Breaking News
Home / ਭਾਰਤ / ਕੌਮੀ ਦਰਦ : ਜੈਕਾਰਿਆਂ ਦੀ ਗੂੰਜ ‘ਚ ਯਾਦਗਾਰ ਉਸਾਰਨ ਦਾ ਕੀਤਾ ਅਹਿਦ

ਕੌਮੀ ਦਰਦ : ਜੈਕਾਰਿਆਂ ਦੀ ਗੂੰਜ ‘ਚ ਯਾਦਗਾਰ ਉਸਾਰਨ ਦਾ ਕੀਤਾ ਅਹਿਦ

ਹੋਂਦ ਚਿੱਲੜ ਕਾਂਡ ਦੇ 32 ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
ਕੁਰੂਕਸ਼ੇਤਰ : ਰੇਵਾੜੀ ਜ਼ਿਲ੍ਹੇ ਦੇ ਪਿੰਡ ਹੋਂਦ ਚਿੱਲੜ ਵਿਚ ਗੁੜਗਾਉਂ, ਪਟੌਦੀ, ਫਰੀਦਾਬਾਦ ਤੇ ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਸੋਮਵਾਰ ਨੂੰ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ 32 ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਯਾਦ ਰਹੇ ਕਿ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਂਦ ਚਿੱਲੜ ਵਿਖੇ 4 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗ ਸਮੇਤ 32 ਸਿੱਖਾਂ ਨੂੰ ਕੋਹ-ਕੋਹ ਕੇ ਮਾਰ ਦਿੱਤਾ ਸੀ। ਇਨ੍ਹਾਂ ਵਿਚ 31 ਪਿੰਡਾਂ ਦੇ ਵਸਨੀਕ ਸਨ ਤੇ ਇਕ ਭਾਰਤੀ ਫੌਜੀ ਜਵਾਨ ਇੰਦਰਜੀਤ ਸਿੰਘ ਜੋ ਰੇਲ ਗੱਡੀ ਵਿਚੋਂ ਉਤਰ ਕੇ ਇਸ ਪਿੰਡ ਵਿਚ ਸ਼ਰਨ ਲੈਣ ਪੁੱਜਾ ਸੀ, ਨੂੰ ਵੀ ਜਨੂੰਨੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਟੀਪੀ ਗਰਗ ਕਮਿਸ਼ਨ ਵਲੋਂ ਪੰਜ ਸਾਲ ਲੰਬੀ ਚੱਲੀ ਕਾਨੂੰਨੀ ਪ੍ਰਕਿਰਿਆ ਤੋਂ ਪੀੜਤਾਂ ਵਲੋਂ ਦਿੱਤੀਆਂ ਗਵਾਹੀਆਂ ਦੇ ਅਧਾਰ ‘ਤੇ 226 ਕਰੋੜ ਦੀ ਰਾਸ਼ੀ ਮਨਜੂਰ ਹੋਈ ਜੋ ਕਿ ਪੀੜਤਾਂ ਨੂੰ ਮਿਲ ਚੁੱਕੀ ਹੈ।
ਜਸਟਿਸ ਗਰਗ ਵਲੋਂ ਆਪਣੀ 200 ਸਫਿਆਂ ਦੀ ਰਿਪੋਰਟ ਵਿਚ ਚਾਰ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਲਈ ਅੰਕਿਤ ਕੀਤਾ ਹੈ।
ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ 4 ਘੰਟੇ ਚੱਲੇ ਗੁਰਮਤਿ ਸਮਾਗਮ ਵਿਚ ਹਰਿਆਣਾ ਸਰਕਾਰ ਦੇ ਨੁਮਾਇੰਦੇ ਵਿਧਾਇਕ ਬਖਸ਼ੀਸ਼ ਸਿੰਘ ਨੇ ਕਿਹਾ ਕਿ ਮੌਕੇ ਦੀ ਕੇਂਦਰ ਸਰਕਾਰ ਵਲੋਂ ਸਿੱਖਾਂ ਨੂੰ ਸਾਜਿਸ਼ ਅਧੀਨ ਕਤਲ ਕਰਵਾਇਆ ਗਿਆ ਸੀ। ਉਹ ਮੁੱਖ ਮੰਤਰੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਕੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣਗੇ। ਇਸ ਮੌਕੇ ਚਿੱਲੜ ਪਿੰਡ ਦੇ ਸਰਪੰਚ ਕਿਸ਼ੋਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ ਮਨੁੱਖਤਾ ਦਾ ਘਾਣ ਹੋਇਆ ਸੀ ਜਿਸਦੀ ਉਹ ਮੁਆਫੀ ਮੰਗਦੇ ਹਨ। ਉਹ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਤੇ ਯਾਦਗਾਰ ਦੀ ਉਸਾਰੀ ਲਈ ਹਰ ਸੰਭਵ ਯਤਨ ਕਰਨਗੇ। ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸ਼ਨ ਸਿੰਘ ਘੋਲੀਆਂ ਨੇ ਚੱਲ ਰਹੀ ਕਾਨੂੰਨੀ ਪ੍ਰਕਿਰਿਆ ਬਾਰੇ ਦੱਸਿਆ ਤੇ ਕਿਹਾ ਕਿ ਪੀੜਤਾਂ ਨੂੰ ਇਨਸਾਫ ਮਿਲਣ ਤੱਕ ਕਾਨੂੰਨੀ ਲੜਾਈ ਜਾਰੀ ਰਹੇਗੀ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਸਾਂਝੇ ਰਾਏ ਮਸ਼ਵਰੇ ਉਪਰੰਤ ਹੋਂਦ ਚਿੱਲੜ ਪਿੰਡ ਵਿਖੇ ਯਾਦਗਾਰ ਉਸਾਰਨ ਦਾ ਜੈਕਾਰਿਆਂ ਦੀ ਗੂੰਜ ਵਿਚ ਅਹਿਦ ਲਿਆ। ਉਨ੍ਹਾਂ ਪੀੜਤ ਪਰਿਵਾਰਾਂ ‘ਤੇ ਗਵਾਹੀਆਂ ਦੇਣ ਵਾਲਿਆਂ ਨੂੰ ਵੀ ਸਨਮਾਨਿਤ ਵੀ ਕੀਤਾ।

Check Also

ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਬਾਂਦਾ ਦੇ ਮੈਡੀਕਲ ਕਾਲਜ ਵਿਚ ਲਿਆ ਆਖਰੀ ਸਾਹ ਬਾਂਦਾ/ਬਿਊਰੋ ਨਿਊਜ਼ : ਗੈਂਗਸਟਰ ਤੋਂ ਸਿਆਸਤਦਾਨ ਬਣੇ …