ਕਿਹਾ : ਸਮਾਜਸੇਵੀਆਂ ਦੀ ਪਾਰਟੀ ਨੂੰ ਲੋਕ ਸਭਾ ਜ਼ਿਮਨੀ ਚੋਣ ਲਈ ਨਹੀਂ ਮਿਲਿਆ ਉਮੀਦਵਾਰ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਟਵੀਟ ਕਰਦਿਆਂ ਆਮ ਆਦਮੀ ਪਾਰਟੀ ’ਤੇ ਤੰਜ ਕਸਿਆ ਹੈ। ਪੰਜਾਬ ਕਾਂਗਰਸ ਨੇ ਟਵੀਟ ’ਚ ਲਿਖਿਆ ਕਿ ਖੁਦ ਨੂੰ ਸਮਾਜ ਸੇਵਕਾਂ ਦੀ ਪਾਰਟੀ ਦੱਸਣ ਵਾਲੀ ‘ਆਪ’ ਨੂੰ ਲੋਕ ਸਭਾ ਜ਼ਿਮਨੀ ਚੋਣ ਲਈ ਖੁਦ ਦੀ ਪਾਰਟੀ ਵਿਚੋਂ ਕੋਈ ਸਮਾਜ ਸੇਵੀ ਅਤੇ ਯੋਗ ਉਮੀਦਵਾਰ ਨਹੀਂ ਮਿਲਿਆ। ਆਮ ਆਦਮੀ ਪਾਰਟੀ ਦੇ ਸਾਰੇ 92 ਵਿਧਾਇਕਾਂ ਨੂੰ ਫੋਕਸ ਕਰਦੇ ਹੋਏ ਟਵੀਟ ’ਚ ਅੱਗੇ ਲਿਖਿਆ ਗਿਆ ਕਿ 92 ਅਨਮੋਲ ਰਤਨ, ਬੋਰਡਾਂ ਦੇ ਚੇਅਰਮੈਨ, ਹਜ਼ਾਰਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਪ੍ਰੰਤੂ ਫਿਰ ਵੀ ਆਮ ਆਦਮੀ ਪਾਰਟੀ ਨੂੰ ਜਲੰਧਰ ਲਈ ਕੋਈ ਉਮੀਦਵਾਰ ਨਹੀਂ ਮਿਲਿਆ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਨੇ ਲੰਘੇ ਕੱਲ੍ਹ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ‘ਆਪ’ ’ਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਹੈ। ਇਸੇ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਟਵੀਟ ਕਰਦਿਆਂ ਆਮ ਆਦਮੀ ਪਾਰਟੀ ’ਤੇ ਤੰਜ ਕਸਿਆ ਅਤੇ ਜ਼ੁਬਾਨੀ ਹਮਲੇ ਕੀਤੇ। ਜਦਕਿ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਲਗਾਤਾਰ ਵੱਡੇ ਚਿਹਰਿਆਂ ਨੂੰ ਪਾਰਟੀ ’ਚ ਸ਼ਾਮਲ ਕੀਤਾ ਜਾ ਰਿਹਾ ਹੈ।