ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਗਿਰਾਵਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਨ੍ਹੀਂ ਦਿਨੀਂ ਅਸਮਾਨ ਛੂਹ ਰਹੀਆਂ ਹਨ ਪ੍ਰੰਤੂ ਆਉਂਦੇ ਦਿਨਾਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 14 ਰੁਪਏ ਪ੍ਰਤੀਲੀਟਰ ਤੱਕ ਦੀ ਕਟੌਤੀ ਹੋ ਸਕਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤਾਂ ’ਚ ਕਾਫ਼ੀ ਗਿਰਾਵਟ ਆਈ ਹੈ ਅਤੇ ਹੁਣ ਕੱਚੇ ਤੇਲ ਦੀ ਕੀਮਤ 81 ਡਾਲਰ ਪ੍ਰੰਤੀ ਬੈਰਲ ਤੋਂ ਵੀ ਹੇਠਾਂ ਚਲੀ ਗਈ ਹੈ ਜਦਕਿ ਅਮਰੀਕਾ ’ਚ ਕੱਚੇ ਤੇਲ ਦੀ ਕੀਮਤ 74 ਡਾਲਰ ਪ੍ਰਤੀ ਬੈਰਲ ਦੇ ਕਰੀਬ ਹੈ। ਕੱਚੇ ਤੇਲ ਦੀਆਂ ਕੀਮਤਾਂ ’ਚ ਵੱਡੀ ਗਿਰਾਵਟ ਆਉਣ ਤੋਂ ਬਾਅਦ ਭਾਰਤੀ ਰਿਫਾਈਨਰੀ ਦੇ ਲਈ ਕੱਚੇ ਤੇਲ ਦੀ ਔਸਤ ਕੀਮਤ ਘਟ ਕੇ 82 ਡਾਲਰ ਪ੍ਰਤੀ ਬੈਰਲ ਰਹਿ ਗਈ ਹੈ। ਜਦਕਿ ਲੰਘੇ ਮਾਰਚ ਮਹੀਨੇ ’ਚ ਕੱਚੇ ਤੇਲ ਦੀ ਕੀਮਤ 112.8 ਡਾਲਰ ਪ੍ਰਤੀ ਬੈਰਲ ਸੀ। ਜਿਸ ਦੇ ਹਿਸਾਬ ਨਾਲ 8 ਮਹੀਨਿਆਂ ’ਚ ਰਿਫਾਇਨਰੀ ਕੰਪਨੀਆਂ ਦੇ ਲਈ ਕੱਚੇ ਤੇਲ ਦੀ ਕੀਮਤ 31 ਡਾਲਰ ਪ੍ਰਤੀ ਬੈਰਲ ਘਟ ਗਈ ਹੈ। ਕੱਚੇ ਤੇਲ ਦੀਆਂ ਕੀਮਤਾਂ ’ਚ 1 ਡਾਲਰ ਦੀ ਗਿਰਾਵਟ ਆਉਣ ਨਾਲ ਦੇਸ਼ ਦੀਆਂ ਤੇਲ ਕੰਪਨੀਆਂ ਨੂੰ ਰਿਫਾਈਨਰੀ ’ਤੇ ਪ੍ਰਤੀ ਲੀਟਰ 45 ਪੈਸੇ ਦੀ ਬਚਤ ਹੁੰਦੀ ਹੈ। ਜਿਸ ਦੇ ਮੱਦੇਨਜ਼ਰ ਪੈਟਰੋਲ ਅਤੇ ਡੀਜਲ਼ ਦੀਆਂ ਕੀਮਤਾਂ ’ਚ ਹੁਣ 14 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਹੋਣ ਦੀ ਸੰਭਾਵਨਾ ਹੈ।