0.6 C
Toronto
Thursday, December 25, 2025
spot_img
Homeਪੰਜਾਬਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਇਕ ਹਫਤੇ ਦਾ ਦਿਓ ਨੋਟਿਸ:...

ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਇਕ ਹਫਤੇ ਦਾ ਦਿਓ ਨੋਟਿਸ: ਹਾਈਕੋਰਟ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਦੀ ਸਥਿਤੀ ਵਿਚ ਪਹਿਲਾਂ ਹਫ਼ਤੇ ਦਾ ਨੋਟਿਸ ਦੇਣਾ ਜ਼ਰੂਰੀ ਹੋਵੇਗਾ। ਇਹ ਹੁਕਮ ਹਾਈਕੋਰਟ ਨੇ ਕੋਟਕਪੂਰਾ ਪੁਲਿਸ ਫਾਇਰਿੰਗ ਕੇਸ ਦੇ ਮਾਮਲੇ ਵਿਚ ਦਿੱਤੇ ਹਨ। ਜਸਟਿਸ ਅਵਨੀਸ਼ ਝੀਂਗਣ ਦੇ ਇਸ ਹੁਕਮ ਨਾਲ ਸੈਣੀ ਹੁਣ ‘ਆਪਣੇ ਬਚਾਅ ਲਈ ਉਪਲੱਬਧ ਬਦਲਾਂ ਦਾ ਆਸਰਾ ਲੈ ਸਕਣਗੇ।’ ਦੱਸਣਯੋਗ ਹੈ ਕਿ ਸੈਣੀ ਨੇ ਪੰਜਾਬ ਸਰਕਾਰ ਖਿਲਾਫ ਹਾਈਕੋਰਟ ਪਹੁੰਚ ਕੀਤੀ ਸੀ ਤੇ ਅਗਾਊਂ ਜ਼ਮਾਨਤ ਮੰਗੀ ਸੀ। ਕੋਟਕਪੂਰਾ ਕੇਸ ‘ਚ ਦਰਜ ਐਫਆਈਆਰ ਵਿਚ ਕਈ ਧਾਰਾਵਾਂ ਲਾਈਆਂ ਗਈਆਂ ਹਨ ਜਿਨ੍ਹਾਂ ਵਿਚ ਹੱਤਿਆ ਦੀ ਕੋਸ਼ਿਸ਼, ਸਬੂਤ ਖ਼ਤਮ ਕਰਨ ਤੇ ਹੋਰ ਦੋਸ਼ ਲਾਏ ਗਏ ਹਨ। ਸੈਣੀ ਦੇ ਵਕੀਲ ਨੇ ਅਦਾਲਤ ਵਿਚ ਦੱਸਿਆ ਕਿ ਸਾਬਕਾ ਡੀਜੀਪੀ ਨੂੰ 26 ਮਾਰਚ ਨੂੰ ਫਰੀਦਕੋਟ ਅਦਾਲਤ ਵਿਚ ਤਲਬ ਕੀਤਾ ਗਿਆ ਸੀ ਤੇ ਗ੍ਰਿਫ਼ਤਾਰੀ ਦਾ ਖ਼ਦਸ਼ਾ ਸੀ। ਹਾਈਕੋਰਟ ਨੇ ਕਿਹਾ ਕਿ 4 ਮਾਰਚ ਨੂੰ ਨੋਟਿਸ ਦਿੱਤਾ ਗਿਆ ਸੀ। ਜਸਟਿਸ ਝੀਂਗਣ ਨੇ ਕਿਹਾ ਕਿ ਪਟੀਸ਼ਨਕਰਤਾ ਦਾ ਨਾਂ ਐਫਆਈਆਰ ਵਿਚ ਨਹੀਂ ਸੀ ਤੇ ਉਸ ਨੂੰ ਚੌਥੀ ਰਿਪੋਰਟ ਦੇ ਅਧਾਰ ਉਤੇ ਸੱਦਿਆ ਗਿਆ ਸੀ। ਪਰ ਹੁਣ ਇਸ ਰਿਪੋਰਟ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਜਾਂਚ ਨਵੀਂ ‘ਸਿੱਟ’ ਕਰ ਰਹੀ ਹੈ। ਹਾਲਾਂਕਿ ਕੇਸ ਦੇ ਪਿਛੋਕੜ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੱਖਾਂ ਜਿਵੇਂ ਕਿ ਸਿਆਸੀ ਰੰਗ ਨੂੰ ਧਿਆਨ ਵਿਚ ਰੱਖਦਿਆਂ ਹਾਈ ਕੋਰਟ ਪਟੀਸ਼ਨਕਰਤਾ ਨੂੰ ਗ੍ਰਿਫ਼ਤਾਰੀ ਦੇ ਕੇਸ ਵਿਚ ਬਚਾਅ ਦਾ ਮੌਕਾ ਦੇ ਰਿਹਾ ਹੈ। ਸੱਤ ਦਿਨ ਦਾ ਨੋਟਿਸ ਅਗਾਊਂ ਦੇਣਾ ਹੋਵੇਗਾ।
ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਦੇ ਯਤਨ ਤੇਜ਼ : ਮੁਹਾਲੀ : ਪੰਜਾਬ ਵਿਜੀਲੈਂਸ ਬਿਊਰੋ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਵਿਜੀਲੈਂਸ ਵੱਲੋਂ ਸੈਣੀ ਦੀ ਪੈੜ ਨੱਪਣ ਲਈ ਮੁਹਾਲੀ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰਨਾਂ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ।
ਸੁਮੇਧ ਸੈਣੀ ਦੇ ਘਰ ਵਿਜੀਲੈਂਸ ਦਾ ਛਾਪਾ
ਮੁਹਾਲੀ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀਜੀਪੀ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦਾ ਨਵਾਂ ਕੇਸ ਮੁਹਾਲੀ ਦੇ ਵਿਜੀਲੈਂਸ ਥਾਣੇ ‘ਚ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਪੁਲਿਸ ਦੀ ਇੱਕ ਟੀਮ ਸੁਮੇਧ ਸੈਣੀ ਦੀ ਚੰਡੀਗੜ੍ਹ ਸਥਿਤ ਸੈਕਟਰ-20 ਦੀ ਰਿਹਾਇਸ਼ ‘ਤੇ ਪਹੁੰਚੀ ਸੀ। ਧਿਆਨ ਰਹੇ ਕਿ ਸੁਮੇਧ ਸੈਣੀ ‘ਤੇ ਮੁਹਾਲੀ ਦੇ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਕਥਿਤ ਤੌਰ ‘ਤੇ ਮੌਤ ਦੇ ਘਾਟ ਉਤਾਰਨ ਦੇ ਗੰਭੀਰ ਆਰੋਪ ਵੀ ਹਨ। ਮੁਲਤਾਨੀ ਕੇਸ ਵਿੱਚ ਸੈਣੀ ਨੂੰ ਸੁਪਰੀਮ ਕੋਰਟ ਵੱਲੋਂ ਬਲੈਂਕੇਟ ਬੇਲ ਮਿਲੀ ਹੋਈ ਹੈ। ਜ਼ਿਕਰਯੋਗ ਹੈ ਕਿ ਸੁਮੇਧ ਸੈਣੀ ਦੀ ਚੰਡੀਗੜ੍ਹ ਵਾਲੀ ਇਸ ਕੋਠੀ ਬਾਰੇ ਪਿਛਲੇ ਦਿਨੀਂ ਵੀ ਕਾਫ਼ੀ ਵਿਵਾਦ ਛਿੜਿਆ ਸੀ। ਕਿਹਾ ਜਾ ਰਿਹਾ ਹੈ ਕਿ ਸੁਮੈਧ ਸੈਣੀ ਵੱਲੋਂ ਇਹ ਕੋਠੀ ਗ਼ਲਤ ਤਰੀਕੇ ਨਾਲ ਖ਼ਰੀਦੀ ਗਈ ਹੈ।

 

RELATED ARTICLES
POPULAR POSTS