ਤਾਜਾ ਅੰਕੜਿਆਂ ਅਨੁਸਾਰ ਭਾਜਪਾ ਨੂੰ 614 ਕਰੋੜ ਅਤੇ ਕਾਂਗਰਸ ਨੂੰ 95 ਕਰੋੜ ਰੁਪਏ ਚੰਦੇ ਵਜੋਂ ਮਿਲੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸਾਲ 2021-22 ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਨੂੰ ਕਾਂਗਰਸ ਪਾਰਟੀ ਨਾਲੋਂ 6 ਗੁਣਾ ਜ਼ਿਆਦਾ ਚੰਦਾ ਮਿਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਜਨਤਾ ਪਾਰਟੀ 614.53 ਕਰੋੜ ਰੁਪਏ ਚੰਦੇ ਦੇ ਰੂਪ ਵਿਚ ਮਿਲੇ ਹਨ ਜਦਕਿ ਕਾਂਗਰਸ ਪਾਰਟੀ ਨੂੰ 95.46 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਲੰਘੇ ਦਿਨੀਂ ਸਿਆਸੀ ਪਾਰਟੀ ਨੂੰ ਮਿਲੇ ਚੰਦੇ ਦੀ ਰਿਪੋਰਟ ਪੇਸ਼ ਕੀਤੀ ਗਈ ਸੀ। ਜੇਕਰ ਪਿਛਲੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੂੰ ਸਾਲ 2020-21 ’ਚ 477 ਕਰੋੜ ਰੁਪਏ ਚੰਦੇ ਦੇ ਰੂਪ ਵਿਚ ਮਿਲੇ ਸਨ ਜਦਕਿ ਕਾਂਗਰਸ ਪਾਰਟੀ ਨੂੰ 74.7 ਕਰੋੜ ਰੁਪਏ ਚੰਦੇ ਵਜੋਂ ਮਿਲੇ ਸਨ। ਸਾਲ 2021-22 ਦੌਰਾਨ ਦੋਵੇਂ ਪਾਰਟੀਆਂ ਨੂੰ ਮਿਲੇ ਚੰਦੇ ’ਚ 28 ਫੀਸਦੀ ਦਾ ਵਾਧਾ ਹੋਇਆ ਹੈ। ਉਥੇ ਹੀ ਤਿ੍ਰਣਮੂਲ ਕਾਂਗਰਸ ਨੂੰ ਸਾਲ 2021-22 ਦੇ ਦੌਰਾਨ ਚੰਦੇ ਦੇ ਰੂਪ ਵਿਚ 43 ਲੱਖ ਰੁਪਏ ਅਤੇ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਲ 2021-22 ਦੋਰਾਨ 44.54 ਲੱਖ ਰੁਪਏ ਚੰਦੇ ਦੇ ਰੂਪ ਵਿਚ ਮਿਲੇ ਹਨ। ਧਿਆਨ ਰਹੇ ਕਿ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ 20 ਹਜ਼ਾਰ ਰੁਪਏ ਤੋਂ ਜ਼ਿਆਦਾ ਵਾਲੇ ਚੰਦੇ ਸਬੰਧੀ ਹਿਸਾਬ ਦੇਣਾ ਹੁੰਦਾ ਹੈ। ਇਸ ਦੇ ਨਾਲ ਹੀ ਰਾਜਨੀਤਿਕ ਦਲਾਂ ਨੂੰ ਚੋਣ ਕਮਿਸ਼ਨ ਸਾਹਮਣੇ ਇਸ ਦੀ ਰਿਪੋਰਟ ਵੀ ਪੇਸ ਕਰਨੀ ਹੁੰਦੀ ਹੈ।