਖਬਾਰ ਦਾ ਪੱਤਰਕਾਰ ਹੋਣ ਕਰਕੇ ਰੱਜ ਕੇ ਦੇਸ਼-ਬਦੇਸ਼ ਦਾ ਸਫ਼ਰ ਕੀਤਾ। ਇਹਨਾਂ ਦੇਸ਼ਾਂ ਦੀਆਂ ਆਰਥਿਕ ਹਾਲਤਾਂ ਅਤੇ ਸਿਆਸੀ ਪਹਿਲੂ ਨੂੰ ਬਹੁਤ ਕਰੀਬ ਹੋ ਕੇ ਵੇਖਿਆ। ਦੋ ਵਿਸ਼ੇਸ਼ ਘਟਨਾਵਾਂ ਦਾ ਵਰਨਣ ਕਰਨਾ ਲਾਜ਼ਮੀ ਬਣਦਾ ਹੈ। ਇੱਕ ਇਹ ਹੈ ਕਿ ਰੂਸ ਅੰਦਰ ਦੋ ਵਾਰੀ, ਕੋਈ 5 ਮਹੀਨੇ ਦੀ ਪੋਸਟਿੰਗ ਅੰਦਰ, ਨਾ ਕੇਵਲ ਵੇਖਿਆ ਪਰ ਗੌਹ ਨਾ ਵਿਚਰ ਕੇ ਵੇਖਆ, ਅਤੇ ਮਹਿਸੂਸ ਕੀਤਾ, ਕਿ 2 ਅਕਤੂਬਰ 1918 ਦਾ ਰੂਸੀ ਇੰਨਕਲਾਬ ਅੱਧੀ ਸਦੀ ਦੇ ਗੁਜ਼ਰ ਜਾਣ ਬਾਅਦ ਵੀ ਗਰੀਬੀ ਦਾ ਹੱਲ ਨਾ ਲੱਭ ਸਕਿਆ। ਸਾਰਾ ਪੂਰਬੀ ਯੂਰਪ ਐਨਾ ਹੀ ਗਰੀਬ ਸੀ, ਜਿੰਨੇ ਤੀਜੀ ਧਿਰ ਦੇ ਨਵੇਂ ਨਵੇਂ ਆਜ਼ਾਦ ਹੋਏ ਦੇਸ਼ ਸਨ। ਲੋਕ ਅੱਜ ਵੀ ਅਜੇਹੀ ਹਾਲਤ ਦਾ ਸ਼ਿਕਾਰ ਹਨ।
ਰਹੀ ਗੱਲ ਪੱਛਮੀ ਯੂਰਪ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀ! ਮਾਰਕਸ ਵਾਦ ਨੇ ਜੋ ਸੁਨਿਹਰੀ ਖ਼ੁਆਬ ਲੋਕਾਂ ਲਈ ਵੇਖੇ ਸਨ, ਇਨ੍ਹਾਂ ਦੇਸ਼ਾਂ ਦੇ ਪੂੰਜੀਵਾਦ ਸਰਮਾਏਦਾਰਾਂ ਨੇ ਪਹਿਲੋਂ ਹੀ ਅਪਣੇ ਕਿਰਤੀਆਂ ਨੂੰ ਪ੍ਰਦਾਨ ਕਰ ਦਿੱਤੇ ਸਨ। ਪੱਛਮੀ ਸੰਸਾਰ ਦਾ ਆਰਥਿਕ ਢਾਂਚਾ, ਇੰਨਸਾਫ਼ ਪਸੰਦੀ, ਹੱਕਾਂ ਦੀ ਰਖਵਾਲੀ ਅਤੇ ਲੋਕ ਰਾਜ ਦਾ ਪ੍ਰਸਾਰਣ ਬਹੁਤ ਹੱਦ ਤੀਕ ਮਨੁੱਖ ਅਤੇ ਇਸਤਰੀ ਦੇ ਹੱਕਾਂ ਦਾ ਰੱਖਵਾਲਾ ਬਣਦਾ ਹੈ।
ਬਹੁਤ ਹੱਦ ਤੀਕ ਧਰਮ ਦੇ ਫ਼ਿਲਾਸਫ਼ਰ, ਗਿਆਨੀ ਅਤੇ ਵਿਦਵਾਨ ਪਾਦਰੀ ਲੋਕ ਹੀ ਸਨ। ਅਕਫ਼ੋਰਡ, ਕੈਂਬ੍ਰਿਜ਼ ਵਰਗੀਆਂ ਯੂਨੀਵਰਸਟੀਆਂ ਦਾ ਚਾਲਕ ਧਰਮ ਹੀ ਸੀ। ਅੱਜ ਦੇ ਲੋਕ ਰਾਜ ਦਾ ਨੀਹ ਪੱਥਰ ਧਰਮ ਹੀ ਸੀ। ਯੂਨੀਅਨਜ਼, ਸਕੂਲ, ਹਸਪਤਾਲ, ਵੈਲਫੇਅਰ ਸੋਸ਼ਲ ਸਰਵਿਸਜ਼, ਇਹ ਸਾਰਾ ਕੁਝ ਧਰਮ ਦੀ ਹੀ ਬੁਨਿਆਦ, ਬੁਣਤਰ ਅਤੇ ਬਣਤਰ ਹੈ। ਅਜੇਹੇ ਸਮਾਜ ਦਾ ਅਸਰ ਮੇਰੇ ਧਰਮ ਵੱਲ ਮੋੜ ਦਾ ਗੰਭੀਰ ਕਾਰਣ ਰਿਹਾ। ਐਥੋ ਤਕ ਕਿ ”ਦਾਸ ਕੈਪੀਟਲ” ਮਾਰਕਸਵਾਦ ਦਾ ਨੀਂਹ ਪੱਥਰ ਬਾਈਬਲ ਦੀ ਇਕ ਆਇਤ ਦਾ ਅਸਰ ਕਬੂਲਦਾ ਹੈ। ਰਹੀ ਦਲੀਲ ਕਿ ਧਰਮ ਬੇਦਲੀਲਾ ਅਤੇ ਮੰਤਕ ਰਹਿਤ ਹੈ, ਪਤਾ ਨਹੀਂ ਉਹ ਕਿਹੜੇ ਧਰਮ ਦੀ ਗੱਲ ਕਰਦੇ ਹਨ। ਮੇਰੇ ਧਰਮ ਗਰੰਥਾਂ ਅੰਦਰ ਇਹ ਨਾਸਤਕ ਫ਼ਲਸਫਾ ਕਿਤੇ ਨਜ਼ਰ ਨਹੀਂ ਪੈਂਦਾ। ਜਿਸ ਪੋਥੀ ”ਕਹੌਤਾਂ” ਦਾ ਵਰਨਣ ਕਰਨ ਲੱਗਾਂ ਹਾਂ, ਉਹ ਮਸੀਹ ਤੋਂ ਕੋਈ 600 ਸਾਲ ਪਹਿਲਾਂ ਲਿਖੀ ਗਈ। ਵਰਨਣ ਏਸ ਪ੍ਰਕਾਰ ਹੈ ; ”ਅਜੇ ਧਰਤੀ ਦੀ ਨੀਂਹ ਨਹੀਂ ਸੀ ਪਈ। ਨਾ ਹੀ ਸਮੁੰਦਰਾਂ ਦੇ ਪਾਣੀਆਂ ਦੀ ਹੱਦ ਬੰਦੀ ਹੋਈ ਸੀ ਅਤੇ ਨਾ ਹੀ ਪਹਾੜਾਂ ਨੇ ਜਨਮ ਲਿਆ ਸੀ। ਮੈ ”ਦਾਨਾਈ” (ਯਾਹੁਵੇ ਅਦੁਨਾਏ – ਇਬਰਾਨੀ, ਯਹੂਦੀ ਭਾਸ਼ਾ ਦਾ ਸ਼ਬਦ) ਹਾਂ ਅਤੇ ਮੇਰਾ ਨਾਂ ਅਕਲ, ਵਿਦਵਤਾ ਹੈ। ਜੋ ਕੁਝ ਵੀ ਪੈਦਾ ਹੋਇਆ, ਏਸ ਹਿਕਮਤ ਦੀ ਹੁਨਰਕਾਰੀ ਹੈ। ਹਿਕਮਤ ਹੀ ਪ੍ਰਭੂ ਹੈ, ਖੁਦਾ ਹੈ ।”
ਡਾ. ਸਿੰਘ: ਧਾਰਮਿਕ ਖੇਤਰ ਵਿਚ ਆਪ ਵਲੋਂ ਪਾਏ ਗਏ ਵਿਸ਼ੇਸ਼ ਯੋਗਦਾਨ ਬਾਰੇ ਚਾਨਣਾ ਪਾਓ ਜੀ?
