
ਮੁਹਾਲੀ/ਬਿਊਰੋ ਨਿਊਜ਼
ਸਮਾਜ ਵਿਚ ਵਧ ਰਹੀ ਨਸ਼ੇ ਦੀ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨ, ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਅਤੇ ਵਿਸ਼ੇਸ਼ ਰੂਪ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਤੋਂ ਦੂਰ ਰਹਿਣ ਦੇ ਲਈ ‘ਰਤਨ ਗਰੁੱਪ ਆਫ ਇੰਸਟੀਚਿਊਸ਼ਨਜ਼’ ਸੈਕਟਰ 78, ਮੁਹਾਲੀ ਵਲੋਂ ਇਕ ਜਾਗਰੂਕਤਾ ਰੈਲੀ ਅਤੇ ਨਸ਼ਾ ਵਿਰੋਧੀ ਅਭਿਆਨ ਦਾ ਆਯੋਜਨ ਕੀਤਾ ਗਿਆ।
ਇਸ ਰੈਲੀ ਨੂੰ ਸੰਪੂਰਨਾ ਨੰਦ ਬ੍ਰਹਮਚਾਰੀ ਜੀ (ਅੰਮਿ੍ਰਤੇਸ਼ਵਰ ਮਹਾਦੇਵ ਮੰਦਰ, ਸੈਕਟਰ 89, ਮੋਹਾਲੀ) ਨੇ ਸ੍ਰੀ ਸੁੰਦਰ ਲਾਲ ਅਗਰਵਾਲ (ਚੇਅਰਮੈਨ ਰਤਨ ਗਰੁੱਪ ਆਫ ਇੰਸਟੀਚਿਊਸ਼ਨਜ਼), ਸ੍ਰੀਮਤੀ ਸੰਗੀਤਾ ਰਾਣੀ ਅਤੇ ਸ੍ਰੀ ਕਾਰਤਿਕ ਅਗਰਵਾਲ ਦੇ ਨਾਲ ਮਿਲ ਕੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਵਿਸ਼ਾਲ ਰੈਲੀ ਸੈਕਟਰ 78, ਮੁਹਾਲੀ ਸਥਿਤ ਰਤਨ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਕੈਂਪਸ ਤੋਂ ਸ਼ੁਰੂ ਹੋਈ ਅਤੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਸੈਕਟਰ 70 ਦੀਆਂ ਟਰੈਫਿਕ ਲਾਈਟਾਂ ’ਤੇ ਪਹੁੰਚ ਕੇ ਸੰਪੰਨ ਹੋਈ।
ਇਹ ਰੈਲੀ ਵਿਦਿਆਰਥੀਆਂ ਦੀ ਭਰਪੂਰ ਸ਼ਮੂਲੀਅਤ ਨਾਲ ਸ਼ੁਰੂ ਹੋਈ ਅਤੇ ਇਨ੍ਹਾਂ ਵਿਦਿਆਰਥੀਆਂ ਨੇ ਪ੍ਰੇਰਨਾਦਾਇਕ ਨਾਅਰੇ, ਪੋਸਟਰ ਅਤੇ ਬੈਨਰ ਵੀ ਚੁੱਕੇ ਹੋਏ ਸਨ। ਵਿਦਿਆਰਥੀਆਂ ਦੇ ਹੱਥਾਂ ਵਿਚ ਫੜੇ ਪੋਸਟਰਾਂ ਅਤੇ ਬੈਨਰਾਂ ’ਤੇ ਪ੍ਰਭਾਵਸ਼ਾਲੀ ਅਤੇ ਅਰਥ ਪੂਰਨ ਸੰਦੇਸ਼ ਲਿਖੇ ਹੋਏ ਸਨ। ਜਿਵੇਂ ਕਿ ‘ਜਾਗੋ ਦੋਸਤੋ -ਨਸ਼ਿਆਂ ਦਾ ਤਿਆਗ ਕਰੋ’, ‘ਨਸ਼ਿਆਂ ਨੂੰ ਨਾ ਕਹੋ-ਜ਼ਿੰਦਗੀ ਨੂੰ ਹਾਂ ਕਹੋ’ ਅਤੇ ‘ਨਸ਼ਾ ਮੁਕਤ ਨੌਜਵਾਨ-ਇਕ ਸਿਹਤਮੰਦ ਰਾਸ਼ਟਰ’। ਇਨ੍ਹਾਂ ਪੋਸਟਰਾਂ ਨੇ ਰਾਹਗੀਰਾਂ ਦਾ ਵੀ ਧਿਆਨ ਆਪਣੇ ਵੱਲ ਖਿੱਚਿਆ।
ਇਸ ਸਮਾਗਮ ਦੌਰਾਨ ਰੈਲੀ ਦੇ ਨਾਲ-ਨਾਲ ਇਕ ਵਿਸ਼ੇਸ਼ ਅਤੇ ਜਾਣਕਾਰੀ ਭਰਪੂਰ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀਆਂ ਪ੍ਰਮੁੱਖ ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ’ਤੇ ਸਰਪੰਚ ਪਰਮਿੰਦਰ ਸਿੰਘ ਸੋਹਾਣਾ (ਪ੍ਰਧਾਨ, ਅਕਾਲੀ ਦਲ, ਮੁਹਾਲੀ), ਭਾਜਪਾ ਦੇ ਸੀਨੀਅਰ ਆਗੂ ਹਰਦੇਵ ਸਿੰਘ ਉਭਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਸਾਬਕਾ ਕੌਂਸਲਰ ਅਸ਼ੋਕ ਝਾਅ ਤੇ ਸ਼ੈਲੇਂਦਰ ਆਨੰਦ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।
ਇਸ ਮੌਕੇ ’ਤੇ ਬੋਲਦਿਆਂ ਡਾ. ਵਿਸ਼ਾਲ ਦੀਪ (ਰਤਨ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਪਿ੍ਰੰਸੀਪਲ) ਨੇ ਡਾ. ਮਨਦੀਪ ਕੌਰ, ਪ੍ਰੋਫੈਸਰ ਕ੍ਰਿਤਿਕਾ ਸ਼ਰਮਾ, ਡਾ. ਬਲਦੀਪ ਕੌਰ, ਪ੍ਰੋਫੈਸਰ ਰੀਨਾ ਪਾਲ, ਪ੍ਰੋਫੈਸਰ ਮਨਪ੍ਰੀਤ ਕੌਰ ਅਤੇ ਪ੍ਰੋਫੈਸਰ ਪ੍ਰਤਿਭਾ ਦੇ ਨਾਲ ਮਿਲ ਕੇ ਨਸ਼ਿਆਂ ਦੀ ਵਰਤੋਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਪੱਧਰ ’ਤੇ ਪੈਣ ਵਾਲੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਸ਼ਿਆਂ ਦੀ ਵਰਤੋਂ ਨਾ ਸਿਰਫ ਇਕ ਵਿਅਕਤੀ ਦੇ ਜੀਵਨ ਨੂੰ ਬਰਬਾਦ ਕਰਦੀ ਹੈ, ਸਗੋਂ ਇਹ ਪੂਰੇ ਪਰਿਵਾਰ ਅਤੇ ਸਮਾਜ ਨੂੰ ਵੀ ਅੰਦਰੋਂ ਖੋਖਲਾ ਕਰ ਦਿੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਕ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਜੀਵਨ ਵਿਚ ਸਕਾਰਾਤਮਕ ਫੈਸਲੇ ਲੈਣ ਅਤੇ ਆਪਣੇ ਪਰਿਵਾਰਾਂ ਤੇ ਆਲੇ-ਦੁਆਲੇ ਦੇ ਭਾਈਚਾਰੇ ਵਿਚ ਨਸ਼ਿਆਂ ਦੀ ਵਰਤੋਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਉਤਸ਼ਾਹਿਤ ਕੀਤਾ। ਵਿਦਿਆਰਥੀਆਂ ਨੇ ਵੀ ਰੈਲੀ ਵਿਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਮ ਲੋਕਾਂ ਨੂੰ ਨਸ਼ੇ ਦੀ ਆਦਤ ਦੇ ਗੰਭੀਰ ਨਤੀਜਿਆਂ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ।

