Breaking News
Home / ਭਾਰਤ / ਅਜ਼ਾਦੀ ਦਿਵਸ

ਅਜ਼ਾਦੀ ਦਿਵਸ

ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਕੀਤਾ ਸੰਬੋਧਨ
ਤਿਰੰਗਾ ਫਹਿਰਾਇਆ ਅਤੇ ਨੋਟਬੰਦੀ, ਜੀਐਸਟੀ ਤੇ ਭ੍ਰਿਸ਼ਟਾਚਾਰ ਦਾ ਕੀਤਾ ਜ਼ਿਕਰ
ਨਵੀਂ ਦਿੱਲੀ/ਬਿਊਰੋ ਨਿਊਜ਼ : 15 ਅਗਸਤ, 2017 ਨੂੰ ਭਾਰਤ ਨੇ ਆਪਣਾ 71ਵਾਂ ਅਜ਼ਾਦੀ ਦਿਵਸ ਮਨਾਇਆ ਹੈ। ਇਸ ਮੌਕੇ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਰੰਗਾ ਝੰਡਾ ਫਹਿਰਾਇਆ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਅੱਤਵਾਦ, ਭ੍ਰਿਸ਼ਟਾਚਾਰ, ਨੋਟਬੰਦੀ, ਜੀ.ਐਸ.ਟੀ. ਤੇ ਤਿੰਨ ਤਲਾਕ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਡੋਕਲਾਮ ਵਿਵਾਦ ਤੇ ਗੋਰਖਪੁਰ ਤ੍ਰਾਸਦੀ ਬਾਰੇ ਵੀ ਆਪਣੇ ਵਿਚਾਰ ਦੱਸੇ।
ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਹੀ ਗੋਰਖੁਪਰ ਮੈਡੀਕਲ ਕਾਲਜ ਵਿੱਚ ਲੰਘੇ ਦਿਨਾਂ ਦੌਰਾਨ ਤਕਰੀਬਨ 63 ਬੱਚਿਆਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ। ਹਾਲਾਂਕਿ ਉਨ੍ਹਾਂ ਇਸ ਸਬੰਧੀ ਸਰਕਾਰ ਦੀ ਅਗਲੀ ਕਾਰਵਾਈ ਬਾਰੇ ਜਾਂ ਦੋਸ਼ੀਆਂ ਨੂੰ ਸਜ਼ਾ ਦੇਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕੁਦਰਤੀ ਆਫਤਾਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਆਪਣੇ ਭਾਸ਼ਣ ਵਿੱਚ ਮੋਦੀ ਨੇ ਅੱਗੇ ਕਿਹਾ ਕਿ ਸਵਾ ਸੌ ਕਰੋੜ ਦੇਸ਼ ਵਾਸੀਆਂ ਲਈ ਅਸੀਂ 2022 ਤੱਕ ਨਿਊ ਇੰਡੀਆ ਬਣਾਵਾਂਗੇ। ਅਸੀਂ ਅਜਿਹਾ ਭਾਰਤ ਬਣਾਵਾਂਗੇ ਜਿੱਥੇ ਬਿਜਲੀ, ਪਾਣੀ ਤੇ ਘਰ ਹੋਣ, ਅਜਿਹਾ ਭਾਰਤ ਜੋ ਚਿੰਤਾ ਵਿਚ ਨਹੀਂ ਚੈਨ ਨਾਲ ਸੌਂ ਸਕੇ, ਜਿੱਥੇ ਨੌਜਵਾਨਾਂ ਤੇ ਔਰਤਾਂ ਨੂੰ ਸੁਫਨੇ ਪੂਰੇ ਕਰਨ ਲਈ ਪੂਰੇ ਮੌਕੇ ਮਿਲਣ। ਉਨ੍ਹਾਂ ਕਿਹਾ, “ਦੇਸ਼ ਵਿੱਚ ਹੁਣ ਲੁੱਟ ਨਹੀਂ ਚੱਲੇਗੀ, ਸਾਰਿਆਂ ਨੂੰ ਜਵਾਬ ਦੇਣਾ ਪਵੇਗਾ।” ਮੋਦੀ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਡੈਟਾ ਖੰਘਾਲਣ ਤੋਂ ਬਾਅਦ ਕਾਰਵਾਈ ਕਰਦਿਆਂ ਕਾਲੇ ਧੰਦਿਆਂ ਤੇ ਹਵਾਲਾ ਦੇ ਕੰਮ ਕਰਦੀਆਂ ਪੌਣੇ ਦੋ ਲੱਖ ਕੰਪਨੀਆਂ ਨੂੂੰ ਜਿੰਦੇ ਲਾ ਦਿੱਤੇ।
ਨੋਟਬੰਦੀ ਤੋਂ ਬਾਅਦ ਸਰਕਾਰ ਨੂੰ ਪ੍ਰਾਪਤ ਹੋਈ ਰਕਮ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬੈਂਕਾਂ ਵਿੱਚ ਤਿੰਨ ਲੱਖ ਕਰੋੜ ਰੁਪਏ ਜਮ੍ਹਾਂ ਹੋਏ ਹਨ। ਇਸ ਵਿੱਚੋਂ ਪੌਣੇ ਦੋ ਲੱਖ ਕਰੋੜ ਤੋਂ ਜ਼ਿਆਦਾ ਰਕਮ ਸ਼ੱਕ ਦੇ ਘੇਰੇ ਵਿੱਚ ਹੈ। ਉਨ੍ਹਾਂ ਕਿਹਾ ਕਿ 18 ਲੱਖ ਤੋਂ ਜ਼ਿਆਦਾ ਅਜਿਹੇ ਲੋਕਾਂ ਨੂੰ ਪਛਾਣ ਲਿਆ ਗਿਆ ਹੈ ਜਿਨ੍ਹਾਂ ਦੀ ਕਮਾਈ ਉਨ੍ਹਾਂ ਦੇ ਆਮਦਨ ਤੋਂ ਜ਼ਿਆਦਾ ਹੈ। ਇੱਕ ਲੱਖ ਅਜਿਹੇ ਲੋਕ ਹਨ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਆਮਦਨ ਕਰ ਅਦਾ ਕਰਨ ਬਾਰੇ ਨਹੀਂ ਸੀ ਸੋਚਿਆ।
ਮੋਦੀ ਨੇ ਕਿਹਾ ਕਿ ਸ਼ਰਧਾ ਦੇ ਨਾਂ ‘ਤੇ ਹਿੰਸਾ ਦੇਸ਼ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜਦ ਦੇਸ਼ ਗ਼ੁਲਾਮ ਸੀ ਤਾਂ ਭਾਰਤ ਛੱਡੋ ਦਾ ਨਾਅਰਾ ਸੀ ਤੇ ਅੱਜ ਭਾਰਤ ਜੋੜੋ ਦਾ ਨਾਅਰਾ ਹੈ। ਅੱਗੇ ਪ੍ਰਧਾਨ ਮੰਤਰੀ ਨੇ ਤਿੰਨ ਤਲਾਕ ਤੋਂ ਪੀੜਤ ਔਰਤਾਂ ਦੇ ਅੰਦੋਲਨਾਂ ਬਾਰੇ ਕਿਹਾ ਕਿ ਉਨ੍ਹਾਂ ਦੇਸ਼ ਦੇ ਬੁੱਧੀਜੀਵੀ ਵਰਗ ਨੂੰ ਹਿਲਾ ਦਿੱਤਾ ਹੈ ਤੇ ਦੇਸ਼ ਇਨ੍ਹਾਂ ਔਰਤਾਂ ਦੇ ਹੱਕ ਦਿਵਾਉਣ ਵਿੱਚ ਦੇਸ਼ ਮਦਦ ਕਰੇਗਾ।
ਪਿਛਲੇ ਕੁਝ ਸਮੇਂ ਵਿੱਚ ਖ਼ੁਦਕੁਸ਼ੀ ਕਰ ਚੁੱਕੇ ਅਤੇ ਜੰਤਰ-ਮੰਤਰ ਵਿੱਚ ਨੰਗੇ ਹੋ ਤੇ ਆਪਣਾ ਪਿਸ਼ਾਬ ਪੀ ਕੇ ਰੋਸ ਜ਼ਾਹਰ ਕਰਨ ਵਾਲੇ ਕਿਸਾਨਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ 99 ਵਿੱਚੋਂ 21 ਯੋਜਨਾਵਾਂ ਸ਼ੁਰੂ ਕਰ ਦਿੱਤੀਆਂ ਹਨ।
ਉਨ੍ਹਾਂ ਕਿਸਾਨਾਂ ਲਈ ਬੀਜ ਤੋਂ ਬਾਜ਼ਾਰ ਤਕ ਸਹੂਲਤ ਮੁਹੱਈਆ ਕਰਵਾਉਣ ਦੀ ਗੱਲ ਕਹੀ। ਹਾਲਾਂਕਿ ਮੋਦੀ ਨੇ ਕਸ਼ਮੀਰ ਮੁੱਦੇ ‘ਤੇ ਬਗ਼ੈਰ ਗਾਲ਼ ਤੇ ਗੋਲੀ ਤੋਂ, ਕਸ਼ਮੀਰੀਆਂ ਨੂੰ ਗਲ਼ ਲਾ ਕੇ ਕਸ਼ਮੀਰ ਦੀ ਹਰ ਸਮੱਸਿਆ ਸੁਲਝਣ ਵਿੱਚ ਆਪਣਾ ਯਕੀਨ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਕੁੱਲ 55 ਮਿੰਟ ਦਾ ਭਾਸ਼ਣ ਦਿੱਤਾ। ਇਸ ਵਿੱਚ ਉਨ੍ਹਾਂ 2022 ਤੱਕ ‘ਨਿਊ ਇੰਡਿਆ’ ਬਣਾਉਣ ਦੇ ਸੰਕਲਪ ‘ਤੇ ਜ਼ਿਆਦਾ ਜ਼ੋਰ ਦਿੱਤਾ। ਮੋਦੀ ਨੇ ‘ਵੰਦੇ ਮਾਤਰਮ’, ‘ਜੈ ਹਿੰਦ’ ਅਤੇ ‘ਭਾਰਤ ਮਾਤਾ ਦੀ ਜੈ’ ਬੋਲ ਆਪਣਾ ਭਾਸ਼ਣ ਖ਼ਤਮ ਕੀਤਾ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …