Breaking News
Home / ਪੰਜਾਬ / ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਭਾਜਪਾ ਪੱਬਾਂ ਭਾਰ

ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਭਾਜਪਾ ਪੱਬਾਂ ਭਾਰ

ਸ਼ੇਖਾਵਤ ਨੇ ਕਿਹਾ : ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸੂਬੇ ’ਚ ਨਜ਼ਰ ਆਵੇਗਾ ਵੱਡਾ ਬਦਲਾਅ
ਫਿਰੋਜ਼ਪੁਰ/ਬਿਊਰੋ ਨਿਊਜ਼
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਲਈ ਬਹੁਤ ਘੱਟ ਸਮਾਂ ਰਹਿ ਗਿਆ ਹੈ ਅਤੇ ਕਿਸੇ ਸਮੇਂ ਵੀ ਹੁਣ ਚੋਣਾਂ ਦਾ ਐਲਾਨ ਹੋ ਸਕਦਾ ਹੈ। ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਜ਼ੋਰ ਸ਼ੋਰ ਨਾਲ ਚੋਣ ਰੈਲੀਆਂ ਦਾ ਸਿਲਸਿਲਾ ਜਾਰੀ ਹੈ। ਇਸੇ ਦੌਰਾਨ ਆਉਂਦੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਫਿਰੋਜ਼ਪੁਰ ਵਿਚ ਪਹੁੰਚ ਕੇ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਇਤਿਹਾਸ ਬਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿੱਤਾ ਹੈ।
ਇਸ ਦੇ ਚੱਲਦਿਆਂ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਫਿਰੋਜ਼ਪੁਰ ’ਚ ਮੀਟਿੰਗ ਵੀ ਕੀਤੀ। ਸ਼ੇਖਾਵਤ ਨੇ ਦੂਜੀਆਂ ਸਿਆਸੀ ਪਾਰਟੀਆਂ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਵਰਕਰਾਂ ਦਾ ਸਨਮਾਨ ਵੀ ਕੀਤਾ। ਫਿਰੋਜ਼ਪੁਰ ਦੇ ਸਰਕਟ ਹਾਊਸ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੇਖਾਵਤ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਹੁਣ ਇਹ ਉਨ੍ਹਾਂ ਲਈ ਸਿਰਫ ਇਕ ਟੈਸਟ ਹੈ। ਉਨ੍ਹਾਂ ਕਿਹਾ ਕਿ ਨੌਕਰੀਆਂ ਲਈ ਸੜਕਾਂ ’ਤੇ ਧਰਨੇ ਦੇਣ ਵਾਲੇ ਨੌਜਵਾਨਾਂ ਨੂੰ ਕਾਂਗਰਸ ਗੁੰਮਰਾਹ ਕਰ ਰਹੀ ਹੈ। ਸ਼ੇਖਾਵਤ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਾਂ ਪਰਗਟ ਸਿੰਘ ਦੇ ਘਰਾਂ ਦੇ ਬਾਹਰ ਚੱਲ ਰਿਹਾ ਧਰਨਾ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਲੋਕ ਕਿੰਨੇ ਦੁਖੀ ਹਨ। ਸ਼ੇਖਾਵਤ ਨੇ ਦਾਅਵਾ ਕੀਤਾ ਕਿ ਚੋਣ ਜ਼ਾਬਤਾ ਲਾਗੂ ਹੁੰਦੇ ਹੀ ਪੰਜਾਬ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ।

Check Also

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ

ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …