ਬੈਨਰਜੀ ਮੁੜ ਬਣੀ ਟੀਐੱਮਸੀ ਦੀ ਚੇਅਰਪਰਸਨ
ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮੁੜ ਟੀਐੱਮਸੀ ਦੀ ਚੇਅਰਪਰਸਨ ਚੁਣ ਲਿਆ ਗਿਆ ਹੈ। ਉਨ੍ਹਾਂ ਪਾਰਟੀ ਆਗੂਆਂ ਨੂੰ ਭਾਜਪਾ ਖਿਲਾਫ ਇੱਕਜੁੱਟ ਹੋ ਕੇ ਲੜਨ ਦਾ ਸੱਦਾ ਦਿੰਦਿਆਂ ਅੰਦਰੂਨੀ ਕਲੇਸ਼ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।ਉਨ੍ਹਾਂ ਵੱਲੋਂ ਇਹ ਸੁਨੇਹਾ ਪਾਰਟੀ ਦੀ ਨਵੀਂ ਪੀੜ੍ਹੀ ਦੇ ਆਗੂਆਂ ਤੇ ਕੁਝ ਪੁਰਾਣੇ ਆਗੂਆਂ ਵਿਚਾਲੇ ਉਭਰੇ ਮਤਭੇਦਾਂ ਦਰਮਿਆਨ ਆਇਆ ਹੈ। ਮੁੱਖ ਮੰਤਰੀ ਬੈਨਰਜੀ ਨੇ ਕਿਹਾ ਕਿ ਮੈਂ ਆਪਣੇ ਸਾਰੇ ਪਾਰਟੀ ਆਗੂਆਂ ਤੇ ਕਾਰਕੁਨਾਂ ਤੋਂ ਇਹ ਵਾਅਦਾ ਚਾਹੁੰਦੀ ਹਾਂ ਕਿ ਉਹ ਆਪਸ ‘ਚ ਨਹੀਂ ਲੜਨਗੇ।
ਟੀਐੱਮਸੀ ਵਿੱਚ ਵੱਖੋ-ਵੱਖਰੇ ਗਰੁੱਪ ਨਹੀਂ ਹਨ, ਪਾਰਟੀ ਇੱਕ ਇੱਕਜੁਟ ਗੁੱਟ ਹੈ। ਪਾਰਟੀ ਨੂੰ ਸਾਰੀਆਂ 42 ਲੋਕ ਸਭਾ ਸੀਟਾਂ ‘ਤੇ ਜਿੱਤ ਦਰਜ ਕਰਨ ਲਈ ਸੰਘਰਸ਼ ਕਰਨਾ ਪਵੇਗਾ। ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਅਦਾਲਤ ਵੱਲੋਂ ਸੰਮਨ ਜਾਰੀ : ਇਸ ਦੌਰਾਨ ਮੁੰਬਈ ਦੀ ਇੱਕ ਅਦਾਲਤ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਉਨ੍ਹਾਂ ਵੱਲੋਂ ਮੁੰਬਈ ਦੇ ਇੱਕ ਦੌਰੇ ਦੌਰਾਨ ਰਾਸ਼ਟਰੀ ਗੀਤ ਪ੍ਰਤੀ ਕਥਿਤ ਨਿਰਾਦਰ ਲਈ ਸੰਮਨ ਜਾਰੀ ਕਰਕੇ 2 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਭਾਵੇਂ ਬੈਨਰਜੀ ਮੁੱਖ ਮੰਤਰੀ ਹਨ, ਇਸ ਲਈ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਹੈ ਤੇ ਇਸ ਲਈ ਕਥਿਤ ਆਰੋਪੀ (ਬੈਨਰਜੀ) ਖਿਲਾਫ ਕਾਰਵਾਈ ਅੱਗੇ ਵਧਾਉਣ ‘ਤੇ ਕੋਈ ਰੋਕ ਨਹੀਂ ਹੈ।