ਜਾਤੀ ਹਿੰਸਾ ਦਾ ਸੇਕ ਪੁਣੇ ਤੋਂ ਪੁੱਜਾ ਮੁੰਬਈ, ਝੜਪਾਂ ਦੌਰਾਨ ਇਕ ਵਿਅਕਤੀ ਦੀ ਮੌਤ
ਮੁੰਬਈ/ਬਿਊਰੋ ਨਿਊਜ਼ : ਇਤਿਹਾਸ ‘ਚ ਦਰਜ 200 ਸਾਲ ਪੁਰਾਣੀ ਇਕ ਘਟਨਾ ਨੂੰ ਲੈ ਕੇ ਮਹਾਰਾਸ਼ਟਰ ਵਿਚ ਜਾਤੀ ਤਣਾਅ ਪੈਦਾ ਕੀਤੇ ਜਾਣ ਦੀ ਕੋਸ਼ਿਸ਼ ਸਾਹਮਣੇ ਆਈ ਹੈ। ਫਲਸਰੂਪ ਸੋਮਵਾਰ ਨੂੰ ਪੁਣੇ ਵਿਚ ਭੜਕੀ ਹਿੰਸਾ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਤੀਕਿਰਿਆ ਵਜੋਂ ਮੰਗਲਵਾਰ ਨੂੰ ਮੁੰਬਈ ਸਮੇਤ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿਚ ਹਿੰਸਾ ਤੇ ਭੰਨਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ। ਸੂਬਾ ਸਰਕਾਰ ਨੇ ਪੁਣੇ ਦੀ ਘਟਨਾ ਦੀ ਨਿਆਇਕ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। 200 ਸਾਲ ਪਹਿਲਾਂ ਪਹਿਲੀ ਜਨਵਰੀ 1818 ਨੂੰ ਅੰਗਰੇਜ਼ਾਂ ਦੀ ਫੌਜ ਨੇ ਪੇਸ਼ਵਾਵਾਂ ਨੂੰ ਪੁਣੇ ਜਿਸ ਸਥਾਨ ‘ਤੇ ਹਰਾਇਆ ਸੀ, ਉਥੇ ਅੰਗਰੇਜ਼ਾਂ ਨੇ ਆਪਣੀ ਜਿੱਤ ਨੂੰ ਯਾਦਗਾਰ ਬਣਾਉਣ ਲਈ ਇਕ ਯਾਦਗਾਰ ਬਣਵਾਈ ਸੀ। ਕਿਉਂਕਿ ਅੰਗਰੇਜ਼ਾਂ ਦੀ ਉਸ ਫੌਜ ਵਿਚ ਮਹਾਰਾਸ਼ਟਰ ਦੇ ਮਹਾਰ (ਦਲਿਤ) ਸਮਾਜ ਦੇ 600 ਫੌਜੀਆਂ ਨੇ ਹਿੱਸਾ ਲਿਆ ਸੀ। ਇਸ ਲਈ ਦਲਿਤ ਹਰ ਸਾਲ ਉਥੇ ਸ਼ਰਧਾਂਜਲੀ ਦੇਣ ਜਾਂਦੇ ਹਨ। ਸੋਮਵਾਰ ਨੂੰ ਇਸ ਘਟਨਾ ਦੇ 200 ਸਾਲ ਪੂਰੇ ਹੋਏ। ਇਸ ਮੌਕੇ ‘ਤੇ ਊਸੇ ਜੰਗੀ ਯਾਦਗਾਰ ‘ਤੇ ਭੀਮਾ ਕੋਰੇਗਾਓਂ ਸ਼ੈਰਿਆ ਦਿਵਸ ਪ੍ਰੇਰਣਾ ਮੁਹਿੰਮ ਚਲਾਈ ਗਈ ਸੀ। ਸਰਕਾਰੀ ਅੰਕੜਿਆਂ ਮੁਤਾਬਕ ਨਾ ਸਿਰਫ ਲਗਭਗ ਤਿੰਨ ਲੱਖ ਦਲਿਤ ਉਸ ਜੰਗੀ ਯਾਦਗਾਰ ‘ਤੇ ਸ਼ਰਧਾਂਜਲੀ ਦੇਣ ਪੁੱਜੇ ਬਲਕਿ ਇਸ ਦੀ ਪੂਰਵ ਸੰਧਿਆ ‘ਤੇ ਐਤਵਾਰ ਨੂੰ ਪੁਣੇ ‘ਚ ਹੀ ‘ਸ਼ਨੀਵਾਰਵਾੜਾ ਯਲਗਾਰ ਪ੍ਰੀਸ਼ਦ’ ਦਾ ਵੀ ਆਯੋਜਨ ਕੀਤਾ ਗਿਆ। ਇਹ ਆਯੋਜਨ ਪੇਸ਼ਵਾਵਾਂ ਦੇ ਇਤਿਹਾਸਕ ਨਿਵਾਸ ਸ਼ਨੀਵਾਰਵਾੜਾ ਦੇ ਬਾਹਰ ਕੀਤਾ ਗਿਆ, ਜਿਸ ਵਿਚ ਗੁਜਰਾਤ ਦੇ ਦਲਿਤ ਆਗੂ ਜਿਗਨੇਸ਼ ਮਿਵਾਣੀ, ਰੋਹਿਤ ਵੇਮੁਲਾ ਦੀ ਮਾਂ ਰਾਧਿਕਾ ਵੇਮੁਲਾ ਤੇ ਜੇਐਨਯੂ ਦੇ ਸਾਬਕਾ ਪ੍ਰਧਾਨ ਕਨ੍ਹਈਆ ਦਾ ਸਾਥੀ ਉਮਰ ਖਾਲਿਦ ਵੀ ਸ਼ਾਮਲ ਹੋਏ। ਸ਼ਨੀਵਾਰਵਾੜਾ ਯਲਗਾਰ ਪ੍ਰੀਸ਼ਦ ਵਿਚ ਮਿਵਾਣੀ ਨੇ ਭਾਜਪਾ ਤੇ ਆਰਐਸਐਸ ਨੂੰ ‘ਨਵਾਂ ਪੇਸ਼ਵਾ’ ਕਰਾਰ ਦਿੰਦਿਆਂ ਇਨ੍ਹਾਂ ਵਿਰੁੱਧ ਸਾਰੀਆਂ ਪਾਰਟੀਆਂ ਨੂੰ ਇਕੱਠਿਆਂ ਹੋ ਕੇ ਲੜਨ ਦਾ ਸੱਦਾ ਦਿੱਤਾ। ਮਹਾਰਾਸ਼ਟਰ ਵਿਚ ਪੇਸ਼ਵਾਵਾਂ ਦਾ ਸ਼ਾਸਨ ਬ੍ਰਾਹਮਣ ਸ਼ਾਸਨ ਵਿਵਸਥਾ ਦੇ ਰੂਪ ਵਿਚ ਵੇਖਿਆ ਜਾਂਦਾ ਹੈ। ਸ਼ਨੀਵਾਰਵਾੜਾ ‘ਤੇ ਹੀ ਇਸ ਪ੍ਰੀਸ਼ਦ ਦਾ ਆਯੋਜਨ ਪੇਸ਼ਵਾਵਾਂ ‘ਤੇ ਹਮਲੇ ਦੇ ਨਾਲ-ਨਾਲ ਮੌਜੂਦਾ ਬ੍ਰਾਹਮਣ ਮੁੱਖ ਮੰਤਰੀ ਦੇ ਵਿਰੁੱਧ ਵੀ ‘ਯਲਗਾਰ’ ਮੰਨਿਆ ਜਾਂਦਾ ਰਿਹਾ ਹੈ। ਐਤਵਾਰ ਨੂੰ ਕੀਤੇ ਗਏ ਇਸ ਆਯੋਜਨ ਦੇ ਕੁਝ ਹੀ ਘੰਟਿਆਂ ਬਾਅਦ ਸੋਮਵਾਰ ਨੂੰ ਭੀਮਾ ਕੋਰੇਗਾਓਂ ਜੰਗੀ ਯਾਦਗਾਰ ‘ਤੇ ਇਕੱਠੀ ਹੋਈ ਲੱਖਾਂ ਦੀ ਭੀੜ ਤੇ ਸਥਾਨਕ ਪਿੰਡ ਵਾਸੀਆਂ ਵਿਚਕਾਰ ਹੋਈ ਝੜਪ ਵਿਚ 28 ਸਾਲਾ ਨੌਜਵਾਨ ਦੀ ਮੌਤ ਹੋ ਗਈ ਤੇ ਪ੍ਰਦਰਸ਼ਨਕਾਰੀਆਂ ਨੇ 25 ਤੋਂ ਜ਼ਿਆਦਾ ਮੋਟਰ ਗੱਡੀਆਂ ਸਾੜ ਦਿੱਤੀਆਂ। ਮੰਗਲਵਾਰ ਨੂੰ ਵੀ ਇਸ ਘਟਨਾ ਦੀ ਪ੍ਰਤੀਕਿਰਿਆ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿਚ ਨਜ਼ਰ ਆਈ। ਮੁੰਬਈ ਦੇ ਦਲਿਤ ਬਹੁਤਾਤ ਵਾਲੇ ਖੇਤਰਾਂ ਵਿਚ ਦਲਿਤ ਵਰਕਰਾਂ ਨੇ ਸਵੇਰੇ ਤੋਂ ਹੀ ਸੜਕਾਂ ਜਾਮ ਤੇ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਹਾਥਰਵੇ ਲਾਈਨ ਦੀਆਂ ਲੋਕਲ ਟਰੇਨਾਂ ਰੋਕੀਆਂ ਗਈਆਂ। ਕਈ ਦੁਕਾਨਾਂ ਤੇ ਵਾਹਨਾਂ ‘ਤੇ ਪਥਰਾਅ ਕੀਤਾ ਗਿਆ।
ਫੜਨਵੀਸ ਦਾ ਮੰਨਣਾ, ਸਾਜਿਸ਼ ਸੀ ਹਿੰਸਾ : ਮੁੱਖ ਮੰਤਰੀ ਦੇਵੇਂਦਰ ਫੜਨਵੀਸ ਮੰਨਦੇ ਹਨ ਕਿ ਪੁਣੇ ਵਿਚ ਹੋਈ ਹਿੰਸਾ ਸੋਚੀ ਸਮਝੀ ਸਾਜਿਸ਼ ਸੀ। ਪੁਣੇ ਸਥਿਤ ਇਸ ਯਾਦਗਾਰ ‘ਤੇ ਹਰ ਸਾਲ ਥੋੜ੍ਹੇ ਜਿਹੇ ਲੋਕ ਹੀ ਪੁੱਜਦੇ ਹਨ। ਇਸ ਵਾਰ ਤਿੰਨ ਲੱਖ ਲੋਕ ਪੁੱਜ ਗਏ। ਕੁਝ ਖੱਬੇ ਪੱਖੀ ਜਮਾਤਾਂ ਤੇ ਸਮਾਜਿਕ ਸੰਸਥਾਵਾਂ ਵਲੋਂ ਇਸ ਆਯੋਜਨ ਨੂੰ ਤੂਲ ਦੇਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਚੌਕਸ ਸੀ। ਵੱਡੀ ਗਿਣਤੀ ਵਿਚ ਪੁਲਿਸ ਫੋਰਸ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਕਾਰਨ ਝੜਪ ਸ਼ੁਰੂ ਹੁੰਦਿਆਂ ਹੀ ਆਏ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਦਿੱਤਾ ਗਿਆ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …