Breaking News
Home / ਪੰਜਾਬ / ਸ਼੍ਰੋਮਣੀ ਅਕਾਲੀ ਦਲ ਦੀਆਂ ‘ਬਾਗੀ’ ਬੀਬੀਆਂ ਨੂੰ ਮਿਲੀ ਦਿੱਲੀ ਇਕਾਈ ਦੀ ਹਮਾਇਤ

ਸ਼੍ਰੋਮਣੀ ਅਕਾਲੀ ਦਲ ਦੀਆਂ ‘ਬਾਗੀ’ ਬੀਬੀਆਂ ਨੂੰ ਮਿਲੀ ਦਿੱਲੀ ਇਕਾਈ ਦੀ ਹਮਾਇਤ

ਬਾਗੀਆਂ ਦਾ ਕਾਫਲਾ ਦਿਨੋ-ਦਿਨ ਹੋ ਰਿਹਾ ਹੋਰ ਲੰਬਾ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਨਵੀਂ ਮੁਖੀ ਥਾਪੇ ਜਾਣ ਮਗਰੋਂ ਅਕਾਲੀ ਦਲ ਦੀਆਂ ਬਾਗੀ ਹੋਈਆਂ ਬੀਬੀਆਂ ਦਾ ਕਾਫ਼ਲਾ ਲੰਬਾ ਹੁੰਦਾ ਜਾ ਰਿਹਾ ਹੈ। ਪਾਰਟੀ ਦੀ ਪੰਜਾਬ ਦੀਆਂ ਬੀਬੀਆਂ ਨੇ ਦਿੱਲੀ ਇਕਾਈ ਦੀਆਂ ਬੀਬੀਆਂ ਦਾ ਸਾਥ ਹਾਸਲ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਇਸ ਨਿਯੁਕਤੀ ਨੂੰ ਮੁੜ ਚੁਣੌਤੀ ਦਿੱਤੀ ਹੈ।
ਅਕਾਲੀ ਦਲ ਦੀ ਸੀਨੀਅਰ ਆਗੂ ਪਰਮਜੀਤ ਕੌਰ ਲਾਂਡਰਾ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ (ਦਿੱਲੀ ਸਟੇਟ) ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਬੀਬੀ ਰਣਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਦਿੱਲੀ ਇਕਾਈ ਦੀ ਕੋਰ ਕਮੇਟੀ ਦੀਆਂ ਬੀਬੀਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ ਸਿਰਮੌਰ ਜਥੇਬੰਦੀ ਹੈ, ਜਿਸ ਦਾ ਇਤਿਹਾਸ ਸ਼ਾਨਾਮੱਤਾ ਤੇ ਕੁਰਬਾਨੀਆਂ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੇ ਆਪਣੇ ਪੰਥਕ ਸਿਧਾਂਤ ਤੇ ਪਰਪੱਕ ਵਿਚਾਰਧਾਰਾ ਹੈ, ਜਿਸ ਤੋਂ ਪਾਰਟੀ ਪਿਛਲੇ ਕੁਝ ਸਮੇਂ ਤੋਂ ਥਿੜਕਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਕੁਝ ਦਿਨ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਗ਼ੈਰ ਅਕਾਲੀ, ਗ਼ੈਰ ਪੰਥਕ, ਆਂਗਣਵਾੜੀ ਵਰਕਰ ਦੀ ਬਤੌਰ ਪ੍ਰਧਾਨ ਨਿਯੁਕਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾ ਆਗੂਆਂ ਦੀ ਤਰਜ਼ ‘ਤੇ ਪਾਰਟੀ ਦੇ ਤਾਨਾਸ਼ਾਹੀ ਹੁਕਮ ਨੂੰ ਰੱਦ ਕਰਦਿਆਂ ਇਸਤਰੀ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਸੁਖਬੀਰ ਸਿੰਘ ਬਾਦਲ ਦੇ ਇਸ ਫ਼ੈਸਲੇ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ। ਉਨ੍ਹਾਂ ਸੁਖਬੀਰ ਤੋਂ ਇਹ ਮੰਗ ਵੀ ਕੀਤੀ ਹੈ ਕਿ ਇਸ ਫ਼ੈਸਲੇ ‘ਤੇ ਮੁੜ ਵਿਚਾਰ ਕਰਨ।
ਕਾਂਗਰਸ ਪਾਰਟੀ ਦੇ ਸਾਬਕਾ ਸੰਸਦੀ ਸਕੱਤਰ ਗੁਰਬਿੰਦਰ ਸਿੰਘ ਅਟਵਾਲ ਦਾ ਦਿਹਾਂਤ
ਫਿਲੌਰ : ਸੰਸਦੀ ਸਕੱਤਰ ਅਤੇ ਹਲਕਾ ਨੂਰਮਹਿਲ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਬਿੰਦਰ ਸਿੰਘ ਅਟਵਾਲ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਆਪਣੇ ਰਿਸ਼ਤੇਦਾਰਾਂ ਨਾਲ ਸ੍ਰੀਨਗਰ ਗਏ ਹੋਏ ਸਨ, ਜਿਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮੌਤ ਦਾ ਕਾਰਨ ਦਿਮਾਗ ਦੀ ਨਸ ਫਟਣਾ ਦੱਸਿਆ ਜਾ ਰਿਹਾ ਹੈ। ਉਹ ਕਾਂਗਰਸ ਵਿਚ ਅੱਜ-ਕੱਲ੍ਹ ਨਵਜੋਤ ਸਿੱਧੂ ਨੇ ਨੇੜੇ ਸਮਝੇ ਜਾਂਦੇ ਸਨ। ਅਟਵਾਲ ਕਿੱਤੇ ਵਜੋਂ ਵਕੀਲ ਸਨ। ਉਨ੍ਹਾਂ ਕਾਂਗਰਸ ਵੱਲੋਂ 1992 ‘ਚ ਪਹਿਲੀ ਵਾਰ ਹਲਕਾ ਨੂਰਮਹਿਲ ਤੋਂ ਚੋਣ ਲੜੀ ਅਤੇ 12,749 ਵੋਟ ਪ੍ਰਾਪਤ ਕਰਕੇ ਸੀਪੀਐੱਮ ਦੇ ਕੁਲਵੰਤ ਸਿੰਘ ਸੰਧੂ ਨੂੰ 244 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਕਾਂਗਰਸ ਵੱਲੋਂ 1997 ਦੌਰਾਨ ਟਿਕਟ ਨਾ ਦੇਣ ਤੋਂ ਖਫ਼ਾ ਹੋ ਕੇ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ, ਜਿਸ ਵਿੱਚ ਉਨ੍ਹਾਂ ਨੂੰ 448 ਵੋਟਾਂ ਦੇ ਫਰਕ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ 2002 ‘ਚ ਬਤੌਰ ਕਾਂਗਰਸ ਉਮੀਦਵਾਰ 9279 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ, ਇਸੇ ਦੌਰਾਨ ਉਨ੍ਹਾਂ ਨੂੰ ਸੰਸਦੀ ਸਕੱਤਰ ਬਣਾਇਆ ਗਿਆ। ਸਾਲ 2007 ਵਿੱਚ 5418 ਵੋਟਾਂ ਦੇ ਫਰਕ ਨਾਲ ਉਨ੍ਹਾਂ ਨੂੰ ਮੁੜ ਹਾਰ ਦੇਖਣੀ ਪਈ। ਹਲਕਾ ਨੂਰਮਹਿਲ ਖ਼ਤਮ ਹੋਣ ਉਪਰੰਤ ਉਹ ਹਲਕਾ ਨਕੋਦਰ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਰਹੇ। 2017 ਦੌਰਾਨ ਉਨ੍ਹਾਂ ਨੂੰ ਹਲਕਾ ਭੁਲੱਥ ਤੋਂ ਕਾਂਗਰਸ ਨੇ ਟਿਕਟ ਦਿੱਤੀ ਪਰ ਉਨ੍ਹਾਂ ਚੋਣ ਲੜਨ ਤੋਂ ਇਨਕਾਰ ਕਰ ਕੇ ਹਲਕਾ ਨਕੋਦਰ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜੀ, ਜਿਸ ‘ਚ ਉਨ੍ਹਾਂ ਨੂੰ ਸਿਰਫ਼ 1664 ਵੋਟ ਹੀ ਮਿਲੇ।

 

Check Also

ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਦੱਸਿਆ ਵਧੀਆ

ਕਿਹਾ : ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਏ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ …