ਨੌਜਵਾਨਾਂ ਨੂੰ ਅੰਗਰੇਜ਼ੀ ਮਾਹਿਰ ਬਣਾਉਣ ਲਈ ਪੰਜਾਬ ਸਰਕਾਰ ਅਤੇ ਬ੍ਰਿਟਿਸ਼ ਕੌਂਸਲ ਵਿਚਾਲੇ ਸਮਝੌਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਮਾਹਿਰ ਬਣਾਉਣ ਲਈ ਬ੍ਰਿਟਿਸ਼ ਕੌਂਸਲ ਐਜੂਕੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਅਮਰਪਾਲ ਸਿੰਘ ਅਤੇ ਬ੍ਰਿਟਿਸ਼ ਕੌਂਸਲ ਦੇ ਐੱਮ.ਡੀ. ਡੰਕਨ ਵਿਲਸਨ ਨੇ ਦਸਤਖ਼ਤ ਕਰਕੇ ਨੇਪਰੇ ਚਾੜ੍ਹਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਮਝੌਤੇ ਨਾਲ ਉਚੇਰੀ ਸਿੱਖਿਆ ਵਿਭਾਗ ਅਧੀਨ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਲਈ ‘ਇੰਗਲਿਸ਼ ਫਾਰ ਵਰਕ’ ਲਈ ਸਿਖਲਾਈ ਕੋਰਸ ਸ਼ੁਰੂ ਕੀਤਾ ਜਾਵੇਗਾ। ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ‘ਚ ਸਹਾਇਤਾ ਮਿਲੇਗੀ ਅਤੇ ਉਨ੍ਹਾਂ ਨੂੰ ਸਨਅਤੀ ਤੇ ਸੇਵਾ ਖੇਤਰ ‘ਚ ਨੌਕਰੀਆਂ ਦੇ ਵੱਧ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਕਾਲਜਾਂ ਦੇ 5 ਹਜ਼ਾਰ ਵਿਦਿਆਰਥੀਆਂ ਨੂੰ ਲਾਭ ਮਿਲੇਗਾ।
ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਹਿੱਸੇ ਵਜੋਂ ਵਿਦਿਆਰਥੀ ਕੰਮ ਲਈ ਅੰਗਰੇਜ਼ੀ ਦੇ ਇਕ ‘ਲੈਵਲ’ ਦੀ ਪੜ੍ਹਾਈ ਕਰਨਗੇ, ਜਿਸ ਨਾਲ ਅੰਗਰੇਜ਼ੀ ਜਾਣਨ ਕਰਕੇ ਉਨ੍ਹਾਂ ‘ਚ ਰੁਜ਼ਗਾਰ ਪੱਖੀ ਮੁਹਾਰਤ ਪੈਦਾ ਹੋਵੇਗੀ।
ਉਨ੍ਹਾਂ ਕਿਹਾ ਕਿ ‘ਇੰਗਲਿਸ਼ ਫਾਰ ਵਰਕ’ ਇਕ ਅਜਿਹਾ ਮਿਸ਼ਰਤ ਕੋਰਸ ਹੈ, ਜਿਸ ‘ਚ ਕੰਮ ਵਰਗੇ ਅਸਲ ਹਾਲਾਤ ‘ਚ ਵਰਤੀ ਜਾਣ ਵਾਲੀ ਅੰਗਰੇਜ਼ੀ ਭਾਸ਼ਾ ਸਿੱਖਣ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ‘ਚ ਲਿਸਨਿੰਗ (ਸੁਣਨ), ਰੀਡਿੰਗ (ਪੜ੍ਹਨ), ਰਾਈਟਿੰਗ (ਲਿਖਣ) ਤੇ ਸਪੀਕਿੰਗ (ਬੋਲਣ) ਸਮੇਤ ਵਿਆਕਰਨ, ਮੁਹਾਰਨੀ ਅਤੇ ਸ਼ਬਦਾਵਲੀ ‘ਤੇ ਧਿਆਨ ਦਿੱਤਾ ਜਾਵੇਗਾ। ਇਹ ਪ੍ਰਾਜੈਕਟ ਵਿਦਿਅਕ ਸੈਸ਼ਨ 2023-24 ਤੋਂ ਸੂਬੇ ਦੇ ਸਰਕਾਰੀ ਕਾਲਜਾਂ ‘ਚ ਪੰਜ ਹਜ਼ਾਰ ਵਿਦਿਆਰਥੀਆਂ ਲਈ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ‘ਇੰਗਲਿਸ਼ ਫਾਰ ਵਰਕ’ ਇਕ ਅਜਿਹਾ ਆਨਲਾਈਨ ਮਿਸ਼ਰਤ ਲਰਨਿੰਗ ਕੋਰਸ ਹੈ, ਜਿਹੜਾ ਲਾਈਵ ਇੰਟਰਐਕਟਿਵ ਕਲਾਸਾਂ ਨਾਲ ਖ਼ੁਦ ਪੜ੍ਹਨ ਦੇ ਲਚਕੀਲੇ ਸਿਧਾਂਤ ਨਾਲ ‘ਫਲਿੱਪਡ ਕਲਾਸਰੂਮ’ ਸੰਕਲਪ ਦੀ ਵਰਤੋਂ ਕਰੇਗਾ।