ਡਾ. ਨਾਜ਼: ਮੈਂ ਧਰਮ ਸੰਬੰਧਤ ਅੱਧੇ ਘੰਟੇ ਦਾ ਟੀਵੀ ਪ੍ਰੋਗਰਾਮ ਹਰ ਹਫ਼ਤੇ ਕੋਈ 15 ਸਾਲ ਕੀਤਾ ਹੈ, ਸੋਚਦਾ ਹਾਂ ਕਿ ਇਹ ਕੋਈ 350 ਸੈਲੋਲਾਈਡ ਆਡੀਓ/ਵਿਯੂਅਲ ਕਿਤਾਬਾਂ ਬਣਦੀਆਂ ਹਨ। ਹੁਣ ਵੀ ਹਰ ਹਫ਼ਤੇ ਸਿਆਸੀ, ਸਮਾਜਿਕ ਅਤੇ ਧਾਰਮਿਕ ਮਸਲਿਆਂ ਬਾਰੇ ਟੀਵੀ ਸ਼ੋਅ ਪ੍ਰਸਾਰਿਤ ਕਰਦਾ ਹਾਂ। ਪੰਜਾਬ ਅੰਦਰ ਅਤੇ ਬਾਕੀ ਦੇ ਸੂਬਿਆਂ ਅੰਦਰ ਲੋਕ ਮੈਨੂੰ ਬੁਲਾਉਂਦੇ ਹਨ। ਅਸਲ ਵਿੱਚ ਸਾਰੇ ਕੈਨੇਡਾ ਅੰਦਰ ਸਾਊਥ ਏਸ਼ੀਅਨ ਚਰਚਜ਼ ਦਾ ਨੀਂਹ ਪੱਥਰ ਮੇਰੇ ਟੀਵੀ ਸ਼ੋਅ ਹੀ ਸਨ । ਅੱਜ ਦੇ ਸਮੇਂ ਅੰਦਰ ਇਨ੍ਹਾਂ ਸਾਊਥ ਏਸ਼ੀਅਨ ਚਰਚਜ਼ ਦੀ ਗਿਣਤੀ ਕੋਈ 120 ਦੇ ਕਰੀਬ ਹੈ।
ਡਾ. ਸਿੰਘ: ਸਮਾਜਿਕ ਅਤੇ ਸਭਿਆਚਾਰਕ ਕੁਰੀਤੀਆਂ ਨੂੰ ਘੱਟ ਕਰਨ / ਖਤਮ ਕਰਨ ਵਿਚ ਆਪ ਅਜੋਕੇ ਸਮੇਂ ਦੌਰਾਨ ਸਾਹਿਤ, ਪੱਤਰਕਾਰਤਾ ਤੇ ਧਰਮ ਦਾ ਕੀ ਯੋਗਦਾਨ ਮੰਨਦੇ ਹੋ?
ਡਾ. ਨਾਜ਼: ਪੱਤਰਕਾਰ ਅਤੇ ਪ੍ਰਚਾਰਕ, ਜੇ ਕੌਮ ਨੂੰ ਸਮਾਜਿਕ ਅਤੇ ਸਿਆਸੀ ਸੇਧ ਨਹੀਂ ਦੇਂਦੇ, ਉਹ ਅਪਣਾ ਦੀਨਵੀ ਫ਼ਰਜ਼ ਨਹੀਂ ਨਿਭਾਉਂਦੇ। ਅਸਲ ਗੱਲ ਇਹ ਹੈ ਕਿ ਜੇ ਕੋਈ ਵੀ ਕਲਾ, ਲਿਖਤ, ਧਰਮ, ਸਾਹਿਤਕਾਰੀ ਜਾਂ ਪੱਤਰਕਾਰੀ ਦਾ ਮੂਲ ਮੰਤਵ ਉਤਪੰਨਤਾ ਨਹੀਂ ਹੈ, ਉਹ ਇੱਕ ਨਿਪੁੰਸਿਕ ਕਾਰਾਗਰੀ ਕਹੀ ਜਾ ਸਕਦੀ ਹੈ। ਜੇ ਪੱਤਰਕਾਰ ਜਾਂ ਤਵਾਰੀਖ ਦੇ ਘਾੜੇ ਹੀ ਉਤਪੰਨਤਾ ਦੇ ਦਾਤੇ ਹਨ, ਇਹ ਉਨ੍ਹਾਂ ਦਾ ਹੀ ਅੱਵਲ ਫ਼ਰਜ਼ ਹੈ ਕਿ ਉਹ ਬਚਪਨ ਅਤੇ ਜਵਾਨੀ ਦੇ ਵੀ ਨਿਗਾਹਬਾਨ ਬਨਣ। ਲੋੜ ਹੈ ਕਿ ਨਿੱਜੀ ਮੁਫ਼ਾਦ ਨੂੰ ਤਿਆਗਿਆ ਜਾਵੇ।
(ਚਲਦਾ)

Check Also

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਿੱਖ ਇਤਿਹਾਸਕਾਰ – ਡਾ. ਜਸਬੀਰ ਸਿੰਘ ਸਰਨਾ ਨਾਲ ਇਕ ਮੁਲਾਕਾਤ

‘ਮੈਂ ਕਸ਼ਮੀਰ ਗਿਆ ਤੇ ਪਿੱਛੋਂ ਸਾਕਾ ਨੀਲਾ ਤਾਰਾ ਅਪ੍ਰੇਸ਼ਨ ‘ਚ ਮੇਰਾ ਹੱਥ ਲਿਖਤ ਫੈਡਰੇਸ਼ਨ ਦਾ …