ਕੇਜਰੀਵਾਲ ਨੇ ਪਾਣੀ ਦੇ ਬਿੱਲ ਵੀ ਮੁਆਫ ਕਰਨ ਦੀ ਗੱਲ ਕਹੀ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਅੱਜ ਸੋਮਵਾਰ ਨੂੰ ਦਿੱਲੀ ਦੇ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲਈ ਪਾਰਟੀ ਦੀਆਂ 15 ਗਾਰੰਟੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਗਾਰੰਟੀਆਂ ਵਿਚ ਰੋਜ਼ਗਾਰ, ਮਹਿਲਾਵਾਂ ਦਾ ਸਨਮਾਨ, ਬਜ਼ੁਰਗਾਂ ਦਾ ਮੁਫਤ ਇਲਾਜ ਅਤੇ ਮੁਫਤ ਪਾਣੀ ਦੀ ਗਾਰੰਟੀ ਸ਼ਾਮਲ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਇਸ ਵਾਰ ਵੀ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਲੱਖਾਂ ਲੋਕਾਂ ਦੇ ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਜਾਣਗੇ। ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਦੇ ਸੰਕਲਪ ਪੱਤਰ ਨੂੰ ਫਰਜ਼ੀ ਦੱਸਿਆ ਹੈ। ਕੇਜਰੀਵਾਲ ਨੇ ਕਿਹਾ ਕਿ ਸਾਲ 2020 ਵਿਚ ਕੀਤੇ ਤਿੰਨ ਵਾਅਦੇ ਅਸੀਂ ਪੂਰੇ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਹੁਣ ਪੂਰਾ ਕੀਤਾ ਜਾਵੇਗਾ। ਇਨ੍ਹਾਂ ਵਿਚ ਯਮੁਨਾ ਨੂੰ ਸਾਫ ਕਰਨਾ, ਯੂਰਪ ਦੀ ਤਰ੍ਹਾਂ ਸੜਕਾਂ ਬਣਾਉਣੀਆਂ ਅਤੇ 24 ਘੰਟੇ ਪਾਣੀ ਦੇ ਲਈ ਕੰਮ ਕਰਨਾ ਸ਼ਾਮਲ ਹੈ। ਧਿਆਨ ਰਹੇ ਕਿ ਆਉਂਦੀ 5 ਫਰਵਰੀ ਨੂੰ ਦਿੱਲੀ ਵਿਚ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ।