
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਆਗੂ ਸੋਨੀਆ ਗਾਂਧੀ ਦੀ ਕਿਤਾਬ ‘‘ਬਲੌਗਿੰਗ : ਏ ਜਰਨੀ ਔਫ ਲਵ’’ ਦੀ ਵਿਕਰੀ ਸ਼ੁਰੂ ਹੋ ਗਈ ਹੈ। ਬਿਨਾ ਕਿਸੇ ਲਾਂਚ ਸਮਾਗਮ ਦੇ ਇਹ ਕਿਤਾਬ ਬਜ਼ਾਰ ਵਿਚ ਮਿਲਣੀ ਸ਼ੁਰੂ ਹੋ ਗਈ ਹੈ। ਸੋਨੀਆ ਗਾਂਧੀ ਦੀ ਇਸ ਕਿਤਾਬ ਵਿਚ 527 ਪੇਜ਼ ਹਨ ਅਤੇ ਇਸ ਨੂੰ 7 ਭਾਗਾਂ ਵਿਚ ਵੰਡਿਆ ਗਿਆ ਹੈ। ਕਿਤਾਬ ਦੇ ਕਵਰ ’ਤੇ ਸੋਨੀਆ ਗਾਂਧੀ ਦੀ ਫੋਟੋ ਹੈ, ਜਿਸ ਨੂੰ 1966 ਵਿਚ ਰਾਜੀਵ ਗਾਂਧੀ ਨੇ ਕਲਿਕ ਕੀਤਾ ਸੀ। ਸੋਨੀਆ ਨੇ ਇਸ ਨੂੰ ਇਕ ਨਿੱਜੀ ਕਿਤਾਬ ਦੱਸਿਆ ਅਤੇ ਕਿਹਾ ਕਿ ਇਹ ਕੋਈ ਰਾਜਨੀਤਕ ਕਿਤਾਬ ਨਹੀਂ ਹੈ। ਲੰਘੀ 24 ਅਕਤੂਬਰ ਨੂੰ ਸੋਨੀਆ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕੀਤੀ ਸੀ। ਇਸ ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਜਦੋਂ ਮੇਰੀ ਕਿਤਾਬ ਰਿਲੀਜ਼ ਹੋਵੇਗੀ ਤਾਂ ਜ਼ਰੂਰ ਕੁਝ ‘ਤਮਾਸ਼ਾ’ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਦਹਾਕਿਆਂ ਤੋਂ ਮੇਰੀ ਕਹਾਣੀ ਸੁਣਾ ਰਹੇ ਹਨ ਅਤੇ ਹੁਣ ਮੇਰੀ ਵਾਰੀ ਹੈ ਕਿ ਮੈਂ ਆਪਣੀ ਕਹਾਣੀ ਸੁਣਾਵਾਂ। ਕਿਤਾਬ ਦੇ 7ਵੇਂ ਚੈਪਟਰ ਵਿਚ ਰਾਜੀਵ ਗਾਂਧੀ ਨਾਲ ਮੁਲਾਕਾਤ, ਪਿਆਰ, ਵਿਆਹ, ਭਾਰਤ ਆਉਣਾ, ਕਾਂਗਰਸ ਪਾਰਟੀ ਦੀ ਅਗਵਾਈ ਕਰਨਾ ਅਤੇ ਕਾਂਗਰਸ ਪਾਰਟੀ ਨੂੰ ਬਹੁਮਤ ਮਿਲਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਾ ਬਣਨ ਦੇ ਫੈਸਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ।

