ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਿਆ ਪਾਪੀ
ਕਿਹਾ : ਟੀਮ ਇੰਡੀਆ ਨੇ ਸਾਰੇ ਮੈਚ ਜਿੱਤੇ, ਜਿਸ ਮੈਚ ’ਚ ਪਾਪੀ ਪਹੁੰਚੇ ਉਹੀ ਹਾਰੀ ਟੀਮ ਇੰਡੀਆ
ਕੋਲਕਾਤਾ/ਬਿਊਰੋ ਨਿਊਜ਼ :
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਅਹਿਮਦਾਬਾਦ ਦੀ ਜਗ੍ਹਾ ਕੋਲਕਾਤਾ ਦੇ ਮੈਦਾਨ ਵਿਚ ਖੇਡਿਆ ਜਾਂਦਾ ਤਾਂ ਭਾਰਤੀ ਟੀਮ ਕ੍ਰਿਕਟ ਵਿਸ਼ਵ ਕੱਪ ਜਿੱਤ ਸਕਦੀ ਸੀ। ਉਨ੍ਹਾਂ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਦੇ ਮੁਕਾਬਲਿਆਂ ਦੌਰਾਨ ਸਾਰੇ ਲੀਗ ਮੈਚਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸਿਰਫ ਫਾਈਨਲ ਮੈਚ ਨੂੰ ਛੱਡ ਕੇ। ਉਨ੍ਹਾਂ ਕਿਹਾ ਭਾਰਤੀ ਟੀਮ ਫਾਈਨਲ ਮੁਕਾਬਲਾ ਇਸ ਕਰਕੇ ਹਾਰ ਗਈ ਕਿਉਂਕਿ ਇਸ ਮੈਚ ਵਿਚ ਕੁੱਝ ਪਾਪੀ ਵਿਅਕਤੀ ਮੌਜੂਦ ਸਨ। ਮਮਤਾ ਬੈਨਰਜੀ ਇਥੇ ਹੀ ਨਹੀਂ ਰੁਕੀ, ਉਨ੍ਹਾਂ ਨੇ ਟੀਮ ਇੰਡੀਆ ਦੀ ਜਰਸੀ ਨੂੰ ਲੈ ਕੇ ਵੀ ਭਾਜਪਾ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਗਵਾਂ ਤਿਆਗੀਆਂ ਦਾ ਰੰਗ ਹੈ ਪ੍ਰੰਤੂ ਤੁਸੀਂ ਲੋਕ ਤਾਂ ਭੋਗੀ ਹੋ। ਉਨ੍ਹਾਂ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੋਲਕਾਤਾ ਦੇ ਨੇਤਾ ਜੀ ਇੰਡੋਰ ਸਟੇਡੀਅਮ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਸਮੇਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਕਿ ਦੇਸ਼ ਦੇ ਰੇਲਵੇ ਸਟੇਸ਼ਨਾਂ ਤੋਂ ਲੈ ਕੇ ਕ੍ਰਿਕਟ ਟੀਮ ਦਾ ‘ਭਗਵਾਂਕਰਨ’ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਮਤਾ ਨੇ ਦਾਅਵਾ ਕੀਤਾ ਕਿ ਟੀਮ ਇੰਡੀਆ ਦੇ ਖਿਡਾਰੀਆਂ ਨੇ ਭਗਵਾਂ ਜਰਸੀ ਦਾ ਵਿਰੋਧ ਕੀਤਾ ਸੀ, ਜਿਸ ਦੇ ਚਲਦਿਆਂ ਖਿਡਾਰੀਆਂ ਨੇ ਫਾਈਨਲ ਮੌਚ ਦੌਰਾਨ ਭਗਵੇਂ ਦੀ ਥਾਂ ਨੀਲੀ ਜਰਸੀ ਹੀ ਪਹਿਨੀ ਹੋਈ ਸੀ।