![](https://parvasinewspaper.com/wp-content/uploads/2023/11/Akali-Dal-1.jpg)
35 ਸਾਲ ਤੋਂ ਜ਼ਿਆਦਾ ਉਮਰ ਵਾਲੇ ਨਹੀਂ ਹੋਣਗੇ ਜ਼ਿਲ੍ਹਾ ਪ੍ਰਧਾਨ
ਲੁਧਿਆਣਾ/ਬਿਊਰੋ ਨਿਊਜ਼
ਯੂਥ ਅਕਾਲੀ ਦਲ ਵਿਚ ਹੁਣ ਬਲਾਕ ਜਾਂ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਕਿਸੇ ਸਿਫਾਰਸ਼ ਦੀ ਜ਼ਰੂਰਤ ਨਹੀਂ ਹੋਵੇਗੀ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਨੂੰ ਨਾਲ ਜੋੜਨ ਲਈ ਔਨਲਾਈਨ ਡਰਾਈਵ ਨੂੰ ਸ਼ੁਰੂ ਕਰ ਦਿੱਤਾ ਹੈ। ਇਸਦੇ ਨਾਲ ਹੀ ਐਲਾਨ ਕਰ ਦਿੱਤਾ ਗਿਆ ਹੈ ਕਿ ਆਉਣ ਵਾਲੀਆਂ ਨਗਰ ਨਿਗਮ, ਨਗਰ ਪਰਿਸ਼ਦ ਅਤੇ ਪੰਚਾਇਤ ਚੋਣਾਂ ਵਿਚ 50 ਫੀਸਦੀ ਟਿਕਟਾਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ। ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਵਿਚ ਯੂਥ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਲ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਦੀ ਸੂਚੀ ਵਿਚ 37 ਦੇ ਕਰੀਬ ਉਹ ਨੌਜਵਾਨ ਹਨ, ਜੋ ਯੂਥ ਅਕਾਲੀ ਦਲ ਵਿਚ ਜ਼ਿਲ੍ਹਾ ਇੰਚਾਰਜਾਂ ਦੀ ਭੂਮਿਕਾ ਨਿਭਾ ਚੁੱਕੇ ਹਨ। ਇਸਦੇ ਨਾਲ ਹੀ ਯੂਥ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਵਿਚ ਹੁਣ ਤੋਂ ਜ਼ਿਲ੍ਹਾ ਪ੍ਰਧਾਨਗੀ ਲਈ 35 ਸਾਲ ਤੋਂ ਜ਼ਿਆਦਾ ਉਮਰ ਵਾਲਾ ਵਿਅਕਤੀ ਅਪਲਾਈ ਨਹੀਂ ਕਰ ਸਕੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਯੂਥ ਅਕਾਲੀ ਦਲ ਦੀ ਟੀਮ ਚੁਣੇ ਜਾਣ ਦੇ ਲਈ ਸਾਰੀ ਪ੍ਰਕਿਰਿਆ ਨੂੰ ਔਨਲਾਈਨ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ, ਸਰਕਲ ਪ੍ਰਧਾਨ ਜਾਂ ਹੋਰ ਕੋਈ ਅਹੁਦਾ ਲੈਣ ਦੇ ਲਈ ਸਿਫਾਰਸ਼ ਦੀ ਜ਼ਰੂਰਤ ਨਹੀਂ ਪਵੇਗੀ।