ਭਾਰਤ ’ਚ 10 ਤੋਂ 17 ਦਸੰਬਰ ਤੱਕ ਹੋਣਗੀਆਂ ਪਹਿਲੀਆਂ ਖੇਲੋ ਇੰਡੀਆ ਪੈਰਾ ਖੇਡਾਂ
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵੱਲੋਂ ਕੀਤਾ ਗਿਆ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਵਿਚ ਪਹਿਲੀਆਂ ਖੇਲੋ ਇੰਡੀਆ ਪੈਰਾ ਖੇਡਾਂ 10 ਤੋਂ 17 ਦਸੰਬਰ ਤੱਕ ਨਵੀਂ ਦਿੱਲੀ ਵਿਚ ਕਰਵਾਈਆਂ ਜਾਣਗੀਆਂ। ਇਸ ਸਬੰਧੀ ਯੁਵਾ ਮਾਮਲਿਆਂ ਅਤੇ ਖ਼ੇਡਾਂ ਦੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਐਲਾਨ ਕੀਤਾ ਗਿਆ ਹੈ। ਉਨ੍ਹਾਂ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਪਹਿਲੀਆਂ ਖੇਲੋ ਇੰਡੀਆ ਪੈਰਾ ਖ਼ੇਡਾਂ ਨਵੀਂ ਦਿੱਲੀ ਵਿਚ ਵੱਖ-ਵੱਖ ਥਾਵਾਂ ’ਤੇ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਕਦਮ ਦੇਸ਼ ਵਿਚ ਪੈਰਾ-ਖ਼ੇਡਾਂ ਨੂੰ ਵਿਕਸਤ ਕਰਨ ਲਈ ਸਰਕਾਰ ਦੀ ਪਹਿਲਕਦਮੀ ਲਈ ਇਕ ਵੱਡਾ ਉਪਰਾਲਾ ਹੈ। ਇਸ ਉਦਮ ਸਦਕਾ ਪ੍ਰਤਿਭਾਸ਼ਾਲੀ ਪੈਰਾ-ਐਥਲੀਟਾਂ ਦੀ ਪਛਾਣ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ ਸਮੇਤ 32 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1350 ਤੋਂ ਵੱਧ ਪੈਰਾ ਖਿਡਾਰੀਆਂ ਦੇ ਪਹਿਲੀਆਂ ਖੇਲੋ ਇੰਡੀਆ ਪੈਰਾ ਖ਼ੇਡਾਂ ਵਿਚ ਹਿੱਸਾ ਲੈਣ ਦੀ ਉਮੀਦ ਹੈ। ਇਨ੍ਹਾਂ ਪੈਰਾ ਖੇਡਾਂ ਵਿਚ ਪੈਰਾ ਐਥਲੈਟਿਕਸ, ਪੈਰਾ ਨਿਸ਼ਾਨੇਬਾਜ਼ੀ, ਪੈਰਾ ਤੀਰਅੰਦਾਜ਼ੀ, ਪੈਰਾ ਫੁੱਟਬਾਲ, ਪੈਰਾ-ਬੈਡਮਿੰਟਨ, ਪੈਰਾ ਟੇਬਲ ਟੈਨਿਸ, ਅਤੇ ਪੈਰਾ ਵੇਟ ਲਿਫ਼ਟਿੰਗ ਸਮੇਤ ਸੱਤ ਖ਼ੇਡਾਂ ਵਿਚ ਪੈਰਾ ਅਥਲੀਟਾਂ ਦੇ ਮੁਕਾਬਲੇ ਹੋਣਗੇ।