Breaking News
Home / ਪੰਜਾਬ / ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ, ਕਿਸੇ ਦੀ ਨਿੱਜੀ ਨਹੀਂ : ਮਨਪ੍ਰੀਤ ਸਿੰਘ ਇਯਾਲੀ

ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ, ਕਿਸੇ ਦੀ ਨਿੱਜੀ ਨਹੀਂ : ਮਨਪ੍ਰੀਤ ਸਿੰਘ ਇਯਾਲੀ

ਨਾਰਾਜ਼ ਟਕਸਾਲੀ ਆਗੂਆਂ ਨੂੰ ਮਿਲੇ ਵਿਧਾਇਕ; ਭਰਤੀ ਮੁਹਿੰਮ ਦੀਆਂ ਤਿਆਰੀਆਂ ਦਾ ਜਾਇਜ਼ਾ
ਮੋਗਾ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤੇ ਸੁਰਜੀਤੀ ਲਈ ਬਣਾਈ ਕਮੇਟੀ ਦੇ ਆਗੂ ਅਤੇ ਦਾਖਾ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਪੰਥ ਦੀ ਪਾਰਟੀ ਹੈ, ਨਾ ਕਿ ਕਿਸੇ ਦੀ ਨਿੱਜੀ। ਉਹ ਮੋਗਾ ‘ਚ 17 ਮਈ ਨੂੰ ਹੋਣ ਵਾਲੀ ਜ਼ਿਲ੍ਹਾ ਪੱਧਰੀ ਭਰਤੀ ਮੁਹਿੰਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਏ ਸਨ।
ਉਹ ਮੋਗਾ ਜ਼ਿਲ੍ਹੇ ‘ਚ ਪਾਰਟੀ ਤੋਂ ਨਾਰਾਜ਼ ਚੱਲ ਰਹੇ ਟਕਸਾਲੀ ਅਕਾਲੀ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਵੀ ਮਿਲੇ। ਪ੍ਰੈੱਸ ਕਾਨਫਰੰਸ ਵਿਚ ਇਯਾਲੀ ਨੇ ਪੰਥ ਅਤੇ ਸੰਗਤ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ‘ਚ ਸਹਿਯੋਗ ਮੰਗਦਿਆਂ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰਾਂ ਵੱਲੋਂ, ਜੋ ਹੁਕਮਨਾਮਾ ਸੁਣਾਇਆ ਗਿਆ ਸੀ, ਉਸ ਤਹਿਤ ਪਾਰਦਰਸ਼ੀ ਭਰਤੀ ਕੀਤੀ ਜਾ ਰਹੀ ਹੈ। ਹੁਣ ਤੱਕ 26 ਲੱਖ ਤੋਂ ਵੱਧ ਭਰਤੀ ਹੋ ਚੁੱਕੀ ਹੈ। ਬਾਹਰੀ ਰਾਜਾਂ ‘ਚ ਵੀ ਜਲਦੀ ਹੀ ਆਨਲਾਈਨ ਭਰਤੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਪੰਥਕ ਦਰਦੀਆਂ ਨੂੰ 17 ਮਈ ਦੀ ਇਸ ਜ਼ਿਲ੍ਹਾ ਪੱਧਰੀ ਭਰਤੀ ਮੁਹਿੰਮ ਵਿਚ ਪਹੁੰਚਣ ਦਾ ਸੱਦਾ ਦਿੱਦਿਆਂ ਕਿਹਾ ਕਿ ਉਹ ਅਕਾਲੀ ਦਲ ਦੀ ਸੁਰਜੀਤੀ ਲਈ ਕੰਮ ਕਰ ਰਹੇ ਹਨ। ਭਰਤੀ ਮੁਕੰਮਲ ਹੋਣ ਮਗਰੋਂ ਡੈਲੀਗੇਟ ਇਜਲਾਸ ਵਿੱਚ ਪੰਥ ਨੇ ਪ੍ਰਧਾਨਗੀ ਦਾ ਫ਼ੈਸਲਾ ਕਰਨਾ ਹੈ। ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੱਕੜੀ’ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ।

 

Check Also

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਥਾ ਨਹੀਂ ਭੇਜੇਗੀ ਸ਼੍ਰੋਮਣੀ ਕਮੇਟੀ

ਐਸਜੀਪੀਸੀ ਦੇ ਸਕੱਤਰ ਵਲੋਂ ਦਿੱਤੀ ਗਈ ਜਾਣਕਾਰੀ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ ਮਨਾਈ ਜਾ ਰਹੀ ਬਰਸੀ ਮੌਕੇ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਲਹਿੰਦੇ ਪੰਜਾਬ ਨਹੀਂ ਭੇਜਿਆ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਿੱਖ ਸ਼ਰਧਾਲੂਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਵਿਖੇ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਜਾਂਦਾ ਹੈ, ਪ੍ਰੰਤੂ ਇਸ ਵਾਰ ਦੋਹਾਂ ਦੇਸ਼ਾਂ ਵਿਚ ਬਣੇ ਤਨਾਅ ਵਾਲੇ ਮਾਹੌਲ ਅਤੇ ਭਾਰਤ ਸਰਕਾਰ ਵੱਲੋਂ ਯਾਤਰਾ ਸਬੰਧੀ ਲਾਈਆਂ ਪਾਬੰਦੀਆਂ ਤੇ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਇਹ ਜਥਾ ਨਾ ਭੇਜਣ ਦਾ ਫੈਸਲਾ ਲਿਆ ਹੈ।