93 ਸੀਟਾਂ ਲਈ 5 ਪੰਜ ਦਸੰਬਰ ਨੂੰ ਹੋਵੇਗੀ ਵੋਟਿੰਗ, ਚੋਣ ਨਤੀਜੇ 8 ਦਸੰਬਰ ਨੂੰ
ਅਹਿਮਦਾਬਾਦ/ਬਿਊਰੋ ਨਿਊਜ਼ : 182 ਸੀਟਾਂ ਵਾਲੀ ਗੁਜਰਾਤ ਵਿਧਾਨ ਸਭਾ ਲਈ 89 ਸੀਟਾਂ ’ਤੇ ਪਹਿਲੇ ਗੇੜ ਦੌਰਾਨ ਭਲਕੇ 1 ਦਸੰਬਰ ਵੀਰਵਾਰ ਨੰੂ ਵੋਟਾਂ ਪੈਣਗੀਆਂ। ਜਦਕਿ ਬਾਕੀ ਰਹਿੰਦੀਆਂ 93 ਸੀਟਾਂ ਲਈ ਆਉਂਦੀ 5 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਚੋਣ ਨਤੀਜੇ 8 ਦਸੰਬਰ ਨੂੰ ਆਉਣਗੇ। ਪਹਿਲੇ ਗੇੜ ਵਿਚ ਚੋਣ ਲੜ ਰਹੇ ਪ੍ਰਮੁੱਖ ਉਮੀਦਵਾਰਾਂ ’ਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਇਸੂਦਾਨ ਗੜਵੀ, ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ, ਗੁਜਰਾਤ ਦੇ ਸਾਬਕਾ ਮੰਤਰੀ ਪ੍ਰਸ਼ੋਤਮ ਸੋਲੰਕੀ, ਛੇ ਵਾਰ ਵਿਧਾਇਕ ਰਹੇ ਕੁੰਵਰਜੀ ਬਾਵਲੀਆ ਆਦਿ ਪ੍ਰਮੁੱਖ ਨਾਂ ਸ਼ਾਮਲ ਹਨ ਜਿਨ੍ਹਾਂ ਦੀ ਕਿਸਮਤ ਭਲਕੇ ਵੋਟਿੰਗ ਮਸ਼ੀਨਾਂ ਵਿਚ ਕੈਦ ਹੋ ਜਾਵੇਗੀ। ਇਸ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਹਰ ਪਾਰਟੀ ਵੱਲੋਂ ਜਿੱਤ ਦਰਜ ਕਰਨ ਲਈ ਵੋਟਰਾਂ ਨਾਲ ਵੱਖ-ਵੱਖ ਵਾਅਦੇ ਕੀਤੇ ਗਏ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤਸ਼ਾਹ, ਕਾਂਗਰਸ ਵੱਲੋਂ ਮਲਿਕਾ ਅਰਜੁਨ ਖੜਗੇ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ‘ਆਪ’ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਹਰ ਪਾਰਟੀ ਵੱਲੋਂ ਆਪਣੀ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਜਦਕਿ ਪਿਛਲੇ 27 ਸਾਲਾਂ ਤੋਂ ਗੁਜਰਾਤ ਸੂਬੇ ’ਤੇ ਭਾਰਤੀ ਜਨਤਾ ਪਾਰਟੀ ਦਾ ਹੀ ਕਬਜਾ ਚਲਿਆ ਆ ਰਿਹਾ ਹੈ। ਇਸ ਵਾਰ ਗੁਜਰਾਤ ਦੀ ਜਨਤਾ ਕਿਸ ਪਾਰਟੀ ਦੇ ਹੱਥ ਸੂਬੇ ਦੀ ਵਾਗਡੋਰ ਦਿੰਦੀ ਹੈ ਇਸ ਦਾ ਪਤਾ ਤਾਂ ਆਉਂਦੀ 8 ਦਸੰਬਰ ਨੂੰ ਹੀ ਲੱਗੇਗਾ।
Check Also
ਹਰਿਆਣਵੀ ਗਾਇਕਾ ਅਤੇ ਡਾਂਸਲਰ ਸਪਨਾ ਚੌਧਰੀ ਅਤੇ ਪਰਿਵਾਰ ਖਿਲਾਫ ਮਾਮਲਾ ਦਰਜ
ਭਾਬੀ ਤੋਂ ਦਾਜ ’ਚ ਕਰੇਟਾ ਗੱਡੀ ਮੰਗਣ ਦਾ ਆਰੋਪ ਪਲਵਲ/ਬਿਊਰੋ ਨਿਊਜ਼ : ਹਰਿਆਣਵੀ ਗਾਇਕਾ ਅਤੇ …