ਨਿਤੀਸ਼ ਕੁਮਾਰ ਵੱਲੋਂ ਓਪੀ ਚੌਟਾਲਾ ਨਾਲ ਬੰਦ ਕਮਰਾ ਮੀਟਿੰਗ
ਚੰਡੀਗੜ੍ਹ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਇਨੈਲੋ ਆਗੂ ਓਮ ਪ੍ਰਕਾਸ਼ ਚੌਟਾਲਾ ਨਾਲ ਉਨ੍ਹਾਂ ਦੀ ਗੁਰੂਗ੍ਰਾਮ ਸਥਿਤ ਰਿਹਾਇਸ਼ੀ ‘ਤੇ ਦੋ ਘੰਟੇ ਚੱਲੀ ਬੰਦ ਕਮਰਾ ਮੀਟਿੰਗ ਮਗਰੋਂ ਤੀਜਾ ਸਿਆਸੀ ਫਰੰਟ ਹੋਂਦ ‘ਚ ਆਉਣ ਦੀਆਂ ਚਰਚਾਵਾਂ ਨੂੰ ਖੰਭ ਲੱਗ ਗਏ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਟਾਲਾ ਤੀਜਾ ਸਿਆਸੀ ਫਰੰਟ ਬਣਾਉਣ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ। ਚੌਟਾਲਾ ਨੇ ਬਿਹਾਰ ਦੇ ਮੁੱਖ ਮੰਤਰੀ ਨੂੰ ਆਪਣੇ ਘਰ ਦੁਪਹਿਰ ਦੇ ਖਾਣੇ ‘ਤੇ ਸੱਦਿਆ ਸੀ।
ਨਿਤੀਸ਼ ਕੁਮਾਰ ਨਾਲ ਜੇਡੀ (ਯੂ) ਨੇਤਾ ਕੇਸੀ ਤਿਆਗੀ ਵੀ ਪਹੁੰਚੇ ਹੋਏ ਸਨ। ਇਨ੍ਹਾਂ ਆਗੂਆਂ ਦਰਮਿਆਨ ਲਗਪਗ ਦੋ ਘੰਟੇ ਚੱਲੀ ਬੰਦ ਕਮਰਾ ਮੀਟਿੰਗ ਵਿੱਚ ਕਈ ਰਾਜਨੀਤਕ ਮਾਮਲਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਇਨੈਲੋ ਨੇਤਾ ਅਭੈ ਚੌਟਾਲਾ ਅਤੇ ਕਰਨ ਚੌਟਾਲਾ ਵੀ ਹਾਜ਼ਰ ਰਹੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਓਮ ਪ੍ਰਕਾਸ਼ ਚੌਟਾਲਾ ਨੇ ਪਿਛਲੇ ਦਿਨੀਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਤੀਜਾ ਫਰੰਟ ਬਣਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਤੀਜੇ ਫਰੰਟ ਦਾ ਰਸਮੀ ਐਲਾਨ 25 ਸਤੰਬਰ ਨੂੰ ਚੌਧਰੀ ਦੇਵੀ ਲਾਲ ਦੇ ਜਨਮ ਦਿਨ ਮੌਕੇ ਕੀਤਾ ਜਾਵੇਗਾ। ਚੌਟਾਲਾ ਨੇ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕਰ ਕੇ ਤੀਜੇ ਫਰੰਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹੁਣ ਉਹ ਅਗਲੇ ਦਿਨਾਂ ‘ਚ ਆਪਣੇ ਪੁਰਾਣੇ ਸਾਥੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰ ਸਕਦੇ ਹਨ। ਇਨੈਲੋ ਆਗੂ ਅਭੈ ਸਿੰਘ ਚੌਟਾਲਾ ਨੇ ਟਵਿੱਟਰ ਰਾਹੀਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਜੇਡੀ (ਯੂ) ਨੇਤਾ ਕੇਸੀ ਤਿਆਗੀ ਦੀ ਓਮ ਪ੍ਰਕਾਸ਼ ਚੌਟਾਲਾ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਚੌਟਾਲਾ ਦੀ ਸਿਹਤ ਸਬੰਧੀ ਹਾਲ-ਚਾਲ ਪੁੱਛਣ ਲਈ ਆਏ ਸਨ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …