
ਬਿ੍ਰਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਅਤੇ ਪੀਐਮ ਨਰਿੰਦਰ ਮੋਦੀ ਦੀ ਬੈਠਕ ਦੌਰਾਨ ਸਮਝੌਤਾ
ਮੁੰਬਈ/ਬਿਊਰੋ ਨਿਊਜ਼
ਬਿ੍ਰਟੇਨ ਦੀਆਂ 9 ਯੂਨੀਵਰਸਿਟੀਆਂ ਭਾਰਤ ਵਿਚ ਕੈਂਪਸ ਖੋਲ੍ਹਣਗੀਆਂ। ਬਿ੍ਰਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਮੰੁਬਈ ਵਿਚ ਇਹ ਐਲਾਨ ਕੀਤਾ ਹੈ। ਸਟਾਰਮਰ ਅਤੇ ਪੀਐਮ ਮੋਦੀ ਨੇ ਅੱਜ ਵੀਰਵਾਰ ਸਵੇਰੇ ਗੱਲਬਾਤ ਦੌਰਾਨ ਸਮਝੌਤੇ ’ਤੇ ਦਸਤਖਤ ਕੀਤੇ। ਇਸ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਹੈ ਕਿ ਇਸ ਸਮਝੌਤੇ ਨਾਲ ਦੋਵੇਂ ਦੇਸ਼ਾਂ ਵਿਚਾਲੇ ਦਰਾਮਦ-ਬਰਾਮਦ ਵਧੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕਾਰੋਬਾਰ ਵਧੇਗਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਨਰਿੰਦਰ ਮੋਦੀ ਨੇ ਸਟਾਰਮਰ ਨਾਲ ਦੁਵੱਲੀ ਗੱਲਬਾਤ ਦੌਰਾਨ ਵਪਾਰਕ, ਸੁਰੱਖਿਆ, ਤਕਨੀਕ ਅਤੇ ਸਿੱਖਿਆ ਵਰਗੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਹੈ। ਦੋਵੇਂ ਆਗੂਆਂ ਨੇ ‘ਵਿਜ਼ਨ 2030’ ਦੇ ਤਹਿਤ ਭਾਰਤ-ਬਿ੍ਰਟੇਨ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ। ਇਸੇ ਦੌਰਾਨ ਕੀਅਰ ਸਟਾਰਮਰ ਨੇ ਕਿਹਾ ਕਿ ਪੀਐਮ ਮੋਦੀ ਦੀ ਜੁਲਾਈ ਮਹੀਨੇ ਦੌਰਾਨ ਬਿ੍ਰਟੇਨ ਵਿਚ ਮੇਜ਼ਬਾਨੀ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਸੀ ਅਤੇ ਮੈਂ ਕੁਝ ਮਹੀਨਿਆਂ ਬਾਅਦ ਹੀ ਇਹ ਵਾਪਸੀ ਯਾਤਰਾ ਕਰਕੇ ਬਹੁਤ ਖੁਸ਼ ਹਾਂ। ਕੀਅਰ ਸਟਾਰਮਰ ਦੇ ਦੋ ਦਿਨਾਂ ਭਾਰਤ ਦੌਰੇ ਦਾ ਅੱਜ ਆਖਰੀ ਦਿਨ ਸੀ। ਧਿਆਨ ਰਹੇ ਕਿ ਲੰਘੇ ਕੱਲ੍ਹ ਸਟਾਰਮਰ ਨੇ ਮੁੰਬਈ ਵਿਚ ਇਕ ਸਮਾਗਮ ਵਿਚ ਹਿੱਸਾ ਵੀ ਲਿਆ ਸੀ ਅਤੇ ਉਨ੍ਹਾਂ ਨੇ ਫਿਲਮ ਅਦਾਕਾਰਾ ਰਾਣੀ ਮੁਖਰਜੀ ਨਾਲ ਵੀ ਮੁਲਾਕਾਤ ਕੀਤੀ ਸੀ।

