4.7 C
Toronto
Tuesday, November 18, 2025
spot_img
Homeਭਾਰਤਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਹੀ ਮਸਲੇ ਦਾ ਹੱਲ : ਰਾਹੁਲ

ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਹੀ ਮਸਲੇ ਦਾ ਹੱਲ : ਰਾਹੁਲ

ਬਾਲਾਕੋਟ ਹਮਲੇ ਦੀ ਜਾਣਕਾਰੀ ਲੀਕ ਕਰਨ ਵਾਲੇ ਤੇ ਪ੍ਰਾਪਤ ਕਰਨ ਵਾਲੇ ਖਿਲਾਫ ਕੇਸ ਦਰਜ ਕਰਨ ਦੀ ਵੀ ਕੀਤੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਤਿੰਨ ਨਵੇਂ (ਖੇਤੀ) ਕਾਨੂੰਨ ਖੇਤੀ ਸੈਕਟਰ ਨੂੰ ‘ਤਬਾਹ’ ਕਰਨ ਲਈ ਹੀ ਘੜੇ ਹਨ। ਰਾਹੁਲ ਨੇ ਜ਼ੋਰ ਦੇ ਕੇ ਆਖਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਹੀ ਇਸ ਮੁੱਦੇ ਦਾ ਇਕੋ ਇਕ ਹੱਲ ਹੈ। ਅਰਨਬ-ਪਾਰਥੋ ਚੈਟ ਮਾਮਲੇ ‘ਚ ਸਰਕਾਰ ਨੂੰ ਘੇਰਦਿਆਂ ਰਾਹੁਲ ਨੇ ਕਿਹਾ ਕਿ ਬਾਲਾਕੋਟ ਹਮਲੇ ਦੀ ਜਾਣਕਾਰੀ ਸਿਰਫ਼ ਪੰਜ ਲੋਕਾਂ ਕੋਲ ਸੀ, ਲਿਹਾਜ਼ਾ ਇਹ ਜਾਂਚ ਕਰਨੀ ਬਣਦੀ ਹੈ ਕਿ ਇੰਨੀ ਸੰਵੇਦਨਸ਼ੀਲ ਜਾਣਕਾਰੀ ਕਿਵੇਂ ਲੀਕ ਹੋਈ। ਉਨ੍ਹਾਂ ਮੰਗ ਕੀਤੀ ਕਿ ਸਬੰਧਤਾਂ ਖਿਲਾਫ ਕਾਰਵਾਈ ਕੀਤੀ ਜਾਵੇ। ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ‘ਚ ਪਿੰਡ ਦੀ ਉਸਾਰੀ ਨੂੰ ਖ਼ਤਰਨਾਕ ਰੁਝਾਨ ਦੱਸਦਿਆਂ ਰਾਹੁਲ ਨੇ ਕਿਹਾ ਕਿ ਭਾਰਤ ਨੂੰ ਆਪਣਾ ਰਣਨੀਤਕ ਨਜ਼ਰੀਆ ਸਪਸ਼ਟ ਰੱਖਣਾ ਚਾਹੀਦਾ ਹੈ। ਰਾਹੁਲ ਨੇ ਇਸ ਮੌਕੇ ਕਿਸਾਨਾਂ ਨੂੰ ਦਰਪੇਸ਼ ‘ਮੁਸ਼ਕਲਾਂ’ ਉਤੇ ਚਾਨਣਾ ਪਾਉਂਦਾ ਕਿਤਾਬਚਾ ‘ਖੇਤੀ ਕਾ ਖ਼ੂਨ, ਤਿੰਨ ਕਾਲੇ ਕਾਨੂੰਨ’ ਵੀ ਰਿਲੀਜ਼ ਕੀਤਾ। ਪਾਰਟੀ ਹੈੱਡਕੁਆਰਟਰ ‘ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨੋਂ ਖੇਤੀ ਕਾਨੂੰਨ ਪੂਰੇ ਖੇਤੀ ਸੈਕਟਰ ਨੂੰ (ਪ੍ਰਧਾਨ ਮੰਤਰੀ ਮੋਦੀ ਦੇ) ‘ਤਿੰਨ ਤੋਂ ਚਾਰ ਲੰਗੋਟੀਏ ਪੂੰਜੀਪਤੀਆਂ’ ਦੇ ਹੱਥ ਫੜਾ ਦੇਣਗੇ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਖੇਤੀ ਸੈਕਟਰ ਨੂੰ ਤਬਾਹ ਕਰਨ ਲਈ ਹੀ ਘੜੇ ਗਏ ਹਨ। ਰਾਹੁਲ ਨੇ ਕਿਹਾ, ‘ਮੈਂ ਕਿਸਾਨਾਂ ਦੇ ਸੰਘਰਸ਼ ਦੀ 100 ਫੀਸਦ ਹਮਾਇਤ ਕਰਦਾ ਹਾਂ ਤੇ ਦੇਸ਼ ਦੇ ਹਰ ਇਕ ਨਾਗਰਿਕ ਨੂੰ ਇਨ੍ਹਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਕਿਉਂਕਿ ਉਹ (ਕਿਸਾਨ) ਸਾਡੇ ਲਈ ਹੀ ਲੜ ਰਹੇ ਹਨ।’ ਰਾਹੁਲ ਨੇ ਕਿਹਾ ਕਿ ਇਸ ਮਸਲੇ ਦਾ ਇਕੋ ਇਕ ਹੱਲ ਇਨ੍ਹਾਂ ਕਾਨੂੰਨਾਂ ‘ਤੇ ਲੀਕ ਮਾਰਨਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਵੱਲੋਂ ਕੀਤੇ ਟਵੀਟਾਂ ਦਾ ਜਵਾਬ ਦਿੰਦਿਆਂ ਰਾਹੁਲ ਨੇ ਕਿਹਾ ਇਹ ਮਹਿਜ਼ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਕਿਸਾਨਾਂ ਨੂੰ ਪਤਾ ਹੈ ਕਿ ਭੱਟਾ ਪਰਸੌਲ ‘ਚ ਜ਼ਮੀਨਾਂ ਅਧਿਗ੍ਰਹਿਣ ਮੌਕੇ ਕੌਣ ਕਿਸਾਨਾਂ ਨਾਲ ਖੜ੍ਹਾ ਸੀ। ਰਾਹੁਲ ਨੇ ਕਿਹਾ, ‘ਮੈਂ ਕਿਸੇ ਤੋਂ ਨਹੀਂ ਡਰਦਾ, ਨਾ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਤੇ ਨਾ ਹੀ ਕਿਸੇ ਹੋਰ ਤੋਂ।
ਮੈਂ ਪਾਕਿ ਸਾਫ਼ ਹਾਂ, ਉਹ ਮੈਨੂੰ ਛੂਹ ਵੀ ਨਹੀਂ ਸਕਦੇ। ਉਹ ਮੈਨੂੰ ਗੋਲੀ ਮਾਰ ਸਕਦੇ ਹਨ, ਪਰ ਹੱਥ ਨਹੀਂ ਲਾ ਸਕਦੇ। ਮੈਂ ਦੇਸ਼ ਭਗਤ ਹਾਂ ਤੇ ਆਪਣੇ ਦੇਸ਼ ਦੀ ਹਿਫ਼ਾਜ਼ਤ ਕਰਦਾ ਹਾਂ ਤੇ ਕਰਦਾ ਰਹਾਂਗਾ।’ ਰਾਹੁਲ ਨੇ ਕਿਹਾ ਕਿ ਬਾਲਾਕੋਟ ਹਮਲੇ ਦੀ ਜਾਣਕਾਰੀ ਸਿਰਫ਼ ਪੰਜ ਲੋਕਾਂ (ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਗ੍ਰਹਿ ਮੰਤਰੀ, ਹਵਾਈ ਸੈਨਾ ਦੇ ਮੁਖੀ ਤੇ ਐੱਨਐੱਸਏ) ਕੋਲ ਹੀ ਸੀ। ਉਨ੍ਹਾਂ ਸਵਾਲ ਕੀਤਾ ਕਿ ਇੰਨੀ ਸੰਵੇਦਨਸ਼ੀਲ ਜਾਣਕਾਰੀ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਤੱਕ ਕਿਵੇਂ ਪਹੁੰਚੀ। ਉਨ੍ਹਾਂ ਮੰਗ ਕੀਤੀ ਕਿ ਇਹ ਜਾਣਕਾਰੀ ਲੀਕ ਕਰਨ ਵਾਲੇ ਸਰੋਤ ਤੇ ਪ੍ਰਾਪਤ ਕਰਨ ਵਾਲੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਾਲਾਕੋਟ ਹਮਲੇ ‘ਚ ਸ਼ਾਮਲ ਪਾਇਲਟਾਂ ਨੂੰ ਵੀ ਇਹ ਜਾਣਕਾਰੀ ਆਖਰੀ ਪਲਾਂ ‘ਚ ਮਿਲੀ ਸੀ। ਉਨ੍ਹਾਂ ਪੁਲਵਾਮਾ ਹਮਲੇ ਮਗਰੋਂ ਗੋਸਵਾਮੀ ਦੇ ਇਸ ਬਿਆਨ ਕਿ ‘ਇਹ (ਹਮਲਾ) ਸਾਡੇ ਲਈ ਚੰਗਾ ਹੈ’ ਦੀ ਨਿਖੇਧੀ ਕਰਦਿਆਂ ਕਿਹਾ, ‘ਮੈਨੂੰ ਇਹ ਭਾਸ਼ਾ ਪਸੰਦ ਨਹੀਂ ਆਈ। ਇਹ ਪ੍ਰਧਾਨ ਮੰਤਰੀ ਦੇ ਸੋਚਣ ਦੇ ਅਮਲ ਦੀ ਝਲਕ ਹੈ ਕਿ 40 ਵਿਅਕਤੀ ਮਰ ਗਏ ਹਨ ਤੇ ਹੁਣ ਅਸੀਂ ਚੋਣਾਂ ਜਿੱਤ ਜਾਵਾਂਗੇ।’ ਰਾਹੁਲ ਨੇ ਕਿਹਾ, ‘ਸਰਕਾਰ ਵਿਚਲੇ ਲੋਕ ਖੁਦ ਨੂੰ ਦੇਸ਼ ਭਗਤ ਦਸਦੇ ਹਨ, ਪਰ ਪਾਕਿਸਤਾਨ ‘ਤੇ ਹਵਾਈ ਹਮਲੇ ਦਾ ਸਰਕਾਰੀ ਭੇਤ ਲੀਕ ਕਰਨ ‘ਚ ਵਤਨਪ੍ਰਸਤੀ ਵਾਲੀ ਕੋਈ ਗੱਲ ਨਹੀਂ। ਜੇ ਅਰਨਬ ਨੂੰ ਪਤਾ ਸੀ, ਮੈਂ ਮੰਨਦਾ ਫਿਰ ਪਾਕਿਸਤਾਨ ਨੂੰ ਵੀ ਪਤਾ ਹੋਵੇਗਾ।’

RELATED ARTICLES
POPULAR POSTS