ਕੰਮ ਕਰ ਰਹੇ ਮਜ਼ਦੂਰਾਂ ਦੀ ਸਿਹਤ ਵਿਗੜੀ
ਡੇਰਾਬੱਸੀ/ਬਿਊਰੋ ਨਿਊਜ਼
ਡੇਰਾਬਸੀ ’ਚ ਬਰਵਾਲਾ ਰੋਡ ’ਤੇ ਵੀਰਵਾਰ ਰਾਤ ਕਰੀਬ 2 ਵਜੇ ਇਕ ਕੈਮੀਕਲ ਦੀ ਫੈਕਟਰੀ ਵਿਚ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਦਾ ਪਤਾ ਉਸ ਸਮੇਂ ਲੱਗਾ, ਜਦੋਂ ਨੇੜਲੇ ਲੋਕਾਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਮਹਿਸੂਸ ਹੋਣ ਲੱਗੀ। ਇਸਦਾ ਪਤਾ ਲੱਗਦੇ ਹੀ ਰੈਸਕਿਊ ਟੀਮ, ਪਲਿਊਸ਼ਨ ਵਿਭਾਗ ਅਤੇ ਮੈਡੀਕਲ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਜਿਸ ਮੌਕੇ ਇਹ ਗੈਸ ਲੀਕ ਹੋਈ, ਉਸ ਸਮੇਂ ਫੈਕਟਰੀ ਵਿਚ ਨਾਈਟ ਸਿਫਟ ਵਿਚ ਕਰੀਬ 50 ਮਜ਼ਦੂਰ ਕੰਮ ਕਰ ਰਹੇ ਸਨ। ਗੈਸ ਲੀਕ ਹੋਣ ਨਾਲ ਉਥੇ ਕੰਮ ਕਰ ਰਹੇ ਸਾਰੇ ਮਜ਼ਦੂਰਾਂ ਦੀ ਤਬੀਅਤ ਖਰਾਬ ਹੋਣ ਲੱਗੀ ਅਤੇ ਉਹ ਦੌੜ ਕੇ ਫੈਕਟਰੀ ਵਿਚੋਂ ਬਾਹਰ ਚਲੇ ਗਏ। ਇਸਦੇ ਚੱਲਦਿਆਂ ਫਾਇਰ ਬਿ੍ਰਗੇਡ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਗੈਸ ਲੀਕ ਹੋ ਕੇ ਰਿਹਾਇਸ਼ੀ ਇਲਾਕੇ ਵਿੱਚ ਫੈਲ ਗਈ ਤੇ ਲੋਕਾਂ ਨੂੰ ਅੱਖਾਂ ਵਿੱਚ ਜਲਣ ਤੇ ਸਾਹ ਲੈਣ ਵਿਚ ਦਿੱਕਤ ਆਉਣ ਲੱਗ ਪਈ ਸੀ। ਫੈਕਟਰੀ ਪ੍ਰਬੰਧਕਾਂ ਅਨੁਸਾਰ ਫਾਇਰ ਬਿ੍ਰਗੇਡ ਨੇ ਡੇਢ ਘੰਟੇ ਬਾਅਦ ਇਸ ’ਤੇ ਕਾਬੂ ਪਾਇਆ। ਦੱਸਣਯੋਗ ਹੈ ਕਿ ਲੰਘੀ 30 ਅਪ੍ਰੈਲ ਨੂੰ ਲੁਧਿਆਣਾ ਵਿਚ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਸੀ। ਇਸ ਤੋਂ ਬਾਅਦ ਗੈਸ ਲੀਕ ਹੋਣ ਦੀ ਦੂਜੀ ਘਟਨਾ ਨੰਗਲ ਵਿਚ 11 ਮਈ ਨੂੰ ਹੋਈ ਸੀ। ਜਿਸ ਨਾਲ ਸਕੂਲ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੋਈ ਸੀ। ਹੁਣ ਗੈਸ ਲੀਕ ਹੋਣ ਦੀ ਤੀਜੀ ਘਟਨਾ ਡੇਰਾਬਸੀ ਵਿਚ ਵਾਪਰੀ ਹੈ। ਪਰ ਮਾਹਿਰ ਅਜੇ ਤੱਕ ਗੈਸ ਲੀਕ ਹੋਣ ਦੀਆਂ ਘਟਨਾਵਾਂ ਦਾ ਪਤਾ ਨਹੀਂ ਲਗਾ ਸਕੇ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …