ਕਿਹਾ : ਪਹਿਲੀਆਂ ਸਰਕਾਰਾਂ ਤੋਂ ਨਿਰਾਸ਼ ਨੌਜਵਾਨਾਂ ਨੇ ਕੀਤਾ ਵਿਦੇਸ਼ਾਂ ਦਾ ਰੁਖ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਖ-ਵੱਖ ਵਿਭਾਗਾਂ ਦੇ 427 ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਨਵਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਿਯੁਕਤੀ ਪੱਤਰ ਦੇਣੇ ਸਰਕਾਰ ਵੱਲੋਂ ਕੋਈ ਅਹਿਸਾਨ ਵਾਲੀ ਗੱਲ ਨਹੀਂ ਬਲਕਿ ਇਹ ਸਾਡਾ ਫਰਜ ਹੈ। ਕਿਉਂਕਿ ਲੋਕ ਬਹੁਤ ਉਮੀਦਾਂ ਨਾਲ ਵੋਟਾਂ ਪਾ ਕੇ ਸਰਕਾਰ ਚੁਣਦੇ ਹਨ ਅਤੇ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਲੋਕਾਂ ਦੀ ਉਮੀਦਾਂ ’ਤੇ ਖਰੀ ਉਤਰੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਾਡੇ ਸਾਬਕਾ ਵਿੱਤ ਮੰਤਰੀ ਤਾਂ 9 ਸਾਲ ਖਜ਼ਾਨਾ ਖਾਲੀ ਹੋਣ ਦਾ ਰਾਗ ਹੀ ਅਲਾਪਦੇ ਰਹਿੰਦੇ ਸਨ। ਜਿਸ ਤੋਂ ਨਿਰਾਸ਼ ਹੋ ਕੇ ਸਾਡੇ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤ ਲਈਆਂ ਪ੍ਰੰਤੂ ਸਾਡੀ ਸਰਕਾਰ ਹੁਣ ਨੌਜਵਾਨਾਂ ਨੂੰ ਲਗਾਤਾਰ ਨੌਕਰੀਆਂ ਦੇ ਰਹੀ ਹੈ ਤਾਂ ਜੋ ਵਿਦੇਸ਼ਾਂ ਵੱਲ ਨੂੰ ਭੱਜ ਰਹੀ ਨੌਜਵਾਨ ਪੀੜ੍ਹੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਰੁਜ਼ਗਾਰ ਮਿਲੇਗਾ ਤਾਂ ਉਹ ਵਿਦੇਸ਼ਾਂ ਦਾ ਰੁਖ ਕਿਉਂ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਦੇ ਨਹੀਂ ਕਿਹਾ ਕਿ ਸਾਡਾ ਖਜ਼ਾਨਾ ਖਾਲੀ ਹੈ। ਅਸੀਂ ਹਮੇਸ਼ਾ ਹੀ ਕਿਹਾ ਕਿ ਖਜ਼ਾਨਾ ਭਰਿਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਤਂੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸਨ ਉਹ 9020 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਿਰ ਛੱਡ ਗਏ ਸਨ, ਜਿਸ ਨੂੰ ਉਤਾਰਨ ਲਈ ਅਸੀਂ 5 ਕਿਸ਼ਤਾਂ ਬਣਾ ਲਈਆਂ ਹਨ ਅਤੇ ਇਸ ਕਰਜ਼ੇ ਦੀ ਪਹਿਲੀ ਕਿਸ਼ਤ 1804 ਕਰੋੜ ਰੁਪਏ ਅਸੀਂ ਮੋੜ ਵੀ ਦਿੱਤੀ ਹੈ।