22.6 C
Toronto
Sunday, October 5, 2025
spot_img
Homeਭਾਰਤਦੇਸ਼ ਵਾਸੀ ਅਜ਼ਾਦੀ ਘੁਲਾਟੀਆਂ ਤੋਂ ਪ੍ਰੇਰਣਾ ਲੈਣ : ਰਾਸ਼ਟਰਪਤੀ

ਦੇਸ਼ ਵਾਸੀ ਅਜ਼ਾਦੀ ਘੁਲਾਟੀਆਂ ਤੋਂ ਪ੍ਰੇਰਣਾ ਲੈਣ : ਰਾਸ਼ਟਰਪਤੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 2022 ਤੱਕ ਨਵੇਂ ਭਾਰਤ ਦੇ ਨਿਰਮਾਣ ਲਈ ਆਵਾਮ ਅਤੇ ਸਰਕਾਰ ਦਰਮਿਆਨ ਭਾਈਵਾਲੀ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਾਸ਼ਟਰ ਦੇ ਖੂਨ ਵਿੱਚ ਹੀ ‘ਮਾਨਵੀ ਤੱਤ’ ਹਨ ਅਤੇ ਇਹ ‘ਰਹਿਮ ਦਿਲ ਸਮਾਜ’ ਹੈ । 71ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਉਤੇ ਮੁਲਕ ਨੂੰ ਪਲੇਠੇ ਸੰਬੋਧਨ ਵਿੱਚ ਕੋਵਿੰਦ ਨੇ ਆਜ਼ਾਦੀ ਦੇ ਘੋਲ ਵਿੱਚ ਜਵਾਹਰ ਲਾਲ ਨਹਿਰੂ ਸਮੇਤ ਹੋਰ ਆਗੂਆਂ ਦੀ ਭੂਮਿਕਾ ਨੂੰ ਯਾਦ ਕੀਤਾ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਗੁਲਾਮੀ ਦੇ ਜੂਲੇ ਤੋਂ ਮੁਕਤ ਕਰਾਉਣ ਵਾਲੀ ਪੀੜ੍ਹੀ ਬਹੁਲਵਾਦੀ ਸੀ, ਜਿਸ ਵਿੱਚ ਮੁਲਕ ਦੇ ਸਾਰੇ ਹਿੱਸਿਆਂ ਤੋਂ ਔਰਤਾਂ ਤੇ ਮਰਦ ਸ਼ਾਮਲ ਸਨ ਅਤੇ ਉਨ੍ਹਾਂ ਦੇ ‘ਰਾਜਸੀ ਤੇ ਸਮਾਜਿਕ ਵਿਚਾਰ’ ਵੱਖ-ਵੱਖ ਸਨ। ਦੇਸ਼ ਵਾਸੀਆਂ ਨੂੰ ਆਜ਼ਾਦੀ ਘੁਲਾਟੀਆਂ ਤੋਂ ਪ੍ਰੇਰਣਾ ਲੈਣ ਲਈ ਕਹਿੰਦਿਆਂ ਕੋਵਿੰਦ ਨੇ ਕਿਹਾ ਕਿ ਦੇਸ਼ ਦੇ ਨਿਰਮਾਣ ਲਈ ਲੋਕਾਂ ਅੰਦਰ ਉਹੀ ਜਜ਼ਬਾ ਜਗਾਉਣ ਦੀ ਲੋੜ ਹੈ।
ਰਾਸ਼ਟਰਪਤੀ ਨੇ ਕਿਹਾ, ‘ਦੇਸ਼ ਦੇ ਨਾਗਰਿਕਾਂ ਤੇ ਸਰਕਾਰ ਵਿਚਾਲੇ ਗੱਠਜੋੜ ਤਹਿਤ ਨੀਤੀ ਤੇ ਕਾਰਵਾਈ ਦੀ ਨੈਤਿਕਤਾ, ਅਨੁਸ਼ਾਸਨ ਤੇ ਬਰਾਬਰੀ ਵਿੱਚ ਵਿਸ਼ਵਾਸ, ਸੱਭਿਆਚਾਰ ਤੇ ਵਿਗਿਆਨ ਦੇ ਸੁਮੇਲ ਵਿੱਚ ਭਰੋਸਾ, ਕਾਨੂੰਨ ਦੇ ਰਾਜ ਨੂੰ ਉਤਸ਼ਾਹਿਤ ਕਰਨ ਅਤੇ ਸਾਰਿਆਂ ਨੂੰ ਸਿੱਖਿਅਤ ਕਰਨਾ ‘ਤੇ ਜ਼ੋਰ ਦਿੱਤਾ ਜਾਵੇ।’ ਉਨ੍ਹਾਂ ਕਿਹਾ ਕਿ ਸਰਕਾਰ ਤੇ ਨਾਗਰਿਕਾਂ, ਵਿਅਕਤੀ ਵਿਸ਼ੇਸ਼ ਤੇ ਸਮਾਜ ਅਤੇ ਇਕ ਪਰਿਵਾਰ ਤੇ ਭਾਈਚਾਰੇ ਦਰਮਿਆਨ ਸਾਂਝ ਨਾਲ ਹੀ ਭਾਰਤ ਦਾ ਨਿਰਮਾਣ ਹੋਇਆ ਹੈ। ਉਨ੍ਹਾਂ ਕਿਹਾ, ‘ਅੱਜ ਵੱਡੇ ਸ਼ਹਿਰਾਂ ਵਿੱਚ ਹੋ ਸਕਦਾ ਅਸੀਂ ਆਪਣੇ ਗੁਆਂਢੀਆਂ ਨੂੰ ਵੀ ਨਾ ਜਾਣਦੇ ਹੋਈਏ। ਭਾਵੇਂ ਪਿੰਡ ਹੋਵੇ ਜਾਂ ਸ਼ਹਿਰ ਫਿਕਰ ਤੇ ਸਾਂਝ ਦੀ ਉਹੀ ਭਾਵਨਾ ਮੁੜ ਸੁਰਜੀਤ ਕਰਨੀ ਅਹਿਮ ਹੈ, ਜੋ ਸਾਨੂੰ ਹਲੀਮੀ ਤੇ ਖੁਸ਼ੀ ਬਖ਼ਸ਼ੇਗੀ। ਇਸ ਨਾਲ ਸਾਨੂੰ ਇਕ ਦੂਜੇ ਨੂੰ ਬਿਹਤਰ ਤੇ ਹਮਦਰਦੀ ਨਾਲ ਸਮਝਣ ਵਿੱਚ ਮਦਦ ਮਿਲੇਗੀ। ਭਾਰਤ ਵਿੱਚ ਹਾਲੇ ਵੀ ਹਮਦਰਦੀ ਅਤੇ ਸਮਾਜ ਸੇਵਾ ਦੀ ਭਾਵਨਾ ਬਚੀ ਹੋਈ ਹੈ।’

RELATED ARTICLES
POPULAR POSTS