Breaking News
Home / ਭਾਰਤ / ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਗਏ 22 ਬੱਚੇ ਫ਼ਰਾਂਸ ‘ਚ ਲਾਪਤਾ

ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਗਏ 22 ਬੱਚੇ ਫ਼ਰਾਂਸ ‘ਚ ਲਾਪਤਾ

ਦੋ ਵਾਪਸ ਆਏ, ਇਕ ਨੂੰ ਫ਼ਰਾਂਸ ਪੁਲਿਸ ਨੇ ਫੜਿਆ ਸੀ ਬੀ ਆਈ ਵੱਲੋਂ ਐਫ ਆਈ ਆਰ ਦਰਜ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀ. ਬੀ. ਆਈ.ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਦੇ 22 ਨਾਬਾਲਗਾਂ ਨੂੰ ਰਗਬੀ ਦੀ ਸਿਖਲਾਈ ਦੇਣ ਦੇ ਬਹਾਨੇ ਤਿੰਨ ਟਰੈਵਲ ਏਜੰਟਾਂ ਵਲੋਂ ਉਨ੍ਹਾਂ ਨੂੰ ਨਾਜਾਇਜ਼ ਢੰਗ ਨਾਲ ਫਰਾਂਸ ਲੈ ਕੇ ਜਾਣ ਅਤੇ ਬਾਅਦ ‘ਚ ਉਨ੍ਹਾਂ ਦੇ ਗਾਇਬ ਹੋ ਜਾਣ ਸਬੰਧੀ ਐਫ.ਆਈ.ਆਰ.ਦਰਜ ਕੀਤੀ ਗਈ ਹੈ। ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਤਿੰਨ ਟਰੈਵਲ ਏਜੰਟਾਂ ਫ਼ਰੀਦਾਬਾਦ ਦੇ ਲਲਿਤ ਡੇਵਿਡ ਡੀਨ ਅਤੇ ਦਿੱਲੀ ਦੇ ਸੰਜੇ ਰਾਏ ਤੇ ਵਰੁਣ ਚੌਧਰੀ ਦੇ ਦਫ਼ਤਰਾਂ ਦੀ ਤਲਾਸ਼ੀ ਲਈ ਅਤੇ ਦਸਤਾਵੇਜ਼ ਬਰਾਮਦ ਕੀਤੇ।
ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਏਜੰਟਾਂ ਨੇ ਇਨ੍ਹਾਂ ਨਾਬਾਲਗਾਂ ਨੂੰ ਵਿਦੇਸ਼ ਭੇਜਣ ਲਈ ਹਰ ਬੱਚੇ ਦੇ ਪਰਿਵਾਰ ਕੋਲੋਂ 25-30 ਲੱਖ ਰੁਪਏ ਲਏ ਸਨ।
ਵੀਜ਼ੇ ਪ੍ਰਾਪਤ ਕਰਨ ਲਈ ਏਜੰਟਾਂ ਨੇ ਕਾਗਜ਼ਾਂ ‘ਚ ਦਿਖਾਇਆ ਸੀ ਕਿ 13-18 ਸਾਲ ਉਮਰ ਵਰਗ ਦੇ 25 ਬੱਚੇ ਪੈਰਿਸ ‘ਚ ਰਗਬੀ ਦੇ ਸਿਖਲਾਈ ਕੈਂਪ ‘ਚ ਹਿੱਸਾ ਲੈਣ ਜਾ ਰਹੇ ਹਨ। ਸੀ. ਬੀ. ਆਈ. ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਦੱਸਿਆ ਕਿ ਕਪੂਰਥਲਾ ਦੇ ਦੋ ਸਕੂਲਾਂ ਦੇ ਵਿਦਿਆਰਥੀ ਦਰਸਾਏ 25 ਵਿਦਿਆਰਥੀਆਂ ਦਾ ਇਕ ਸਮੂਹ ਪੈਰਿਸ ਦੀ ਫਰੈਂਚ ਫੈਡਰੇਸ਼ਨ ਦੇ ਕਥਿਤ ਸੱਦੇ ‘ਤੇ ਰਗਬੀ ਦੇ ਸਿਖਲਾਈ ਕੈਂਪ ‘ਚ ਹਿੱਸਾ ਲੈਣ ਲਈ ਪੈਰਿਸ ਲਈ ਨਿੱਜੀ ਵਿਅਕਤੀਆਂ ਦੇ ਨਾਲ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਇਆ ਸੀ।
ਉਨ੍ਹਾਂ ਦੱਸਿਆ ਕਿ 25 ਵਿਦਿਆਰਥੀਆਂ ਨੇ ਇਕ ਹਫ਼ਤੇ ਤੱਕ ਕੈਂਪ ‘ਚ ਹਿੱਸਾ ਵੀ ਲਿਆ ਪਰ ਇਸ ਦੌਰਾਨ ਟਰੈਵਲ ਏਜੰਟਾਂ ਨੇ ਉਨ੍ਹਾਂ ਦੀ ਵਾਪਸੀ ਦੀ ਟਿਕਟ ਰੱਦ ਕਰ ਦਿੱਤੀ ਅਤੇ ਇਸੇ ਦੌਰਾਨ ਗੜਬੜ ਦੀ ਸ਼ੱਕ ਨਾਲ ਦੋ ਬੱਚੇ ਭਾਰਤ ਵਾਪਸ ਆ ਗਏ। ਸੀ.ਬੀ. ਆਈ. ਦੇ ਦੋ ਅਧਿਕਾਰੀਆਂ ਅਨੁਸਾਰ ਜੋ ਨਾਬਾਲਗ ਫਰਾਂਸ ਰਹਿ ਗਏ ਉਨ੍ਹਾਂ ਨੂੰ ਕਥਿਤ ਰੂਪ ਨਾਲ ਇਕ ਸਥਾਨਕ ਗੁਰਦੁਆਰੇ ‘ਚ ਰੱਖਿਆ ਗਿਆ ਅਤੇ ਉਹ ਬੱਚੇ ਉਥੋਂ ਗਾਇਬ ਹੋ ਗਏ।
ਉਨ੍ਹਾਂ ‘ਚੋਂ ਇਕ ਬੱਚਾ ਫਰਾਂਸ ਦੀ ਪੁਲਿਸ ਦੇ ਕਾਬੂ ਆ ਗਿਆ। ਜਿਸ ਨੇ ਇਸ ਦੀ ਸੂਚਨਾ ਇੰਟਰਪੋਲ ਨੂੰ ਦਿੱਤੀ ਅਤੇ ਇੰਟਰਪੋਲ ਨੇ ਸੀ.ਬੀ. ਆਈ. ਨੂੰ ਇਸ ਦੀ ਖਬਰ ਦਿੱਤੀ।
ਅਧਿਕਾਰੀਆਂ ਅਨੁਸਾਰ ਸੀ.ਬੀ. ਆਈ. ਜਲਦ ਹੀ ਬੱਚਿਆਂ ਦੇ ਪਰਿਵਾਰਾਂ ਨਾਲ ਸੰਪਰਕ ਕਰੇਗੀ ਅਤੇ ਪਤਾ ਕਰੇਗੀ ਕਿ ਕੀ ਕੋਈ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …