ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਦੀਵਾਲੀ ਤੋਂ ਬਾਅਦ ਹਵਾ ਹੋਰ ਜ਼ਹਿਰੀਲੀ ਹੋ ਗਈ ਹੈ। ਲੰਘੇ ਕੱਲ੍ਹ ਸੋਮਵਾਰ ਨੂੰ ਦਿੱਲੀ ਦਾ ਓਵਰ ਆਲ ਏਅਰ ਕੁਆਲਿਟੀ ਇੰਡੈਕਸ 275 ਸੀ, ਜਦਕਿ ਅੱਜ ਮੰਗਲਵਾਰ ਨੂੰ ਦਿੱਲੀ ਦੇ ਕਈ ਖੇਤਰਾਂ ਵਿਚ ਏਅਰ ਕੁਆਲਿਟੀ ਇੰਡੈਕਸ 400 ਤੋਂ ਪਾਰ ਚਲਾ ਗਿਆ। ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਦੇ ਮੁਤਾਬਕ ਆਰ.ਕੇ. ਪੁਰਮ ਵਿਚ ਏਅਰ ਕੁਆਲਿਟੀ ਇੰਡੈਕਸ 417, ਪੰਜਾਬੀ ਬਾਗ ਵਿਚ 430 ਅਤੇ ਜਹਾਂਗੀਰਪੁਰੀ ਵਿਚ 428 ਰਿਕਾਰਡ ਕੀਤਾ ਗਿਆ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਪਾਬੰਦੀ ਦੇ ਬਾਵਜੂਦ ਲੋਕਾਂ ਨੇ 12 ਅਤੇ13 ਨਵੰਬਰ ਨੂੰ ਪਟਾਖੇ ਜਲਾਏ। ਇਸ ਨਾਲ ਪ੍ਰਦੂਸ਼ਣ ਦਾ ਪੱਧਰ ਵਧ ਗਿਆ। ਆਉਣ ਵਾਲੇ ਦਿਨਾਂ ਵਿਚ ਏਅਰ ਕੁਆਲਿਟੀ ਹੋਰ ਖਰਾਬ ਹੋਣ ਦੀ ਸ਼ੰਕਾ ਹੈ। ਧਿਆਨ ਰਹੇ ਕਿ ਸੁਪਰੀਮ ਕੋਰਟ ਨੇ ਪਟਾਖਿਆਂ ’ਤੇ ਪਾਬੰਦੀ ਲਗਾਈ ਹੋਈ ਸੀ, ਇਸਦੇ ਬਾਵਜੂਦ ਦਿੱਲੀ ਵਿਚ ਖੂਬ ਆਤਿਸ਼ਬਾਜ਼ੀ ਹੋਈ। ਇਸ ਕਰਕੇ ਹੀ ਦੀਵਾਲੀ ਤੋਂ ਅਗਲੇ ਦਿਨ ਦਿੱਲੀ ਦੇ ਲਾਜਪਤ ਨਗਰ ਅਤੇ ਜਵਾਹਰ ਲਾਲ ਨਹਿਰ ਸਟੇਡੀਅਮ ਵਿਚ ਏਅਰ ਕੁਆਲਿਟੀ ਇੰਡੈਕਸ 900 ਤੋਂ ਪਾਰ ਚਲਾ ਗਿਆ ਸੀ। ਉਧਰ ਦੂਜੇ ਪਾਸੇ ਪ੍ਰਦੂਸ਼ਣ ਨਾਲ ਸਬੰਧਤ ਬਿਮਾਰੀਆਂ ਦੀ ਰੋਕਥਾਮ ਲਈ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਵਿਸ਼ੇਸ਼ ਓਪੀਡੀ ਖੋਲ੍ਹੀ ਜਾ ਰਹੀ ਹੈ, ਜਿੱਥੇ ਮਰੀਜ਼ਾਂ ਦੀ ਖਾਸ ਦੇਖਭਾਲ ਹੋਵੇਗੀ। ਡਾਕਟਰਾਂ ਦਾ ਮੰਨਣਾ ਹੈ ਕਿ ਪ੍ਰਦੂਸ਼ਣ ਮਨੁੱਖੀ ਸਰੀਰ ਦੇ ਕਈ ਅੰਗਾਂ ’ਤੇ ਅਸਰ ਕਰਦਾ ਹੈ।