ਤਿਕੁਨੀਆ ਕਸਬੇ ‘ਚ ਗੁਰਦੁਆਰਾ ਕੋੜੀਵਾਲਾ ਘਾਟ ਵਿਖੇ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਦੀ ਪਹਿਲੀ ਬਰਸੀ ਮਨਾਈ
ਲਖੀਮਪੁਰ ਖੀਰੀ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਲਖੀਮਪੁਰ ਖੀਰੀ ਹਿੰਸਾ ਦੀ ਪਹਿਲੀ ਬਰਸੀ ਮੌਕੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ ਹੈ। ਪੂਰਾ ਦੇਸ਼ ਅਜੇ ਤੱਕ ਤਿਕੁਨੀਆ ਪਿੰਡ ਵਿੱਚ ਵਾਪਰੀ ਹਿੰਸਾ ਨੂੰ ਨਹੀਂ ਭੁੱਲਿਆ, ਜਿਸ ਵਿੱਚ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਣੇ ਅੱਠ ਜਣਿਆਂ ਦੀ ਜਾਨ ਜਾਂਦੀ ਰਹੀ ਸੀ। ਉਨ੍ਹਾਂ ਇਨਸਾਫ਼ ਵਿੱਚ ਦੇਰੀ ਲਈ ਸੂਬਾ ਸਰਕਾਰ ਨੂੰ ਭੰਡਿਆ। ਉਨ੍ਹਾਂ ਕਿਹਾ ਕਿ ਹਾਕਮ ਕਾਨੂੰਨ ਪ੍ਰਬੰਧ ਤੇ ਸੰਵਿਧਾਨ ਵਿੱਚ ਯਕੀਨ ਨਹੀਂ ਰੱਖਦੇ ਤੇ ਸੱਤਾ ਦੀ ਦੁਰਵਰਤੋਂ ਕਰ ਰਹੇ ਹਨ। ਟਿਕੈਤ ਸਮੇਤ ਹੋਰਨਾਂ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਬਕਾਇਆ ਮੰਗਾਂ ਮੰਨਵਾਉਣ ਤੱਕ ਚੁੱਪ ਨਾ ਰਹਿਣ ਦੀ ਚੇਤਾਵਨੀ ਦਿੱਤੀ। ਗੁਰਦੁਆਰਾ ਕੋੜੀਵਾਲਾ ਘਾਟ ਵਿਖੇ ਕਰਵਾਏ ਬਰਸੀ ਸਮਾਗਮ ਵਿੱਚ ਇਲਾਕੇ ਦੀ ਸੰਗਤ ਨੇ ਵੀ ਸ਼ਿਰਕਤ ਕੀਤੀ। ਉਧਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲੇ ਬਰਸੀ ਸਮਾਗਮ ਨੂੰ ਲੈ ਕੇ ਦੇਸ਼ ਭਰ ਵਿੱਚ ਜ਼ਿਲ੍ਹਾ ਤੇ ਤਹਿਸੀਲ ਪੱਧਰੀ ਧਰਨੇ/ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦੇ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ ਤੇ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਆਦਿ ਦੇ ਕਿਸਾਨ ਆਗੂ ਸ਼ਾਮਲ ਹੋਏ। ਬਰਸੀ ਸਮਾਗਮ ਵਿੱਚ ਪੰਜਾਬ ਤੋਂ ਕਿਸਾਨ ਆਗੂ ਬੂਟਾ ਸਿੰਘ ਬੁਰਜ ਗਿੱਲ, ਰਾਮਿੰਦਰ ਸਿੰਘ ਪਟਿਆਲਾ, ਜਗਮਨਦੀਪ ਸਿੰਘ ਪੜੀ ਅਤੇ ਉੱਤਰਾਖੰਡ ਦੇ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਤੇ ਜਗਤਾਰ ਸਿੰਘ ਬਾਜਵਾ ਨੇ ਸ਼ਿਰਕਤ ਕੀਤੀ।
ਕਿਸਾਨਾਂ ਨੂੰ ਇਨਸਾਫ਼ ਮਿਲਣਾ ਬਾਕੀ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਹੈ ਕਿ ਭਾਜਪਾ ਲਖੀਮਪੁਰ ਖੀਰੀ ਦੇ ਅਪਰਾਧੀਆਂ ਨੂੰ ਬਚਾਅ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਲਈ ਵੀ ਵੱਡੀ ਪ੍ਰੇਰਣਾ ਬਣਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਨਿਆਂ ਯਕੀਨੀ ਬਣਾਏ ਬਿਨਾਂ ਇਹ ਸੰਘਰਸ਼ ਖ਼ਤਮ ਨਹੀਂ ਹੋਵੇਗਾ। ਕਾਂਗਰਸ ਜਨਰਲ ਸਕੱਤਰ ਵਾਡਰਾ ਨੇ ਕਿਹਾ ਕਿ ਲਖੀਮਪੁਰ ਖੀਰੀ ਦੀ ਹਿੰਸਾ ਨੇ ਭਾਜਪਾ ਦਾ ‘ਕਿਸਾਨ ਵਿਰੋਧੀ’ ਚਿਹਰਾ ਨੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਬਾਅਦ ਵੀ ਕੇਂਦਰੀ ਮੰਤਰੀ ਆਪਣੇ ਅਹੁਦੇ ਉਤੇ ਬਣਿਆ ਹੋਇਆ ਹੈ ਕਿਉਂਕਿ ਸੱਤਾਧਾਰੀ ਉਸ ਨੂੰ ਬਚਾ ਰਹੇ ਹਨ। ਪ੍ਰਿਯੰਕਾ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਬਹੁਤ ਸੁਸਤ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ ਤੇ ਪੀੜਤ ਪਰਿਵਾਰ ਨਿਰਾਸ਼ ਹਨ।