
ਕਿਹਾ : ਟਿਕਟ ਨਾ ਦੇਣ ਦਾ ਨੁਕਸਾਨ ਪਾਰਟੀ ਨੂੰ ਹੀ ਭੁਗਤਣਾ ਪਵੇਗਾ
ਚਮਕੌਰ ਸਾਹਿਬ/ਬਿਊਰੋ ਨਿਊਜ਼
ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦੇ ਕੇ ਹਲਕੇ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਡਾ. ਚਰਨਜੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਹੀ ਚੋਣ ਲੜਨਗੇ ਅਤੇ ਜੇਕਰ ਪਾਰਟੀ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਨਹੀਂ ਉਤਾਰਦੀ ਤਾਂ ਇਸ ਦਾ ਸਿੱਧਾ ਨੁਕਸਾਨ ਪਾਰਟੀ ਨੂੰ ਹੀ ਝੱਲਣਾ ਪਵੇਗਾ। ਸੋਸ਼ਲ ਮੀਡੀਆ ’ਤੇ ਆਜ਼ਾਦ ਚੋਣ ਲੜਨ ਸਬੰਧੀ ਵਾਇਰਲ ਕੀਤੀ ਜਾ ਰਹੀ ਵੀਡੀਓ ਅਤੇ ਖਬਰ ਨੂੰ ਡਾ. ਚਰਨਜੀਤ ਸਿੰਘ ਨੇ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹੇ ਹਨ। ਉਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਸੰਭਾਵਨਾ ਨੂੰ ਵੀ ਸਿਰੇ ਤੋਂ ਖਾਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਜਸਵੀਰ ਸਿੰਘ ਗੜ੍ਹੀ ਨੂੰ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਇੰਚਾਰਜ ਬਣਾਇਆ ਹੋਇਆ ਹੈ।

