
ਮੁੱਖ ਮੰਤਰੀ ਦੇ ਨਾਮ ਦੇ ਐਲਾਨ ’ਚ ਹੋ ਰਹੀ ਦੇਰੀ ’ਤੇ ‘ਆਪ’ ਨੇ ਚੁੱਕੇ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਨਾਮ ਦੇ ਐਲਾਨ ’ਚ ਦੇਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ’ਤੇ ਮੁੜ ਸਿਆਸੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਾਜਪਾ ਕੋਲ ਸਰਕਾਰ ਚਲਾਉਣ ਲਈ ‘ਕੋਈ ਚਿਹਰਾ’ ਨਹੀਂ ਹੈ। ‘ਆਪ’ ਦੀ ਸੀਨੀਅਰ ਨੇਤਾ ਅਤੇ ਦਿੱਲੀ ਦੀ ਕਾਰਜਕਾਰੀ ਮੁੱਖ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ’ਤੇ ਕੌਮੀ ਰਾਜਧਾਨੀ ’ਚ ਸ਼ਾਸਨ ਲਈ ਇੱਕ ਦੂਰਅੰਦੇਸ਼ੀ ਨੇਤਾ ਦੀ ਘਾਟ ਦਾ ਆਰੋਪ ਲਾਇਆ। ਆਤਿਸ਼ੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਵਿੱਚ ਚੁਣੇ ਗਏ 48 ਭਾਜਪਾ ਵਿਧਾਇਕਾਂ ਵਿੱਚੋਂ ਕਿਸੇ ’ਤੇ ਭਰੋਸਾ ਨਹੀਂ ਕਰਦੇ ਹਨ। ਉਨ੍ਹਾਂ ਆਰੋਪ ਲਾਇਆ ਕਿ ਪਾਰਟੀ ਕੋਲ ਸ਼ਾਸਨ ਲਈ ਕੋਈ ‘ਵਿਜ਼ਨ’ ਜਾਂ ਯੋਜਨਾ ਨਹੀਂ ਹੈ। ਉਧਰ ਦੂਜੇ ਪਾਸੇ 20 ਫਰਵਰੀ ਨੂੰ ਦਿੱਲੀ ਦੇ ਭਾਜਪਾਈ ਮੁੱਖ ਮੰਤਰੀ ਨੂੰ ਅਹੁਦੇ ਦੀ ਸਹੁੰ ਚੁਕਾਈ ਜਾਣੀ ਹੈ। ਇਸ ਨੂੰ ਲੈ ਕੇ 19 ਫਰਵਰੀ ਨੂੰ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਹੋਣੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ 20 ਸੂਬਿਆਂ ਦੇ ਮੁੱਖ ਮੰਤਰੀ ਹਾਜ਼ਰ ਰਹਿਣਗੇ।