1 C
Toronto
Sunday, November 9, 2025
spot_img
Homeਭਾਰਤਭਾਰਤ ਦੀਆਂ ਤਿੰਨੋਂ ਸੈਨਾਵਾਂ 'ਚ ਚਾਰ ਸਾਲਾਂ ਲਈ ਹੋਵੇਗੀ ਠੇਕਾ ਆਧਾਰ 'ਤੇ...

ਭਾਰਤ ਦੀਆਂ ਤਿੰਨੋਂ ਸੈਨਾਵਾਂ ‘ਚ ਚਾਰ ਸਾਲਾਂ ਲਈ ਹੋਵੇਗੀ ਠੇਕਾ ਆਧਾਰ ‘ਤੇ ਭਰਤੀ

ਫੌਜ ‘ਚ ਭਰਤੀ ਲਈ ਕੇਂਦਰ ਸਰਕਾਰ ਵਲੋਂ ‘ਅਗਨੀਪਥ’ ਸਕੀਮ ਨੂੰ ਹਰੀ ਝੰਡੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਰੱਖਿਆ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਦੇਸ਼ ਦੀਆਂ ਹਥਿਆਰਬੰਦ ਫੌਜਾਂ ਵਿੱਚ ਨੌਜਵਾਨਾਂ ਦੀ ਭਰਤੀ ਲਈ ‘ਅਗਨੀਪਥ’ ਨਾਂ ਦੀ ਭਰਤੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਕੀਮ ਤਹਿਤ ਥਲ, ਜਲ ਤੇ ਹਵਾਈ ਸੈਨਾ ਵਿੱਚ ਚਾਰ ਸਾਲ ਲਈ ਠੇਕਾ ਆਧਾਰ ‘ਤੇ ਨੌਜਵਾਨ ਭਰਤੀ ਕੀਤੇ ਜਾਣਗੇ। ਉਂਜ ਸਕੀਮ ਦਾ ਮੁੱਖ ਮੰਤਵ ਤਨਖਾਹ ਤੇ ਪੈਨਸ਼ਨ ਦੇ ਰੂਪ ਵਿੱਚ ਕੀਤੀ ਜਾਣ ਵਾਲੀ ਮੋਟੀ ਅਦਾਇਗੀ ‘ਚ ਕਟੌਤੀ ਕਰਨਾ ਅਤੇ ਹਥਿਆਰਬੰਦ ਫੌਜਾਂ ਲਈ ਨੌਜਵਾਨਾਂ ਦਾ ਇਕ ਖਾਕਾ ਤਿਆਰ ਕਰਨਾ ਹੈ। ਨਵੀਂ ਸਕੀਮ ‘ਚ ਮਹਿਲਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਪਰ ਭਰਤੀ ਸਬੰਧਤ ਸੇਵਾਵਾਂ ਦੀ ਲੋੜ ‘ਤੇ ਨਿਰਭਰ ਕਰੇਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਕਾਰ ਦੀ ਇਸ ਨਵੀਂ ਪੇਸ਼ਕਦਮੀ ਬਾਰੇ ਤਫ਼ਸੀਲ ਦਿੰਦਿਆਂ ਕਿਹਾ ਕਿ ‘ਅਗਨੀਪਥ’ ਸਕੀਮ ਤਹਿਤ ‘ਦੇਸ਼ ਭਗਤੀ ਦਾ ਜਜ਼ਬਾ ਰੱਖਣ ਵਾਲੇ ਤੇ ਉਤਸ਼ਾਹੀ’ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ ਵਿੱਚ ਚਾਰ ਸਾਲ ਸੇਵਾ ਕਰਨ ਦਾ ਮੌਕਾ ਮਿਲੇਗਾ। ਰਾਜਨਾਥ ਸਿੰਘ ਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੀ ਹਾਜ਼ਰੀ ਵਿੱਚ ਕਿਹਾ ਕਿ ‘ਅਗਨੀਪਥ’ ਸਕੀਮ ਤਹਿਤ ਭਾਰਤ ਦੇ ਨੌਜਵਾਨਾਂ ਨੂੰ ‘ਅਗਨੀਵੀਰ’ ਵਜੋਂ ਹਥਿਆਰਬੰਦ ਬਲਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਹ ਸਕੀਮ ਦੇਸ਼ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਲਿਆਂਦੀ ਹੈ। ਇਹ ਪਰਿਵਰਤਨਸ਼ੀਲ ਸਕੀਮ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਫੌਜ ਦੀ ਸੇਵਾ ਮਗਰੋਂ ਅਨੁਸ਼ਾਸਿਤ, ਉਤਸ਼ਾਹੀ ਤੇ ਹੁਨਰਮੰਦ ‘ਅਗਨੀਵੀਰਾਂ’ ਦਾ ਸਮਾਜ ਵਿੱਚ ਵਾਪਸ ਜਾਣਾ, ਦੇਸ਼ ਲਈ ਵੱਡਾ ਅਸਾਸਾ ਹੋਵੇਗਾ। ਰੱਖਿਆ ਮੰਤਰਾਲੇ ਨੇ ‘ਅਗਨੀਪਥ’ ਸਕੀਮ ਨੂੰ ਪ੍ਰਮੁੱਖ ਰੱਖਿਆ ਨੀਤੀ ਸੁਧਾਰ ਆਖਦਿਆਂ ਇਸ ਪੇਸ਼ਕਦਮੀ ਨੂੰ ਤਿੰਨਾਂ ਸੈਨਾਵਾਂ ਦੀ ਮਨੁੱਖੀ ਵਸੀਲਾ ਨੀਤੀ ਵਿੱਚ ‘ਨਵੇਂ ਯੁੱਗ’ ਦੀ ਸ਼ੁਰੂਆਤ ਦੱਸਿਆ। ਮੰਤਰਾਲੇ ਨੇ ਕਿਹਾ ਕਿ ਸਕੀਮ ਫੌਰੀ ਅਮਲ ਵਿੱਚ ਆ ਗਈ ਹੈ ਤੇ ਉਹ ਤਿੰਨ ਸੇਵਾਵਾਂ ਲਈ ਨਾਮਾਂਕਣ ਨੂੰ ਕੰਟਰੋਲ ਕਰੇਗਾ, ਜਿਸ ਦਾ ਅਰਥ ਹੈ ਸੈਨਿਕਾਂ ਲਈ ਰੁਜ਼ਗਾਰ ਦੇ ਮੌਜੂਦਾ ਢਾਂਚੇ ਦੀ ਹੋਂਦ ਖ਼ਤਮ ਹੋ ਜਾਵੇਗੀ। ਮੰਤਰਾਲੇ ਨੇ ਕਿਹਾ ਕਿ ਹਥਿਆਰਬੰਦ ਬਲਾਂ ਵੱਲੋਂ ਇਸ ਸਾਲ 46000 ‘ਅਗਨੀਵੀਰਾਂ’ ਦੀ ਭਰਤੀ ਕੀਤੀ ਜਾਵੇਗੀ, ਜਿਸ ਲਈ ਯੋਗਤਾ ਉਮਰ 17.5 ਸਾਲ ਤੋਂ 21 ਸਾਲ ਦਰਮਿਆਨ ਹੋਵੇਗੀ। ਸਕੀਮ ਤਹਿਤ ਭਰਤੀ 90 ਦਿਨਾਂ ਅੰਦਰ ਸ਼ੁਰੂ ਹੋ ਜਾਵੇਗੀ। ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਨਵੀਂ ਪ੍ਰਕਿਰਿਆ ਨਾਲ ਭਰਤੀ ਅਮਲ ਵਿੱਚ ਵੱਡੀ ਤਬਦੀਲੀ ਆਏਗੀ ਤੇ ਇਕ ਆਦਰਸ਼ ਬਦਲਾਅ ਦਾ ਆਗਾਜ਼ ਹੋਵੇਗਾ ਤੇ ਸਾਡੇ ਰੰਗਰੂਟਾਂ ਤੇ ਸੈਨਿਕਾਂ ਨੂੰ ਉਨ੍ਹਾਂ ਦੀ ਜੰਗੀ ਸਮਰੱਥਾ ਵਧਾਉਣ ਲਈ ਸਿਖਲਾਈ ਦੇਣ ਦੇ ਢੰਗ ਤਰੀਕੇ ਵਿੱਚ ਤਬਦੀਲੀ ਦੀ ਲੋੜ ਪਏਗੀ। ਜਲ ਸੈਨਾ ਮੁਖੀ ਐਡਮਿਰਲ ਆਰ.ਹਰੀ ਕੁਮਾਰ ਨੇ ਕਿਹਾ ਕਿ ਨਵੀਂ ਸਕੀਮ ਤਹਿਤ ਮਹਿਲਾਵਾਂ ਨੂੰ ਵੀ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਨਵੀਂ ਭਰਤੀ ਲਈ ਐਨਰੋਲਮੈਂਟ ਆਨਲਾਈਨ ਕੇਂਦਰੀਕ੍ਰਿਤ ਸਿਸਟਮ ਤਹਿਤ ਹੋਵੇਗੀ, ਜਿਸ ਵਿੱਚ ਵਿਸ਼ੇਸ਼ ਰੈਲੀਆਂ ਤੇ ਮਾਨਤਾਪ੍ਰਾਪਤ ਤਕਨੀਕੀ ਸੰਸਥਾਨਾਂ ਜਿਵੇਂ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ ਤੇ ਨੈਸ਼ਨਲ ਸਕਿਲ ਯੋਗਤਾ ਚੌਖਟੇ ਤਹਿਤ ਕੈਂਪਸ ਇੰਟਰਵਿਊ ਹੋਣਗੀਆਂ।
ਪਹਿਲੇ ਸਾਲ 30,000 ਤੇ ਚੌਥੇ ਸਾਲ ਮਿਲੇਗੀ 40,000 ਤਨਖਾਹ
ਰੁਜ਼ਗਾਰ ਦੇ ਪਹਿਲੇ ਸਾਲ ‘ਅਗਨੀਵੀਰ’ ਦੀ ਮਾਸਿਕ ਤਨਖਾਹ 30,000 ਰੁਪਏ ਹੋਵੇਗੀ, ਹਾਲਾਂਕਿ ਹੱਥ ਵਿੱਚ ਮਿਲਣ ਵਾਲੀ ਰਕਮ 21,000 ਰੁਪਏ ਹੋਵੇਗੀ ਕਿਉਂਕਿ 9000 ਰੁਪਏ ਉਸ ਕੋਰ ਵਿੱਚ ਜਾਣਗੇ, ਜਿੱਥੇ ਸਰਕਾਰ ਬਰਾਬਰ ਦੀ ਰਕਮ ਦਾ ਹਿੱਸਾ/ਯੋਗਦਾਨ ਪਾਏਗੀ। ਦੂਜੇ, ਤੀਜੇ ਤੇ ਚੌਥੇ ਸਾਲ ਮਾਸਿਕ ਤਨਖਾਹ ਕ੍ਰਮਵਾਰ 33000, 36,500 ਤੇ 40,000 ਰੁਪਏ ਹੋਵੇਗੀ। ਹਰੇਕ ‘ਅਗਨੀਵੀਰ’ ਨੂੰ ‘ਸੇਵਾ ਨਿਧੀ ਪੈਕੇਜ’ ਤਹਿਤ 11.71 ਲੱਖ ਰੁਪਏ ਦੀ ਰਕਮ ਮਿਲੇਗੀ, ਜੋ ਆਮਦਨ ਕਰ ਟੈਕਸ ਤੋਂ ਮੁਕਤ ਹੋਵੇਗੀ। ਉਂਜ ਨਵੇਂ ਰੰਗਰੂਟ ਗਰੈਚੁਟੀ ਤੇ ਪੈਨਸ਼ਨ ਲਾਭ ਦੇ ਹੱਕਦਾਰ ਨਹੀਂ ਹੋਣਗੇ, ਹਾਲਾਂਕਿ ਉਨ੍ਹਾਂ ਨੂੰ ਫੌਜ ਨਾਲ ਕੰਮ ਕਰਨ ਦੇ ਸਮੇਂ ਦੌਰਾਨ 48 ਲੱਖ ਰੁਪਏ ਦਾ ਨਾਨ-ਕੰਟਰੀਬਿਊਟਰੀ ਜੀਵਨ ਬੀਮਾ ਕਵਰ ਮਿਲੇਗਾ। ਚਾਰ ਸਾਲ ਦੀ ਸੇਵਾ ਪੂਰੀ ਕਰਨ ਮਗਰੋਂ ਸੰਸਥਾਗਤ ਲੋੜਾਂ ਤੇ ਫੌਜ ਵੱਲੋਂ ਸਮੇਂ ਸਮੇਂ ‘ਤੇ ਐਲਾਨੀਆਂ ਨੀਤੀਆਂ ਮੁਤਾਬਕ ‘ਅਗਨੀਵੀਰਾਂ’ ਨੂੰ ਸਥਾਈ ਨਿਯੁਕਤੀ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਹਥਿਆਰਬੰਦ ਬਲਾਂ ਦੇ ਮਾਣ-ਸਤਿਕਾਰ ਨਾਲ ਖੇਡ ਰਹੀ ਹੈ ਸਰਕਾਰ : ਕਾਂਗਰਸ
ਨਵੀਂ ਦਿੱਲੀ : ਕਾਂਗਰਸ ਨੇ ਤਿੰਨਾਂ ਸੈਨਾਵਾਂ ਵਿੱਚ ‘ਅਗਨੀਪਥ’ ਸਕੀਮ ਤਹਿਤ ਥੋੜ੍ਹੇ ਸਮੇਂ ਲਈ ਠੇਕਾ ਆਧਾਰ ‘ਤੇ ਕੀਤੀ ਜਾਣ ਵਾਲੀ ਫੌਜੀਆਂ ਦੀ ਭਰਤੀ ਲਈ ਕੇਂਦਰ ਸਰਕਾਰ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਕਥਿਤ ਅਜਿਹੇ ਫੈਸਲੇ ਨਾਲ ਤਿੰਨਾਂ ਸੈਨਾਵਾਂ ਦੀ ਕਾਬਲੀਅਤ ਤੇ ਆਪਰੇਸ਼ਨਲ ਸਮਰੱਥਾ ਨਾਲ ‘ਸਮਝੌਤਾ’ ਹੋ ਸਕਦਾ ਹੈ। ਮੁੱਖ ਵਿਰੋਧੀ ਪਾਰਟੀ ਨੇ ਫਿਕਰ ਜ਼ਾਹਿਰ ਕੀਤਾ ਕਿ ਸਕੀਮ ਤਹਿਤ ਇਕ ਵਾਰ ਚਾਰ ਸਾਲਾ ਕਰਾਰ ਖ਼ਤਮ ਹੋਣ ਮਗਰੋਂ ਨੌਜਵਾਨਾਂ ਦੇ ਭਵਿੱਖ ਦਾ ਕੀ ਬਣੇਗਾ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਫੌਜੀ ਮਾਹਿਰਾਂ, ਤਿੰਨਾਂ ਸੈਨਾਵਾਂ ਦੇ ਸਿਖਰਲੇ ਅਧਿਕਾਰੀਆਂ ਤੇ ਰੱਖਿਆ ਖੇਤਰ ਨਾਲ ਜੁੜੇ ਮਾਹਿਰਾਂ ਨੇ ਪੂਰੀ ਸਕੀਮ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਸੁਰਜੇਵਾਲਾ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਤੇ ਮਾਹਿਰਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਅਜਿਹੇ ਫੈਸਲੇ ਲੈ ਕੇ ਭਾਰਤੀ ਹਥਿਆਰਬੰਦ ਬਲਾਂ ਦੇ ਮਾਣ ਸਨਮਾਨ, ਰਵਾਇਤਾਂ ਤੇ ਅਨੁਸ਼ਾਸਨ ਦੀ ਭਾਵਨਾ ਨਾਲ ਖੇਡ ਰਹੀ ਹੈ।
ਭਰਤੀ ਪਾਰਦਰਸ਼ੀ ਹੋਵੇਗੀ : ਥਲ ਸੈਨਾ ਮੁਖੀ
ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਸਕੀਮ ਤਹਿਤ ਨਵੇਂ ਰੰਗਰੂਟਾਂ ਦੀ ਭਰਤੀ ਮੌਕੇ ਸਰੀਰਕ, ਮੈਡੀਕਲ ਤੇ ਪੇਸ਼ੇਵਰ ਮਾਪਦੰਡਾਂ ਤੇ ਮਿਆਰਾਂ ਨਾਲ ‘ਕੋਈ ਸਮਝੌਤਾ ਨਹੀਂ’ ਕੀਤਾ ਜਾਵੇਗਾ ਅਤੇ ਮਾਪਦੰਡ ਫੌਜ ਵਿੱਚ ਸਿਪਾਹੀਆਂ ਦੀ ਭਰਤੀ ਵਾਲੇ ਹੀ ਰਹਿਣਗੇ। ਫੌਜ ਮੁਖੀ ਨੇ ਕਿਹਾ, ”ਮੈਂ ਤਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਅਗਨੀਪਥ ਸਕੀਮ ਨੂੰ ਲਾਗੂ ਕਰਨ ਅਤੇ ਸਥਿਰ ਕਰਨ ਦੇ ਦੌਰਾਨ, ਫੌਜ ਦੀ ਸੰਚਾਲਨ ਸਮਰੱਥਾ ਅਤੇ ਸਰਹੱਦਾਂ ‘ਤੇ ਤਿਆਰੀਆਂ ਅਤੇ ਅੰਦਰੂਨੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ।”

RELATED ARTICLES
POPULAR POSTS