ਅਨਿਲ ਐਂਟਨੀ ਨੇ ਜਨਵਰੀ ਮਹੀਨੇ ’ਚ ਛੱਡੀ ਸੀ ਕਾਂਗਰਸ ਪਾਰਟੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਏਕੇ ਐਂਟਨੀ ਦੇ ਪੁੱਤਰ ਅਨਿਲ ਐਂਟਨੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਕੇਂਦਰੀ ਮੰਤਰੀ ਪੀਯੂਸ਼ ਗੋਇਲ, ਕੇਂਦਰੀ ਮੰਤਰੀ ਵੀ. ਮੁਰਲੀਧਰਨ, ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਬਲੂਨੀ ਦੀ ਮੌਜੂਦਗੀ ਵਿੱਚ ਅਨਿਲ ਐਂਟਨੀ ਨਵੀਂ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਅਨਿਲ ਐਂਟਨੀ ਨੇ ਕਿਹਾ ਕਿ ਇਕ ਭਾਰਤੀ ਹੋਣ ਦੇ ਨਾਤੇ ਮੈਨੂੰ ਅਜਿਹਾ ਲਗਦਾ ਹੈ ਅਤੇ ਇਹ ਮੇਰੀ ਜ਼ਿੰਮੇਵਾਰੀ ਅਤੇ ਕਰਤੱਵ ਵੀ ਬਣਦਾ ਹੈ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਨਿਰਮਾਣ ਅਤੇ ਰਾਸ਼ਟਰੀ ਏਕਤਾ ਦੇ ਦਿ੍ਰਸ਼ਟੀਕੋਣ ’ਚ ਆਪਣਾ ਯੋਗਦਾਨ ਦੇਵਾਂ। ਅਨਿਲ ਨੇ 2002 ਦੇ ਗੁਜਰਾਤ ਦੰਗਿਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਬੀਬੀਸੀ ਦੀ ਡਾਕੂਮੈਂਟਰੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਕਾਂਗਰਸ ਪਾਰਟੀ ਛੱਡੀ ਸੀ। ਉਨ੍ਹਾਂ ਲੰਘੇ ਜਨਵਰੀ ਮਹੀਨੇ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ।