ਜਰਨੈਲ ਸਿੰਘ
(ਕਿਸ਼ਤ 18ਵੀਂ
ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ ਵਿਚ 14 ਨਾਮਵਰ ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਕੁਝ ਵਿਦਵਾਨਾਂ ਦੇ ਮੁੱਖ ਵਿਚਾਰ ਅੰਕਿਤ ਕਰ ਰਿਹਾਂ :
ਡਾ. ਕਰਮਜੀਤ ਸਿੰਘ ਨੇ ਆਪਣੇ ਲੇਖ ਦੇ ਆਰੰਭ ਵਿਚ ਮੇਰੇ ਪਹਿਲੇ ਤਿੰਨ ਸੰਗ੍ਰਿਹਾਂ ‘ਤੇ ਝਾਤ ਪੁਆਈ ਹੈ ਤੇ ਫਿਰ ‘ਦੋ ਟਾਪੂ’ ਦੀਆਂ ਕਹਾਣੀਆਂ ਦੇ ਵਿਸ਼ਾ-ਵਸਤੂ, ਪੇਸ਼ਕਾਰੀ ਤੇ ਸ਼ਿਲਪ ਨੂੰ ਪੜਚੋਲਣ ਬਾਅਦ ਲਿਖਿਆ ਹੈ, ‘ਜਰਨੈਲ ਸਿੰਘ ਨੇ ‘ਦੋ ਟਾਪੂ’ ਕਹਾਣੀ ਸੰਗ੍ਰਿਹ ਰਾਹੀਂ ਇਕ ਵੱਡੀ ਪੁਲਾਂਘ ਪੁੱਟੀ ਹੈ ਤੇ ਉਸਨੇ ਪੰਜਾਬੀ ਕਹਾਣੀ ਸਾਹਿਤ ਵਿਚ ਆਪਣਾ ਸਥਾਨ ਸੁਰੱਖਿਅਤ ਕਰ ਲਿਆ ਹੈ।’
ਡਾ. ਧਨਵੰਤ ਕੌਰ ਅਨੁਸਾਰ, ‘ਪੱਛਮ ਦੇ ਵਿਅਕਤੀਵਾਦ ਵੱਲੋਂ ਐਲਾਨੀ ਆਜ਼ਾਦੀ ਸਾਹਵੇਂ ਰਿਸ਼ਤਿਆਂ ਦੀ ਤਿੜਕ ਰਹੀ ਸਾਂਝ ਦਾ ਪ੍ਰਤੱਖਣ ਜਰਨੈਲ ਸਿੰਘ ਦੀ ਕਹਾਣੀ ਚੇਤਨਾ ਨੂੰ ਕੁਝ ਅਹਿਮ ਮੁੱਦਿਆਂ ‘ਤੇ ਕੇਂਦ੍ਰਿਤ ਕਰਦਾ ਹੈ’:
(1) ਸਾਂਝ ਤੇ ਸੁਤੰਤਰਤਾ ਦਾ ਕਿਹੜਾ ਅੰਦਾਜ਼, ਕਿਹੜਾ ਅਨੁਪਾਤ ਸਾਵੇਂ ਸੰਤੁਲਿਤ ਰਿਸ਼ਤਿਆਂ ਦਾ ਜਨਮਦਾਤਾ ਹੋ ਸਕਦਾ ਹੈ?
(2) ਬੰਦੇ ਦਾ ਸਵੈਮਾਣ ਕਿਸ ਓੜਕ ‘ਤੇ ਪਹੁੰਚ ਕੇ ਬੰਦੇ ਨੂੰ ਬੰਦੇ ਨਾਲ਼ੋ ਤੋੜ ਦਿੰਦਾ ਹੈ?
(3) ਇਕ ਸੰਤੁਲਿਤ ਸ਼ਖ਼ਸੀਅਤ ਦੀ ਉਸਾਰੀ ਲਈ ਕਿੰਨਾ ਕੁ ਵਿਸ਼ਵਾਸ, ਕਿੰਨਾ ਕੁ ਮਾਣ, ਕਿੰਨੀ ਕੁ ਖੁੱਲ੍ਹ ਜਾਂ ਕਿੰਨੀ ਕੁ ਈਮੋਸ਼ਨਲ ਟੇਕ ਲੋੜੀਂਦੀ ਹੈ?
ਇਹ ਪ੍ਰਸ਼ਨ ਜਰਨੈਲ ਸਿੰਘ ਦੇ ਕਾਲਪਨਿਕ ਵੇਰਵਿਆਂ ਦੇ ਆਰਪਾਰ ਫ਼ੈਲੇ ਵਿਖਾਈ ਦਿੰਦੇ ਹਨ। ਡਾ. ਬਲਦੇਵ ਸਿੰਘ ਧਾਲੀਵਾਲ ਕਹਾਣੀਆਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਕਰਦਿਆਂ ਲਿਖਦਾ ਹੈ, ‘ਜਰਨੈਲ ਸਿੰਘ ਦੀਆਂ ਕਹਾਣੀਆਂ ਸਮੁੱਚੇ ਰੂਪ ਵਿਚ ਇਹ ਰਚਨਾ ਵਿਵੇਕ ਸਿਰਜਦੀਆਂ ਹਨ ਕਿ ਵੱਡਾ ਮਸਲਾ ਪੂਰਬੀ ਜਾਂ ਪੱਛਮੀ ਸੰਸਕ੍ਰਿਤੀ ਦੇ ਸਰਵੋਤਮ ਜਾਂ ਤੁੱਛ ਹੋਣ ਦਾ ਨਹੀਂ ਬਲਕਿ ਅਤੀ ਵਿਕਸਿਤ ਪੂੰਜੀਵਾਦੀ ਪ੍ਰਬੰਧ ਵਿਚ ਮਨੁੱਖ ਦੇ ਕਿਸੇ ਵੀ ਤਰ੍ਹਾਂ ਦੇ ਸਭਿਆਚਾਰ ਨਾਲ਼ੋ ਟੁੱਟ ਕੇ ਵਸਤੂ ਰੂਪ ਵਿਚ ਪਰਿਵਰਤਤ ਹੋ ਜਾਣ ਦਾ ਹੈ।’
ਡਾ. ਸਰਬਜੀਤ ਸਿੰਘ ਨੇ ਕਹਾਣੀਆਂ ਦੀ ਬਾਰੀਕੀ ਨਾਲ਼ ਪੁਣ ਛਾਣ ਕੀਤੀ ਹੈ। ਉਸਦਾ ਕਥਨ ਹੈ, ‘ਵਿਕਸਿਤ ਪੂੰਜੀਵਾਦ ਦੀ ਜਿਸ ਆਜ਼ਾਦੀ ਦਾ ਵਿਸ਼ਵ ਭਰ ਵਿਚ ਰਾਮ ਰੌਲ਼ਾ ਖੜਾ ਕੀਤਾ ਗਿਆ ਹੈ, ਉਸ ਨੂੰ ਜਰਨੈਲ ਸਿੰਘ ਨੇ ਪਰਿਸਥਿਤੀਆਂ ਦੇ ਸੰਦਰਭ ਵਿਚ ਸਮਝਣ ਲਈ ਸੰਵਾਦ ਉਤਪੰਨ ਕੀਤਾ ਹੈ… ਭਾਸ਼ਾ ਦੇ ਪ੍ਰਤੀਕੀਕਰਨ ਰਾਹੀਂ ਉਸਨੇ ਜੀਵਨ ਦੀ ਸੂਝ ਤੇ ਸੁਹਜ ਨੂੰ ਸਹਿਜ ਤੇ ਸੂਖਮ ਬਣਾ ਦਿੱਤਾ ਹੈ। ਭਾਸ਼ਾ ਦੇ ਪੱਖੋਂ ਸੁਚੇਚਤਾ ਤੇ ਉਸਦੀ ਗੰਭੀਰ ਤੇ ਸੰਜੀਦਗੀ ਨਾਲ਼ ਵਰਤੋਂ, ਬਦੇਸ਼ੀ ਪੰਜਾਬੀ ਕਹਾਣੀ ਦੇ ਸੁੱਘੜ ਹੋ ਜਾਣ ਦੀ ਗਵਾਹੀ ਭਰਦੀ ਹੈ।
ਡਾ. ਸੁਖਪਾਲ ਸਿੰਘ ਥਿੰਦ : ‘ਕਹਾਣੀ ‘ਦੋ ਟਾਪੂ’ ਦੀ ਕਥਾ ਚੇਤਨਾ ਸਮੁੱਚੀਆਂ ਜੁਗਤਾਂ ਦੇ ਸੰਦਰਭ ਵਿਚ ਸਮੂਹਮੁਖੀ ਬੰਧੇਜੀ ਬਣਤਰਾਂ ਅਤੇ ਨਿਰੋਲ ਨਿੱਜਮੁਖਤਾ ਦੇ ਆਪਸੀ ਟਕਰਾਉ ਅਤੇ ਤਣਾਉ ਵਿਚ ਆਪਣਾ ਸੰਤੁਲਨ ਤਲਾਸ਼ਦੀ ਜਾਪਦੀ ਹੈ।’
ਡਾ. ਜਗਬੀਰ ਸਿੰਘ ਅਨੁਸਾਰ ‘ਦੋ ਟਾਪੂ’ ਪਰਵਾਸੀ ਸਾਹਿਤ ਦੀ ਪ੍ਰਮਾਣਿਕ ਟੈਕਸਟ ਹੋਣ ਦੇ ਨਾਲ਼ ਨਾਲ਼ ਵਿਸ਼ਵ ਪੰਜਾਬੀ ਸਹਿਤ ਦੀ ਵੀ ਮੁੱਲਵਾਨ ਪ੍ਰਾਪਤੀ ਹੈ।’
ਪਾਕਿਸਤਾਨ ਦੇ ਨਾਮਵਰ ਕਹਾਣੀਕਾਰ ਇਲਿਆਸ ਘੁੰਮਣ ਨੇ ‘ਦੋ ਟਾਪੂ’ ਕਿਤਾਬ ਦਾ ਸ਼ਾਹਮੁਖੀ ‘ਚ ਲਿਪੀਆਂਤਰਣ ਕੀਤਾ ਤੇ ਇਸਨੂੰ ‘ਪੰਜਾਬੀ ਭਾਸ਼ਾ ਅਤੇ ਸਭਿਆਚਾਰ ਵਿਭਾਗ, ਲਾਹੌਰ ‘ਤੋਂ ਛਪਵਾਇਆ। (2001)
ਹਿੰਦੀ ‘ਚ ਅਨੁਵਾਦ ਸਾਹਿਤਕਾਰ ਸੋਮਾ ਸਬਲੋਕ ਨੇ ਕੀਤਾ। ਕਿਤਾਬ ਛਾਪੀ ਸੀ ‘ਚੇਤਨਾ ਪ੍ਰਕਾਸ਼ਨ, ਲੁਧਿਆਣਾ’ ਨੇ। (2004)
ਟੁਰ ਗਿਆ ਮਿੱਤਰ ਪਿਆਰਾ ਲੈਰੀ ਹਾਈਨ
ਲੈਰੀ ਹਾਈਨ ਨਾਲ਼ ਸੰਪਰਕ ਟੁੱਟ ਚੁੱਕਾ ਸੀ। ਤਕਰੀਬਨ ਸਾਲ ਬਾਅਦ ਉਸਦੀ ਪਤਨੀ ਨੋਵਾ ਦਾ ਫੋਨ ਆਇਆ। ਉਸਨੇ ਦੱਸਿਆ ਕਿ ਉਨ੍ਹਾਂ ਨੇ ਰਿਹਾਇਸ਼ ਬਦਲ ਲਈ ਸੀ। “ਪਰ ਤੁਸੀਂ ਏਨਾ ਚਿਰ ਫੋਨ ਕਿਉਂ ਨਾ ਕੀਤਾ?” ਮੇਰੇ ਪ੍ਰਸ਼ਨ ਦੇ ਉੱਤਰ ਵਿਚ ਨੋਵਾ ਨੇ ਜੋ ਦੱਸਿਆ, ਸੁਣ ਕੇ ਮੇਰਾ ਸਾਹ ਸੂਤਿਆ ਗਿਆ। ਲੈਰੀ ਨੂੰ ਕੈਂਸਰ ਸੀ। ਉਹ ਬਿਮਾਰੀ ਨਾਲ਼ ਜੂਝਿਆ ਸੀ ਪਰ ਹਾਰ ਗਿਆ। ਹੁਣ ਉਹ ਕੁਝ ਦਿਨਾਂ ਦਾ ਮਹਿਮਾਨ ਸੀ। ਮੇਰੇ ਕਹਿਣ ‘ਤੇ ਨੋਵਾ ਨੇ ਫੋਨ ਲੈਰੀ ਨੂੰ ਫੜਾ ਦਿੱਤਾ। ਕਮਜ਼ੋਰੀ ਕਾਰਨ ਉਸਨੂੰ ਬੋਲਣ ਵਿਚ ਤਕਲੀਫ ਹੋ ਰਹੀ ਸੀ। ਉਸ ਵੱਲੋਂ ਆਖੇ ‘ਹਾਇ ਸਮਾਲ ਬਰੱਦਰ’ ਦੇ ਸ਼ਬਦਾਂ ਵਿਚਲੇ ਸਨੇਹ ਨੂੰ ਮਹਿਸੂਸਦਿਆਂ ਮੈਂ ਭਾਵੁਕ ਹੋ ਗਿਆ… ਮੈਂ ਹਮਦਰਦੀ ਦੇ ਸ਼ਬਦ ਆਖੇ। ਕੁਝ ਕੁ ਦਿਨਾਂ ਬਾਅਦ ਦੁਖਦਾਈ ਖ਼ਬਰ ਆ ਗਈ। ਨੋਵਾ ਨੇ ਮੈਨੂੰ ਫਿਊਨਰਲ (ਸਸਕਾਰ) ਦਾ ਪ੍ਰੋਗਰਾਮ ਨੋਟ ਕਰਵਾ ਦਿੱਤਾ। ਫਲੂ ਹੋਣ ਕਰਕੇ ਮੇਰੀ ਸਿਹਤ ਠੀਕ ਨਹੀਂ ਸੀ। ਪਰ ਮੈਂ ਜਾਣ ਦਾ ਇਰਾਦਾ ਬਣਾ ਲਿਆ ਤੇ ਆਖ ਦਿੱਤਾ, “ਜ਼ਰੂਰ ਆਵਾਂਗਾ।”
ਪਰ ਤੀਜੇ ਦਿਨ ਸਵੇਰੇ ਜਦੋਂ ਫਿਊਨਰਲ ‘ਤੇ ਜਾਣ ਲਈ ਤਿਆਰ ਹੋਣਾ ਸੀ, ਮਨ ਨੇ ਹੋਰ ਹੀ ਦਲੀਲ ਘੜ ਲਈ, ‘ਦੋ ਘੰਟੇ ਜਾਣ, ਦੋ ਘੰਟੇ ਆਉਣ, ਢਾਈ ਘੰਟੇ ਦਾ ਫਿਊਨਰਲ ਪ੍ਰੋਗਰਾਮ, ਮੇਰਾ ਫਲੂ ਵਧ ਜਾਏਗਾ… ।’ ਮੈਂ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ। ਮਨ ਵਿਚ ਲੈਰੀ ਨਾਲ਼ ਜੁੜੀਆਂ ਯਾਦਾਂ ਘੁੰਮਦੀਆਂ ਰਹੀਆਂ… ਕੁਝ ਘੰਟਿਆਂ ਬਾਅਦ ਮੇਰੀ ਆਤਮਾ ਮੈਨੂੰ ਕੋਸ ਰਹੀ ਸੀ, ‘ਬੰਦਿਆ! ਫਲੂ ਦੀ ਤੂੰ ਦਵਾਈ ਲੈ ਰਿਹਾਂ। ਇਹ ਕੰਟਰੋਲ ‘ਚ ਐ। ਤੇਰੀ ਸਿਹਤ ਨੂੰ ਕੁਝ ਨਹੀਂ ਸੀ ਹੋਣਾ। ਅੱਜ ਜਦੋਂ ਉਸ ਮਿੱਤਰ ਪਿਆਰੇ ਦੀ ਆਤਮਾ ਦੀ ਸ਼ਾਂਤੀ ਬਾਬਤ ਅਰਦਾਸ ਵਿਚ ਸ਼ਾਮਲ ਹੋਣਾ ਸੀ, ਉਸ ਨਾਲ਼ ਗੂੜ੍ਹੀ ਦੋਸਤੀ ਦੀਆਂ ਯਾਦਾਂ, ਉਸਦੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨਾਲ਼ ਸਾਂਝੀਆਂ ਕਰਨੀਆਂ ਸਨ, ਤੂੰ ਘੇਸਲ ਵੱਟ ਗਿਐਂ। ਤੂੰ ਬਹੁਤ ਵੱਡੀ ਗਲਤੀ ਕੀਤੀ ਐ।’
ਅਗਲੇ ਦਿਨ ਮੈਂ ਫੋਨ ‘ਤੇ ਨੋਵਾ ਤੋਂ ਮੁਆਫ਼ੀ ਮੰਗੀ।
”ਪਰ ਤੂੰ ਤਾਂ ਕਿਹਾ ਸੀ ਜ਼ਰੂਰ ਆਵਾਂਗਾ।”
“ਫਲੂ ਕਾਰਨ ਮੇਰੀ ਸਿਹਤ ਡਾਊਨ ਹੈ।” ਮੈਂ ਸਫਾਈ ਦਿੱਤੀ।
“ਇਜ਼ ਦੈਟ ਰਾਈਟ?”
ਨੋਵਾ ਦੀ ਆਖੀ ਇਸ ਗੱਲ ਦੇ ਦੋ ਭਾਵ-ਅਰਥ ਹਨ:ਦੂਜੇ ਬੰਦੇ ਦੀ ਗੱਲ ਨੂੰ ‘ਓ ਅੱਛਾ’ ਕਹਿਣ ਵਾਂਗ ਪੁਸ਼ਟ ਕਰਨਾ ਜਾਂ ਉਸਦੀ ਗੱਲ ‘ਤੇ ਸ਼ੱਕ ਜ਼ਾਹਰ ਕਰਨਾ। ਹੋ ਸਕਦੈ ਨੋਵਾ ਦਾ ਭਾਵ ਮੇਰੀ ਗੱਲ ਨੂੰ ਪੁਸ਼ਟ ਕਰਨਾ ਹੀ ਹੋਵੇ। ਪਰ ਜੋ ਭਾਵ ਮੇਰੀ ਆਤਮਾ ਨੇ ਸਮਝਿਆ ਉਹ ਸ਼ੱਕ ਵਾਲ਼ਾ ਸੀ। ਮੈਂ ਗਲਤ ਜੁ ਸਾਂ।
ਮੇਰੀਆਂ ਕੁਝ ਗਲਤੀਆਂ ਚੇਤਿਆਂ ਵਿਚੋਂ ਵਿਸਰ ਗਈਆਂ ਹਨ। ਪਰ ਕੁਝ ਮਨ ਦੀਆਂ ਡੂੰਘਾਈਆਂ ‘ਚ ਉੱਤਰੀਆਂ ਹੋਈਆਂ ਹਨ। ਉਨ੍ਹਾਂ ਦਾ ਚੇਤਾ ਆਉਣ ‘ਤੇ ਮੇਰੀ ਆਤਮਾ ਮੈਨੂੰ ਕੋਸਣ ਲੱਗ ਜਾਂਦੀ ਹੈ। ਲੈਰੀ ਹਾਈਨ ਦੀ ਫਿਊਨਰਲ ‘ਤੇ ਨਾ ਜਾਣ ਦੀ ਗਲਤੀ ਇਸ ਕਿਸਮ ਦੀ ਹੈ।
ਕੈਨੇਡਾ ਦੇ ਲੰਮੇਰੇ ਆਰਥਿਕ ਮੰਦਵਾੜੇ ਕਾਰਨ ਦੇਸ਼ ਦਾ ਬੱਜਟ ਬਹੁਤ ਘਾਟੇ ਵਿਚ ਚਲਾ ਗਿਆ ਸੀ। 1993 ਦੀਆਂ ਫੈਡਰਲ ਚੋਣਾਂ ਵਿਚ ਬਹੁਮਤ ਲਿਬਰਲ ਪਾਰਟੀ ਨੂੰ ਮਿਲ਼ਿਆ। ਜੌਂ ਕਰੇਚੀਅਨ ਪ੍ਰਧਾਨ ਮੰਤਰੀ ਬਣਿਆਂ। ਅਰਥਚਾਰੇ ਦੀ ਘਾਟਾ ਪੂਰਤੀ ਲਈ ਸਰਕਾਰੀ ਮਹਿਕਮਿਆਂ ਦੇ ਖਰਚਿਆਂ ‘ਤੇ ਕਟੌਤੀਆਂ ਲੱਗ ਗਈਆਂ। ਬਾਕੀ ਮਹਿਕਮਿਆਂ ‘ਤੇ ਤਾਂ ਥੋੜ੍ਹੀਆਂ ਹੀ ਸਨ ਪਰ ਫੌਜ ਦੇ ਮਹਿਕਮੇ ‘ਤੇ ਵੱਡੀਆਂ ਕਟੌਤੀਆਂ ਲੱਗੀਆਂ। ਫੌਜ ਦੀ ਨਫਰੀ ਘਟਾਉਣ ਦੀ ਕਾਰਵਾਈ ਸ਼ੁਰੂ ਹੋ ਗਈ। ਕੈਨੇਡਾ ਦੀ ਭਾਸ਼ਾ ਵਿਚ ਇਸਨੂੰ ‘ਡਾਊਨਸਾਈਜ਼ਿੰਗ’ ਕਿਹਾ ਜਾਂਦਾ ਹੈ। ਜਿਹੜੇ ਫੌਜੀ ਰਿਟਾਇਰਮੈਂਟ ਦੇ ਲਾਗੇ ਸਨ, ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਰਿਟਾਇਰ ਕਰ ਦਿੱਤਾ ਗਿਆ। ਸੈਂਕੜੇ ਫੌਜੀ ਇਕੱਠੀ ਰਕਮ ਜਾਂ ਥੋੜ੍ਹੀ ਰਕਮ ਦੇ ਕੇ ਫਾਰਗ ਕਰ ਦਿਤੇ ਗਏ।
ਸਾਡੀ ਡਿਟੈਚਮੈਂਟ ‘ਤੇ ਜੋ ਅਸਰ ਪਿਆ, ਉਹ ਬਾਅਦ ‘ਚ ਦੱਸਾਂਗਾ। ਪਹਿਲਾਂ ਪੜ੍ਹੋ ਪ੍ਰਧਾਨ ਮੰਤਰੀ ਕਰੇਚੀਅਨ ਦੇ ਕਾਰਜ ਕਾਲ ਦੌਰਾਨ ਕੈਨੇਡਾ ਦੀ ਸਿਆਸਤ ਵਿਚ ਵਾਪਰੀ ਵਿਕੋਲਿਤਰੀ ਘਟਨਾ:
ਕੈਨੇਡਾ ਦੇ ਸੂਬੇ ਕਿਉਬੈੱਕ ਵਿਚ ਵੱਡੀ ਗਿਣਤੀ ਫਰਾਂਸੀਸੀ ਮੂਲ ਦੇ ਕੈਨੇਡੀਅਨਾਂ ਦੀ ਹੈ। ਸੂਬੇ ਦੀ ਸਰਕਾਰੀ ਭਾਸ਼ਾ ਫਰੈਂਚ ਹੈ। ਤਕਰੀਬਨ 85% ਲੋਕ ਫਰੈਂਚ ਬੋਲਦੇ ਹਨ। ਸਰਕਾਰੀ ਭਾਸ਼ਾ ਹੋਣ ਕਰਕੇ ਗੈਰ ਫਰਾਂਸੀਸੀ ਮੂਲ ਦੇ ਲੋਕਾਂ ਨੂੰ ਵੀ ਫਰੈਂਚ ਸਿਖਣੀ ਪੈਂਦੀ ਹੈ। ਫਰਾਂਸੀਸੀ ਮੂਲ ਦੇ ਸਿਆਸਤਾਨਦਾਨ ਚਿਰਾਂ ਤੋਂ ਕਿਉਬੈੱਕ ਵਾਸਤੇ ‘ਡਿਸਟਿੰਕਟ ਸੋਸਾਇਟੀ’ ਯਾਅਨੀ ਨਿਵੇਕਲੀ ਸੁਸਾਇਟੀ ਦੀ ਮੰਗ ਕਰ ਰਹੇ ਸਨ।
(ਚਲਦਾ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …