Breaking News
Home / ਪੰਜਾਬ / ਅਕਾਲੀ ਦਲ ਦਾ ਗਰਾਫ ਡਿੱਗਣ ਕਾਰਨ ਸੁਖਬੀਰ ਲਈ ਚੁਣੌਤੀਆਂ ਵਧੀਆਂ

ਅਕਾਲੀ ਦਲ ਦਾ ਗਰਾਫ ਡਿੱਗਣ ਕਾਰਨ ਸੁਖਬੀਰ ਲਈ ਚੁਣੌਤੀਆਂ ਵਧੀਆਂ

ਕੌਮੀ ਸਿਆਸਤ ‘ਚ ਅਕਾਲੀ ਦਲ ਹੋਇਆ ਬੇਅਸਰ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਲਈ ਅੰਦਰੂਨੀ ਅਤੇ ਬਾਹਰੀ ਸੰਕਟ ਵਧਣ ਕਾਰਨ ਭਵਿੱਖ ‘ਚ ਚੁਣੌਤੀਆਂ ਵੱਡੀਆਂ ਹੋਣ ਦੇ ਸੰਕੇਤ ਦਿਖਾਈ ਦੇ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਮਹਿਲਾ ਵਿੰਗ ਦੀ ਨਵੀਂ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਸਮੁੱਚਾ ਮਹਿਲਾ ਵਿੰਗ ਬਾਗੀ ਹੋ ਗਿਆ ਹੈ। ਇਸ ਤੋਂ ਇਲਾਵਾ ਕੌਮੀ ਪੱਧਰ ‘ਤੇ ਕਿਸੇ ਵੀ ਵੱਡੇ ਗੱਠਜੋੜ ਨਾਲ ਅਕਾਲੀ ਦਲ ਦੀ ਸਾਂਝ ਭਿਆਲੀ ਨਹੀਂ ਪੈ ਰਹੀ। ਸੂਬੇ ਵਿੱਚ ਪੌਣੇ ਤਿੰਨ ਦਹਾਕਿਆਂ ਦੇ ਸਮੇਂ ਤੋਂ ਬਾਅਦ ਪਹਿਲੀ ਵਾਰੀ ਅਜਿਹੀ ਸਥਿਤੀ ਬਣੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੌਮੀ ਸਿਆਸਤ ਵਿੱਚ ਪੂਰੀ ਤਰ੍ਹਾਂ ਬੇਅਸਰ ਦਿਖਾਈ ਦੇ ਰਿਹਾ ਹੈ।
ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗੱਠਜੋੜ ਤੋਂ ਬਾਅਦ ਜਿਵੇਂ ਹੀ ਭਾਰਤੀ ਜਨਤਾ ਪਾਰਟੀ ਨੇ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਦੇ ਰੁੱਸੇ ਭਾਈਵਾਲਾਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕੀਤੀ ਤਾਂ ਅਕਾਲੀ ਆਗੂਆਂ ਨੂੰ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਸੀ ਕਿ 1996 ਤੋਂ ਸਾਲ 2020 ਤੱਕ ਐਨਡੀਏ ਦਾ ਭਾਈਵਾਲ ਰਹਿਣ ਤੋਂ ਬਾਅਦ ਇੱਕ ਵਾਰੀ ਮੁੜ ਗਿਲੇ ਸ਼ਿਕਵੇ ਭੁਲਾ ਕੇ ਭਾਜਪਾ ਆਗੂ ਅਕਾਲੀਆਂ ਨੂੰ ਨਾਲ ਰਲ਼ਾ ਲੈਣਗੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨੂੰ ਨਜ਼ਰਅੰਦਾਜ਼ ਕੀਤਾ ਹੈ, ਉਸ ਤੋਂ ਇੱਕ ਗੱਲ ਸਪੱਸ਼ਟ ਹੋ ਗਈ ਹੈ ਕਿ ਆਗਾਮੀ ਸੰਸਦੀ ਚੋਣਾਂ ਦੌਰਾਨ ਅਕਾਲੀਆਂ ਕੋਲ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਸਾਂਝ ਬਰਕਰਾਰ ਰੱਖਣ ਤੋਂ ਬਾਅਦ ਕੋਈ ਚਾਰਾ ਬਾਕੀ ਨਹੀਂ ਬਚਿਆ।
ਹਾਲਾਂਕਿ ਪਿਛਲੇ ਦਿਨਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੇ ਸੁਰਜੀਤ ਹੋਣ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਰਿਹਾ ਤੇ ਦੋਹਾਂ ਪਾਰਟੀਆਂ ਦੇ ਆਗੂਆਂ ਨੂੰ ਗੱਠਜੋੜ ਸਬੰਧੀ ਗਲਤਫਹਿਮੀਆਂ ਦੂਰ ਕਰਨੀਆਂ ਪਈਆਂ। ਪ੍ਰਧਾਨ ਮੰਤਰੀ ਨੇ ਬਾਦਲਾਂ ਦੇ ਸਿਆਸੀ ਸ਼ਰੀਕ ਸੁਖਦੇਵ ਸਿੰਘ ਢੀਂਡਸਾ ਨੂੰ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਵਿਰਾਸਤ ਦਾ ਵਾਰਿਸ ਕਰਾਰ ਦੇ ਕੇ ਇੱਕ ਤਰ੍ਹਾਂ ਨਾਲ ਸੁਖਬੀਰ ਦੀ ਟੈਨਸ਼ਨ ਵਧਾ ਦਿੱਤੀ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਪੁਰਾਣੀ ਸਿਆਸੀ ਦੋਸਤੀ ਬਹਾਲ ਕਰਨ ਲਈ ਏਲਚੀਆਂ ਦਾ ਸਹਾਰਾ ਵੀ ਲਿਆ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਤੋਂ ਸਾਂਝ ਪਾਉਣ ਦੇ ਪੱਖ ਵਿੱਚ ਨਹੀਂ ਸਨ। ਇਸੇ ਕਰਕੇ ਭਾਜਪਾ ਆਗੂ ਭੂਪਿੰਦਰ ਯਾਦਵ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਰਾਬਤਾ ਕਾਇਮ ਕਰਕੇ ਐਨਡੀਏ ਦੀ ਮੀਟਿੰਗ ਵਿੱਚ ਪੁੱਜਣ ਲਈ ਸੱਦਾ ਦਿੱਤਾ ਗਿਆ। ਭਾਜਪਾ ਪੰਜਾਬ ਵਿੱਚ ਆਪਣਾ ਵੀ ਆਧਾਰ ਵਧਾਉਣਾ ਚਾਹੁੰਦੀ ਹੈ। ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਸਿਆਸੀ ਗੱਠਜੋੜ ਤੋੜਨ ਤੋਂ ਬਾਅਦ ਪਾਰਟੀ ਦਾ ਪੰਜਾਬ ਵਿੱਚ ਸਿਆਸੀ ਪ੍ਰਭਾਵ ਲਗਾਤਾਰ ਘਟਦਾ ਜਾ ਰਿਹਾ ਹੈ। ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀਆਂ ਦਾ ਵੋਟ ਬੈਂਕ ਘਟ ਕੇ 18 ਫੀਸਦੀ ਤੱਕ ਰਹਿ ਗਿਆ ਸੀ ਜਦੋਂ ਕਿ ਭਾਜਪਾ ਨੇ ਗੁਜ਼ਾਰੇ ਜੋਗੀਆਂ ਵੋਟਾਂ ਹਾਸਲ ਕਰਨ ਤੋਂ ਬਾਅਦ ਸੰਗਰੂਰ ਅਤੇ ਜਲੰਧਰ ਸੰਸਦੀ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਵੀ ਪ੍ਰਭਾਵਸ਼ਾਲੀ ਵੋਟ ਬੈਂਕ ਹਾਸਲ ਕੀਤਾ ਸੀ ਜਦੋਂ ਕਿ ਅਕਾਲੀਆਂ ਨੂੰ ਇਨ੍ਹਾਂ ਚੋਣਾਂ ‘ਚ ਵੀ ਨਿਰਾਸ਼ਾ ਮਿਲੀ।
ਸੁਖਬੀਰ ਦੀ ਪਾਰਟੀ ਵਿੱਚ ਪਕੜ ਘਟਣ ਦਾ ਅਨੁਮਾਨ
ਸ਼੍ਰੋਮਣੀ ਅਕਾਲੀ ਦਲ ਦੇ ਇਸ ਸਮੇਂ ਲੋਕ ਸਭਾ ਵਿੱਚ ਦੋ ਮੈਂਬਰ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹਨ। ਇਸ ਪਾਰਟੀ ਦਾ ਰਾਜ ਸਭਾ ‘ਚ ਕੋਈ ਮੈਂਬਰ ਨਹੀਂ ਹੈ। ਪੰਜਾਬ ਵਿਧਾਨ ਸਭਾ ‘ਚ ਵੀ ਪਾਰਟੀ ਨੂੰ 3 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਹੋਈ ਇਤਿਹਾਸਕ ਤੇ ਨਮੋਸ਼ੀ ਭਰੀ ਹਾਰ ਤੋਂ ਬਾਅਦ ਨਿਘਾਰ ਦਾ ਅਮਲ ਜਾਰੀ ਰਹਿਣ ਕਾਰਨ ਸੁਖਬੀਰ ਬਾਦਲ ਦੀ ਪਾਰਟੀ ਉਪਰ ਪਕੜ ਹੋਰ ਵੀ ਘਟ ਸਕਦੀ ਹੈ। ਅਕਾਲੀ ਦਲ ਦੀਆਂ ਮਹਿਲਾ ਆਗੂਆਂ ਦੀ ਬਗਾਵਤ ਨੇ ਸੁਖਬੀਰ ਬਾਦਲ ਤੇ ਪਾਰਟੀ ਦੀਆਂ ਚੁਣੌਤੀਆਂ ਵਧਾ ਦਿੱਤੀਆਂ ਹਨ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …