27.2 C
Toronto
Saturday, June 6, 2026
spot_img
Homeਪੰਜਾਬਭਾਜਪਾ ਲਈ ਮੁਸੀਬਤ ਬਣ ਸਕਦੀ ਹੈ ਅਸ਼ਵਨੀ ਸ਼ਰਮਾ ਦੀ ਚੁੱਪ

ਭਾਜਪਾ ਲਈ ਮੁਸੀਬਤ ਬਣ ਸਕਦੀ ਹੈ ਅਸ਼ਵਨੀ ਸ਼ਰਮਾ ਦੀ ਚੁੱਪ

ਆਮ ਆਦਮੀ ਪਾਰਟੀ ਵੱਲੋਂ ਅਸ਼ਵਨੀ ਸ਼ਰਮਾ ਤੱਕ ਪਹੁੰਚ ਕਰਨ ਦੇ ਚਰਚੇ
ਜਲੰਧਰ : ਭਾਜਪਾ ਦਾ ਸੂਬਾ ਪ੍ਰਧਾਨ ਬਦਲਣ ਦਾ ਮਾਮਲਾ ਅੰਦਰੋਂ ਅੰਦਰੀ ਧੁਖ ਰਿਹਾ ਹੈ। ਭਾਜਪਾ ਦੇ ਨਵੇਂ ਬਣੇ ਪ੍ਰਧਾਨ ਨੂੰ ਹਾਲੇ ਤਕ ਭਾਜਪਾ ਦੇ ਪੁਰਾਣੇ ਆਗੂਆਂ ਤੇ ਵਰਕਰਾਂ ਨੇ ਸਵੀਕਾਰ ਨਹੀਂ ਕੀਤਾ ਹੈ, ਜਿਸ ਲਈ ਹਾਲੇ ਹੋਰ ਸਮਾਂ ਲੱਗ ਸਕਦਾ ਹੈ। ਇਸ ਮਾਮਲੇ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਵਜੋਂ ਹਟਾਏ ਗਏ ਅਸ਼ਵਨੀ ਸ਼ਰਮਾ ਨੇ ਵੀ ਚੁੱਪ ਵੱਟ ਲਈ ਹੈ, ਜੋ ਕਈ ਸਵਾਲ ਖੜ੍ਹੇ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਲੀਡਰਸ਼ਿਪ ਨੇ ਸੂਬੇ ਵਿੱਚ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਵਜੋਂ ਹਟਾ ਕੇ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾ ਦਿੱਤਾ ਹੈ, ਜਿਸ ਕਾਰਨ ਪਾਰਟੀ ਦੇ ਟਕਸਾਲੀ ਵਰਕਰ ਨਿਰਾਸ਼ ਹਨ। ਇਹ ਵੀ ਚਰਚਾ ਹੈ ਕਿ ਅਸ਼ਵਨੀ ਸ਼ਰਮਾ ਤੱਕ ਆਮ ਆਦਮੀ ਪਾਰਟੀ ਵਲੋਂ ਪਹੁੰਚ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਮੰਤਰੀ ਬਣਾਉਣ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਦੇ ਦੋ ਵਿਧਾਇਕ ਹਨ, ਜਿਨ੍ਹਾਂ ਵਿਚ ਅਸ਼ਵਨੀ ਸ਼ਰਮਾ ਪਠਾਨਕੋਟ ਅਤੇ ਜੰਗੀ ਲਾਲ ਮੁਕੇਰੀਆਂ ਤੋਂ ਵਿਧਾਇਕ ਹਨ। ਸ਼ਰਮਾ ਨੇ ਭਾਜਪਾ ਨੂੰ ਛੱਡਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਭਾਜਪਾ ਦੇ ਸਿਧਾਂਤਾਂ ‘ਤੇ ਚਲਦੇ ਆਏ ਹਨ ਜਿਸ ਬਾਰੇ ਸਾਰੇ ਭਲੀ-ਭਾਂਤ ਜਾਣੂ ਹਨ। ਇਸ ਕਰਕੇ ਉਹ ਅਜਿਹਾ ਕਦਮ ਚੁੱਕਣ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਇਹ ਵੀ ਪਤਾ ਲੱਗਾ ਹੈ ਕਿ ਅਜਿਹੀਆਂ ਕਨਸੋਆਂ ਮਿਲਣ ਤੋਂ ਬਾਅਦ ਭਾਜਪਾ ਲੀਡਰਸ਼ਿਪ ਵੱਲੋਂ ਉਨ੍ਹਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਭਗਵਾਂ ਪਾਰਟੀ ਦੇ ਵਰਕਰਾਂ ਨੂੰ ਇਹ ਭਲੀ-ਭਾਂਤ ਪਤਾ ਹੈ ਕਿ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ ਸਾਰੇ ਜ਼ਿਲ੍ਹਿਆਂ ਵਿੱਚ ਆਪਣੀ ਟੀਮ ਬਣਾਉਣਗੇ ਤੇ ਅਸ਼ਵਨੀ ਸ਼ਰਮਾ ਨਾਲ ਜੁੜੇ ਵੱਡੀ ਗਿਣਤੀ ਵਰਕਰ ਵੀ ਸ਼ਰਮਾ ਦਾ ਹੀ ਸਾਥ ਦੇਣਗੇ ਤੇ ਪਾਰਟੀ ਛੱਡਣ ਦੀ ਨੌਬਤ ਤੋਂ ਬਾਅਦ ਸਮੀਕਰਨ ਬਦਲ ਸਕਦੇ ਹਨ।
ਭਾਜਪਾ ਦੇ ਇਕ ਆਗੂ ਨੇ ਦੱਸਿਆ ਕਿ ਨਗਰ ਨਿਗਮ, ਪੰਚਾਇਤ ਤੇ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤੇ ਅਜਿਹੀ ਹਾਲਤ ਵਿਚ ਭਾਜਪਾ ਵੱਡੇ ਪੱਧਰ ‘ਤੇ ਵਰਕਰਾਂ ਵਲੋਂ ਪਾਰਟੀ ਛੱਡਣ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੇਗੀ। ਜ਼ਿਕਰਯੋਗ ਹੈ ਕਿ ਜਦੋਂ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਦੀ ਤਾਜਪੋਸ਼ੀ ਹੋਈ ਸੀ ਤਾਂ ਭਾਜਪਾ ਦਾ ਵੋਟਾਂ ਦਾ ਗਰਾਫ ਵਧਣ ਦੀ ਸੰਭਾਵਨਾ ਸੀ ਪਰ ਸਾਬਕਾ ਸੂਬਾ ਪ੍ਰਧਾਨ ਦੀ ਚੁੱਪੀ ਕਾਰਨ ਨਵੀਆਂ ਚੁਣੌਤੀਆਂ ਆ ਖੜ੍ਹੀਆਂ ਹੋਣ ਦੇ ਆਸਾਰ ਹਨ।

RELATED ARTICLES
POPULAR POSTS