
ਐਵਰੈਸਟ ਬੇਸ ਕੈਂਪ ਦੇ ਰਸਤੇ ਵਿਚ ਵਾਪਰਿਆ ਹਾਦਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਨੇਪਾਲ ਦੇ ਸੋਲੁਖੁੰਬੂ ਜ਼ਿਲ੍ਹੇ ਵਿੱਚ ਅੱਜ ਮੰਗਲਵਾਰ ਨੂੰ ਉਤਰਦੇ ਸਮੇਂ ਦੋ ਹੈਲੀਕਾਪਟਰਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਵਿੱਚ 47 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਯਾਤਰੀ ਜ਼ਖ਼ਮੀ ਹੋ ਗਿਆ। ਨੇਪਾਲ ਪੁਲਿਸ ਦੇ ਬਿਆਨ ਅਨੁਸਾਰ ਇਹ ਹਾਦਸਾ ਸੋਲੁਖੁੰਬੂ ਜ਼ਿਲ੍ਹੇ ਦੀ ਖੁੰਬੂ ਪਾਸਾਂਗ ਲ੍ਹਾਮੂ ਦਿਹਾਤੀ ਨਗਰਪਾਲਿਕਾ ਦੇ ਵਾਰਡ ਨੰਬਰ 4 ਵਿੱਚ ਪੈਂਦੇ ਫੇਰੀਚੇ ਵਿਖੇ ਵਾਪਰਿਆ। ਜ਼ਿਲ੍ਹਾ ਪੁਲਿਸ ਦੇ ਦਫ਼ਤਰ ਅਨੁਸਾਰ ਫਿਸ਼ਟੇਲ ਏਅਰ ਅਤੇ ਏਅਰ ਡਾਇਨੈਸਟੀ ਕੰਪਨੀਆਂ ਦੇ ਹੈਲੀਕਾਪਟਰਾਂ ਦੀ ਟੱਕਰ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵੱਜ ਕੇ 11 ਮਿੰਟ ’ਤੇ ਹੋਈ। ਪੁਲਿਸ ਇੰਸਪੈਕਟਰ ਮੌਸਮ ਤਮਾਂਗ ਨੇ ਦੱਸਿਆ ਕਿ ਮਿ੍ਰਤਕ ਦੀ ਪਛਾਣ ਭਾਰਤੀ ਨਾਗਰਿਕ ਵਸੰਤ ਕੁਮਾਰ ਬਾਲਾਰਾਮਾ ਰਾਮਾਡੂ ਵਜੋਂ ਹੋਈ ਹੈ। ਉਹ ਫਿਸ਼ਟੇਲ ਏਅਰ ਦੇ ਹੈਲੀਕਾਪਟਰ ਵਿੱਚ ਸਵਾਰ ਸੀ। ਇਸੇ ਹੈਲੀਕਾਪਟਰ ਵਿੱਚ ਸਵਾਰ 49 ਸਾਲਾ ਸ਼ੈਲੇਸ਼ ਕਿ੍ਰਸ਼ਨਾ ਪਟੇਲ ਵੀ ਜ਼ਖ਼ਮੀ ਹੋ ਗਿਆ। ਉਹ ਭਾਰਤੀ ਮੂਲ ਦਾ ਨਿਊਜ਼ੀਲੈਂਡ ਵਾਸੀ ਹੈ। ਇਸ ਹਾਦਸੇ ਵਿੱਚ ਨੇਪਾਲੀ ਪਾਇਲਟ ਰਵਿੰਦਰ ਪ੍ਰਜਾਪਤੀ ਅਤੇ ਪ੍ਰਜਵਲ ਕੇ.ਸੀ. ਵੀ ਜ਼ਖ਼ਮੀ ਹੋ ਗਏ।

